ਅੰਮ੍ਰਿਤਸਰ, 2 ਜੁਲਾਈ (ਪੰਜਾਬ ਪੋਸਟ – ਦੀਪ ਦਵਿੰਦਰ) – ਪੰਜਾਬ ਦੀ ਪ੍ਰਸਿੱਧ ਨਾਟ ਸੰਸਥਾ ਮੰਚ ਰੰਗਮੰਚ (ਰਜਿ.) ਅਤੇ ਵਿਰਸਾ ਵਿਹਾਰ
ਅੰਮ੍ਰਿਤਸਰ ਵੱਲੋਂ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ 16 ਵੇਂ ਪੰਜਾਬ ਥੀਏਟਰ ਫੈਸਟੀਵਲ ਦੇ ਤੀਸਰੇ ਦਿਨ ਤਿੰਨ ਕਹਾਣੀਆਂ ਉੱਪਰ ਨਾਟਕ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਪੇਸ਼ ਕੀਤਾ ਗਿਆ।ਪਹਿਲੀ ਕਹਾਣੀ ਦਾ ਮੰਚਣ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਅਦਾਕਾਰਾ ਜਤਿੰਦਰ ਕੌਰ ਪੰਜਾਬੀ ਨਾਟਕ ‘ਮੀ-ਲਾਰਡ’ ਵਿੱਚ ਭੂਮਿਕਾ ਨਿਭਾਈ।ਦੂਸਰਾ ਨਾਟਕ ਰਵਿੰਦਰ ਰਵੀ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਚੋਂਕ’ ਦਾ ਮੰਚਣ ਕੀਤਾ ਗਿਆ।ਤੀਸਰਾ ਨਾਟਕ ਰਵਿੰਦਰ ਰਵੀ ਦਾ ਹੀ ਲਿੱਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਸਿਫ਼ਰ’ ਦਾ ਮੰਚਣ ਕੀਤਾ ਗਿਆ।
ਮੀ ਲਾਰਡ ਨਾਟਕ-
ਕਹਾਣੀ ‘ਮੀ ਲਾਰਡ’ ਦੇ ਰਾਹੀਂ ਛੋਟੀ ਉਮਰੇ ਇੰਗਲੈਂਡ ਦੀ ਧਰਤੀ ਤੇ ਵਿਆਹੀ ਗਈ ਇਕ ਧੀ ਦੀ ਕਥਾ ਹੈ, ਵੱਡੀ ਉਮਰ ਦੇ ਹੰਕਾਰੀ ਮਰਦ ਦੀ ਗੁਲਾਮੀ ਕਰਦੀ ਹੋਈ ਸੱਤਰ ਸਾਲ ਦੀ ਔਰਤ ਆਪਣੇ ਪਤੀ ਅਤੇ ਮਰੇ ਹੋਏ ਪਿਓ ਉਤੇ ਮੁੱਕਦਮਾ ਦਾਇਰ ਕਰਦੀ ਹੈ, ਇਹ ਕਹਾਣੀ ਹਜ਼ਾਰਾਂ ਲੱਖਾਂ ਧੀਆਂ ਦੇ ਦਰਦ ਨੂੰ ਬਿਆਨ ਕਰਦੀ ਹੈ।ਜਤਿੰਦਰ ਕੌਰ ਨੇ ਇਸ ਕਹਾਣੀ ਰਾਹੀਂ ਬਾਖੂਬੀ ਔਰਤ ਮਨ ਦੀ ਸੰਵੇਦਨਾ ਦੀਆਂ ਤਹਿਆਂ ਫਰੋਲੀਆਂ ਹਨ।
ਚੋਂਕ ਤੇ ਸਿਫ਼ਰ –
ਚੋਂਕ ਨਾਟਕ ਕਈ ਪ੍ਰਤੀਕਾਂ ਤੇ ਬਿੰਬਾਂ ਰਾਹੀਂ ਪੇਸ਼ ਕੀਤਾ ਗਿਆ ਹੈ। ਬਿੰਬ ਆਦਿ ਦ੍ਰਿਸ਼ ਵਿੱਚ ਨਾਟਕਕਾਰ (ਜਿਸ ਦੀ ਥਾਂ ਨਿਰਦੇਸ਼ਕ ਜਾਂ ਕੋਈ ਹੋਰ ਵੀ ਹੋ ਸਕਦਾ ਹੈ) ਦਰਸ਼ਕਾਂ ਨੂੰ ਸੰਬੋਧਨ ਕਰਦਾ ਹੈ ਤੇ ਨਾਟਕ ਦੀ ਵਿਧੀ ਨਾਲ ਜੋੜਦਾ ਹੈ। ਉਸ ਪਿਛੋਂ ਇਸ ਕਾਵਿ-ਨਾਟ ਦੇ ਛੋਟੇ ਛੋਟੇ ਦ੍ਰਿਸ਼ ਹਨ। ਕਾਵਿ-ਨਾਟਕ ‘ਜਾਗੋ’ ਅਤੇ ‘ਸੋਤੇ’ ਦੇ ਗੀਤ ਅਤੇ ਸਥਿਤੀ ਤੋਂ ਸ਼ੁਰੂ ਹੁੰਦਾ ਹੈ।ਜਦੋਂ ਵੀ ਸੂਤਰਧਾਰ ਦਾ ਦ੍ਰਿਸ਼ ਆਉਂਦਾ ਹੈ, ਪਿਛੋਕੜ ਤੋਂ ਚੌਕ ਵੱਲ ਆ ਰਹੇ ਟਰੈਫਿਕ ਦਾ ਸ਼ੋਰ ਹੈ ਉਸ ਪਿੱਛੋਂ ਨੇਤਾਵਾਂ ਚਿੰਤਕਾਂ ਵੱਲੋਂ ਪੈਦਾ ਕੀਤੇ ਚਿੰਤਨਾਂ ਦੇ ਸ਼ੋਰ ਵੱਲ ਸੰਕੇਤ ਹੈ, ਗਿਆਨ ਵਿਗਿਆਨ ਨੇ ਵੀ ਇਕ ਚੋਕ ਦੀ ਸਥਿਤੀ ਪੈਦਾ ਕੀਤੀ ਹੈ, ਆਦਮ ਹੱਵਾਂ ‘ਅੰਨੇ੍ਹ ਖੂਹ’ ਦੇ ਪ੍ਰਤੀਕ ਰਾਹੀਂ ਇਸ ਖੜੋਤ ਨੂੰ ਪ੍ਰਗਟ ਕਰਦੇ ਹਨ। ਸੂਤਰਧਾਰ ਜਿਨ੍ਹਾਂ ਪਾਤਰਾਂ ਦਾ ਸੰਖੇਪ ਦ੍ਰਿਸ਼ਾਂ ’ਚ ਜ਼ਿਕਰ ਕਰਦਾ ਹੈ ਅਗਲੇ ਦ੍ਰਿਸ਼ਾਂ ’ਚ ਉਨ੍ਹਾਂ ਦਾ ਪਾਸਾਰ ਹੈ। ਗਾਂਧੀ ਦੇ ਤਿੰਨ ਬਾਂਦਰ, ਚਾਰ ਪਾਗ਼ਲ, ਗਿਆਰਾਂ ਕਵੀਆਂ ਦੀ ਬੋਧਿਕਤਾ, ਇਸੇ ਐਬਸਰਡ ਸਥਿਤੀ ਤੇ ਸਵੈ-ਕਟਾਖਸ਼ੀ ਭਾਸ਼ਾ ਵਿੱਚ ਪੇਸ਼ ਹੁੰਦੇ ਹਨ। ਅੰਤ ਤੇ ਦੀਪਕ ਤੇ ਰੋਸ਼ਨੀ ਵੀ ਇਸੇ ਚੋਰਾਹੇ ’ਤੇ ਪਹੁੰਚ ਮਨਫ਼ੀ ਹੋ ਜਾਣ ਦੇ ਕਾਇਲ ਹਨ। ਜ਼ਿੰਦਾ ਹਨ ਤਾਂ ਕੇਵਲ ਮਾਰੋ, ਲੁੱਟੋ ਦੀਆਂ ਆਵਾਜ਼ਾਂ। ਲਾਠੀ, ਗੋਲੀ, ਜ਼ਿੰਦਾਬਾਦ। ਅੰਤਲਾ-ਦ੍ਰਿਸ਼ ਫਿਰ ‘ਜਾਗੋ’ ਦਾ ਏ, ਪਰ ‘ਜਾਗੋ’ ਦੇ ਵਿਚਲੇ ‘ਚੌਕ’ ਨਾਟਕ ਹੈ। ਇਕ ਚੌਕ ਤੋਂ ਵਧ ਕੇ ਹੋਰ ਚੌਕ ਬਣ ਗਏ ਹਨ। ਇਸ ਨਾਟਕ ਚਾਹਤ, ਅੰਕਿਤਾ, ਬਬਲੀ ਸਿੰਘ, ਗੁਰਪ੍ਰੀਤ, ਨਵਰਾਜ, ਐਮ. ਪੀ. ਮਸੀਹ, ਤੁਸ਼ਾਰ, ਗੁਰਜੰਟ, ਬਲਰਾਜ, ਮੁਹੰਮਦ ਅਲੀ, ਹੂਨਰਦੀਪ, ਸਾਜਨ, ਧਿਆਨ ਚੰਦ, ਕਮਲ, ਭੂਪਿੰਦਰ ਸ਼ਰਮਾ, ਪਿਯੂਸ਼, ਸੂਰਜ, ਹਰਪ੍ਰੀਤ, ਜੋਹਨਪਾਲ, ਨੂਰੂਦੀਨ, ਗਣੇਸ਼, ਨਵਪ੍ਰੀਤ, ਜਸਵੰਤ, ਬਲਰਾਜ, ਸਾਗਰ, ਨਵੀਨ, ਸੁਨੀਲ ਸਿੰਘ, ਜਸਪਾਲ, ਕਮਲਦੀਪ, ਰਜੇਸ਼ ਕੁਮਾਰ ਆਦਿ ਵਿਦਿਆਰਥੀਆਂ ਨੇ ਵੱਖ-ਵੱਖ ਭੂਮਿਕਾਵਾਂ ਨਿਭਾਇਆ।
ਨਾਟਕ ਨੂੰ ਦੇਖਣ ਲਈ ਕੇਵਲ ਧਾਲੀਵਾਲ, ਡਾ. ਅਰਵਿੰਦਰ ਕੌਰ ਧਾਲੀਵਾਲ, ਜਸਵੰਤ ਸਿੰਘ ਜੱਸ, ਸੁਮੀਤ ਸਿੰਘ, ਅਮਨ ਭੋਗਲ, ਨਰਿੰਦਰ ਸਾਂਘੀ, ਪ੍ਰੀਤਪਾਲ ਰੁਪਾਨਾ ਆਦਿ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ।
Punjab Post Daily Online Newspaper & Print Media