ਭੀਖੀ/ ਮਾਨਸਾ, 8 ਜੂਨ (ਪੰਜਾਬ ਪੋਸਟ- ਕਮਲ ਕਾਂਤ) – ਮਾਨਸਾ ਬਰਨਾਲਾ ਰੋਡ ਵਿਖੇ ਸਥਿਤ ਕੈਂਚੀਆਂ `ਤੇ ਸਥਾਪਿਤ ਸਪੋਰਟਸ ਚੌਂਕ ਜਿਸ ਨੂੰ ਪਹਿਲਾਂ ਵੀ ਖੇਡ੍ਹਾਂ ਵਿਚ ਗੋਲਡ ਤੇ ਸਿਲਵਰ ਮੈਡਲ ਜਿੱਤ ਕੇ ਜਿਲ੍ਹੇ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਦੀਆਂ ਤਸਵੀਰਾਂ ਨਾਲ ਸ਼ਿੰਗਾਰਿਆ ਗਿਆ ਸੀ, ਉਥੇ ਹੀ ਹੁਣ ਜ਼ਿਲ੍ਹੇ ਦੇ ਉਨ੍ਹਾਂ ਮੱਲਾਂ ਮਾਰਨ ਵਾਲੇ ਖਿਡਾਰੀਆਂ ਵਿਚ ਤਿੰਨ ਨਵੇਂ ਚਿਹਰੇ ਹੋਰ ਜੁੜ ਗਏ ਹਨ ਜਿੰਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿਚ ਕਾਮਯਾਬੀ ਹਾਸਲ ਕਰਕੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਨਸਾ ਦੇ ਪਿੰਡ ਦਾਤੇਵਾਸ ਦਾ ਨੌਜਵਾਨ ਬਲਪ੍ਰੀਤ ਸਿੰਘ ਅਮੇਰੀਕਨ ਫੁਟਬਾਲ ਟੀਮ ਵਿਚ ਸਪੇਨ ਵਿਚ ਹੋ ਰਹੀ ਵਿਸ਼ਵ ਫੁਟਬਾਲ ਚੈਂਪੀਅਨਸ਼ਿਪ ਵਿਚ ਭਾਗ ਲੈ ਰਿਹਾ ਹੈ।ਇਸ ਦੇ ਨਾਲ ਹੀ ਪਿੰਡ ਬਾਜੇਵਾਲਾ ਦੇ ਖਿਡਾਰੀ ਅਮ੍ਰਿਤਪਾਲ ਸਿੰਘ ਦੀ ਭਾਰਤੀ ਫੁਟਬਾਲ (4 ਸਾਈਡ) ਟੀਮ ਵਿੱਚ ਚੋਣ ਹੋਈ ਹੈ ਅਤੇ ਮਾਨਸਾ ਦੇ ਹੀ ਪਿੰਡ ਜਟਾਣਾ ਕਲਾਂ ਦੇ ਇਕ ਹੋਰ ਨੌਜਵਾਨ ਰਮਨਵੀਰ ਸਿੰਘ ਨੇ ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ `ਤੇ ਤਿਰੰਗਾ ਲਹਿਰਾ ਕੇ ਪੰਜਾਬ ਦਾ ਹੀ ਨਹੀਂ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਨਸਾ ਦੇ ਨੌਜਵਾਨ ਹਰ ਖੇਤਰ ਵਿਚ ਨਿਪੁੰਨ ਹਨ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਮੁੰਡੇ ਕੁੜੀਆਂ ਹਰ ਖੇਤਰ ਵਿਚ ਮੱਲਾਂ ਮਾਰ ਰਹੇ ਹਨ ਅਤੇ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਦੀ ਹਮੇਸ਼ਾ ਹੌਂਸਲਾ ਅਫ਼ਜਾਈ ਕੀਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਇਸੇ ਤਹਿਤ ਮਾਨਸਾ ਦੇ ਸਪੋਰਟਸ ਚੌਂਕ ਵਿਚ ਹੋਰ ਖਿਡਾਰੀਆਂ ਦੇ ਨਾਲ ਨਾਲ ਇਨ੍ਹਾਂ ਤਿੰਨ ਨੌਜਵਾਨਾਂ ਦੀਆਂ ਤਸਵੀਰਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ ਤਾਂ ਜੋ ਹੋਰ ਨੌਜਵਾਨ ਮੁੰਡੇ ਕੁੜੀਆਂ ਵੀ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣ ਅਤੇ ਜ਼ਿੰਦਗੀ ਵਿਚ ਕਾਮਯਾਬੀ ਹਾਸਲ ਕਰ ਸਕਣ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media