ਲੌਂਗੋਵਾਲ, 2 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਨਸ਼ਿਆਂ ਨੂੰ ਜੜੋਂ
ਖਤਮ ਕਰਨ ਲਈ ਸੁਰੂ ਕੀਤੀ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਜ਼ਿਲ੍ਹੇ ਵਿੱਚ ਸਥਾਪਤ 11 ਆਊਟ ਪੇਸ਼ੈਂਟ ਓਪਿਆਡ ਅਸਿਸਟਡ ਟਰੀਟਮੈਂਟ ਕਲੀਨਿਕਾਂ ਅੰਦਰ ਮਈ 2017 ਤੋਂ ਹੁਣ ਤੱਕ ਨਸ਼ਿਆਂ ਨੂੰ ਹਮੇਸਾ ਲਈ ਅਲਵਿਦਾ ਕਹਿਣ ਦੇ ਮਕਸਦ ਨਾਲ 2597 ਮਰੀਜ਼ਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਜਿਨ੍ਹਾਂ ਦਾ ਓਟ ਕਲੀਨਿਕਸ ਰਾਹੀ ਮਾਹਿਰ ਡਾਕਟਰਾਂ ਵੱਲੋਂ ਮੁਫ਼ਤ ਦਵਾਈ ਨਾਲ ਇਲਾਜ ਕੀਤਾ ਜਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ 1 ਜਨਵਰੀ 2019 ਤੋਂ 26 ਜੂਨ 2019 ਤੱਕ ਕਰੀਬ 816 ਮਰੀਜ਼ ਨਸ਼ਾ ਛੱਡਣ ਦੀ ਆਸ ਨਾਲ ਇਨ੍ਹਾਂ ਵੱਖ-ਵੱਖ ਓਟ ਕਲੀਨਿਕਸ ਤੋਂ ਦਵਾਈ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ 6 ਮਹੀਨੇ ਅੰਦਰ ਨਸ਼ਾ ਛੁਡਾਊ ਕੇਂਦਰ ਘਾਬਦਾ ਵਿਖੇ 128, ਓਟ ਕਲੀਨਿਕ ਮਲੇਰਕੋਟਲਾ ਵਿਖੇ 364, ਓਟ ਕਲੀਨਿਕ ਸੁਨਾਮ ਵਿਖੇ 46, ਓਟ ਕਲੀਨਿਕ ਮੂਨਕ ਵਿਖੇ 54, ਓਟ ਕਲੀਨਿਕ ਧੂਰੀ ਵਿਖੇ 97, ਓਟ ਕਲੀਨਿਕ ਅਹਿਮਦਗੜ੍ਹ ਵਿਖੇ 30, ਓਟ ਕਲੀਨਿਕ ਸ਼ੇਰਪੁਰ ਵਿਖੇ 29, ਓਟ ਕਲੀਨਿਕ ਲੌਂਗੋਵਾਲ ਵਿਖੇ 1, ਓਟ ਕਲੀਨਿਕ ਅਮਰਗੜ੍ਹ `ਚ 61, ਓਟ ਕਲੀਨਿਕ ਲਹਿਰਾਗਾਗਾ ਵਿਖੇ 6 ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਪਹੁੰਚੇ। ਉਨ੍ਹਾਂ ਦੱਸਿਆ ਕਿ ਹੁਣ ਤੱਕ 739 ਮਰੀਜ਼ ਦਵਾਈ ਨਾਲ ਨਸ਼ਿਆਂ ਦੀ ਆਦਤ ਤੋਂ ਦੂਰੀ ਬਣਾ ਕੇ ਨਿਰੋਗ ਜਿੰਦਗੀ ਜਿਊਣ ਲਈ ਤਿਆਰ ਹੋ ਗਏ ਹਨ ਅਤੇ ਨਸ਼ਿਆਂ ਦੀ ਨਾਮੁਰਾਦ ਬਿਮਾਰੀ ਨੂੰ ਅਲਵਿਦਾ ਆਖਣ ਲੱਗੇ ਹਨ ਅਤੇ ਦਵਾਈ ਦੀ ਮਾਤਰਾ ਵੀ ਨਾਮਾਤਰ ਹੋ ਗਈ ਹੈ।
ਥੋਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਦਲਦਲ ਵਿੱਚ ਫਸੇ ਵਿਅਕਤੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਲਈ ਆਰੰਭੀ ਇਸ ਮੁਹਿੰਮ ਦੇ ਤਹਿਤ ਪੇਂਡੂ ਪੱਧਰ `ਤੇ ਸਿਹਤ ਸੇਵਾਵਾਂ ਅਤੇ ਨਸ਼ੇ ਦੇ ਆਦੀ ਮਰੀਜ਼ਾਂ ਨੂੰ ਇਲਾਜ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ, ਸਿਹਤ ਵਿਭਾਗ ਵੱਲੋਂ ਘਾਬਦਾ, ਮਲੇਰਕੋਟਲਾ, ਸੁਨਾਮ, ਮੂਨਕ, ਧੂਰੀ, ਅਹਿਮਦਗੜ੍ਹ, ਸ਼ੇਰਪੁਰ, ਲੌਂਗੋਵਾਲ, ਅਮਰਗੜ੍ਹ, ਲਹਿਰਾਗਾਗਾ ਅਤੇ ਕੌਹਰੀਆਂ ਵਿਖੇ ਸਾਰੇ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਓ.ਓ.ਏ.ਟੀ. ਕਲੀਨਿਕਾਂ ਦੀ ਸਥਾਪਨਾ ਕੀਤੀ ਗਈ ਹੈ ਅਤੇ ਇਸ ਸਮੇਂ ਸੰਗਰੂਰ ਵਿੱਚ 11 ਓ.ਓ.ਏ.ਟੀ. ਕਲੀਨਿਕ ਸਥਾਪਤ ਕੀਤੇ ਗਏ ਹਨ ਜਿੱਥੇ ਨਸ਼ੇ ਦੇ ਆਦੀ ਮਰੀਜਾਂ ਨੂੰ ਹਸਪਤਾਲ ਵਿੱਚ ਦਾਖ਼ਲ ਕੀਤੇ ਬਿਨਾਂ ਹੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ
ਥੋਰੀ ਨੇ ਦੱਸਿਆ ਕਿ ਪਿਛਲੇ ਦਿਨੀ ਜਦੋਂ ਉਨ੍ਹਾਂ ਨੇ ਓਟ ਕਲੀਨਿਕਾਂ ਦਾ ਦੌਰਾ ਕੀਤਾ ਸੀ ਤਾਂ ਮਰੀਜ਼ਾਂ ਨੇ ਮੰਗ ਕੀਤੀ ਸੀ ਕਿ ਇਲਾਜ ਕਰਵਾਉਣ ਵਾਲਿਆਂ ਨੂੰ ਲਗਾਤਾਰ ਤਿੰਨ ਦਿਨਾਂ ਦੀ ਦਵਾਈ ਦਿੱਤੀ ਜਾਵੇ ਜਿਸ ਦੇ ਮੱਦੇਨਜ਼ਰ ਸਰਕਾਰ ਨੂੰ ਇਸ ਸਬੰਧੀ ਲਿਖਣ ਦੇ ਨਾਲ-ਨਾਲ ਜਿਲ੍ਹੇ `ਚ ਕੁੱਝ ਹੋਰ ਓਟ ਕਲੀਨਿਕ ਸਥਾਪਿਤ ਕਰਨ ਲਈ ਵੀ ਲਿਖਿਆ ਗਿਆ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਵਧੀਆ ਇਲਾਜ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ, ਟੀਮਾਂ ਜਿਸ ਵਿੱਚ ਮੈਡੀਕਲ ਅਫ਼ਸਰ, ਫਾਰਮਾਸਿਸਟ, ਸਟਾਫ਼ ਨਰਸ ਅਤੇ ਡਾਟਾ ਐਂਟਰੀ ਓਪਰੇਟਰ ਸ਼ਾਮਿਲ ਹਨ, ਨੂੰ ਸਮਰੱਥਾ ਨਿਰਮਾਣ ਸਿਖਲਾਈ (ਕਪੈਸਟੀ ਬਿਲਡਿੰਗ ਟ੍ਰੇਨਿੰਗ) ਦਿੱਤੀ ਗਈ ਹੈ।ਵਿਭਾਗ ਵੱਲੋਂ ਸਿਰਫ਼ ਗੰਭੀਰ ਮਰੀਜਾਂ ਨੂੰ ਹੀ ਇਨਡੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਜਿਆਦਾਤਰ ਮਰੀਜਾਂ ਨੂੰ ਓ.ਪੀ.ਡੀ ਵਿੱਚ ਹੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਇਹਨਾਂ ਕੇਂਦਰਾਂ ਦੀ ਸਹੀ ਕਾਰਗੁਜ਼ਾਰੀ ਲਈ ਮੈਡੀਕਲ ਅਫ਼ਸਰਾਂ, ਕਾਉਂਸਲਰਾਂ, ਸਟਾਫ਼ ਨਰਸਾਂ ਅਤੇ ਡਾਟਾ ਐਂਟਰੀ ਓਪਰੇਟਰਾਂ ਨੂੰ ਪਹਿਲਾਂ ਹੀ ਸਿਖਲਾਈ ਦਿੱਤੀ ਜਾ ਚੁੱਕੀ ਹੈ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media