ਦੱਸ ਤਾਇਆ ਖੁੱਲ ਕੇ ਆਪਣੇ ਪਰਿਵਾਰ ਦੀ ਕਹਾਣੀ ਤੂੰ
ਪਿੰਡ ਵਿਚੋ ਸੁਣਿਆ ਏ ਮੈ ਤੂ ਤਾਂ ਬਹੁਤਾ ਹਸਮੁੱਖ ਸੀ
ਪੀੜਾਂ ਦਾ ਪਰਾਗਾ ਕਿੰਝ ਤੇਰੇ ਤੇਰੇ ਪੱਲੇ ਪੈ ਗਿਆ
ਸੋਹਣਾ ਤੇ ਸੁਨੱਖਾ ਏ ਤੂ ਫਿਰ ਕਿਉਂ ਛੜਾ ਰਹਿ ਗਿਆ।
ਮੇਰਾ ਵੀ ਪੁੱਤਾ ਹੁੰਦਾ ਇੱਕ ਸੋਹਣਾ ਪਰਿਵਾਰ ਸੀ
ਮੈਨੂੰ ਬੜਾ ਚੰਗਾ ਲੱਗਦਾ ਹੁੰਦਾ ਏ ਕਦੇ ਸੰਸਾਰ ਸੀ
ਭੈਣਾ ਭਾਈਆਂ ਵਿੱਚਕਾਰ ਸਾਡਾ ਗੂੜ੍ਹਾ ਪਿਆਰ ਸੀ
ਸਾਰਿਆਂ ਨੂੰ ਇੱਕ ਦੂਜੇ ਉਤੇ ਕਦੇ ਬੜਾ ਇਤਬਾਰ ਸੀ।
ਨਜ਼ਰ ਖੌਰੇ ਕਿਹੜੇ ਚੰਦਰੇ ਦੀ ਸਾਡੀਆਂ ਖੁਸ਼਼ੀਆਂ ਨੂੰ ਖਾ ਗਈ
ਫੇਰ ਪੁੱਤਰਾ ਸਾਡੇ ਉਤੇ ਘੜੀ ਇਹ ਕੁਲੈਹਣੀ ਆ ਗਈ
ਹੱਸਦੇ ਵੱਸਦੇ ਪਰਿਵਾਰ ਤੇ ਉਦਾਸੀ ਡਾਢੀ ਛਾ ਗਈ
ਸਮੇਂ ਦੀ ਮਾਰ ਪਈ ਸਾਡੇ ਘਰ ਪਰਿਵਾਰ `ਤੇ ਸੱਟ ਡੂੰਘੀ ਲਾ ਗਈ।
ਪੰਦਰਾਂ ਦਾ ਹੋਇਆ ਸੋਲਵੇ ਵਰੇ `ਚ ਜਦ ਧਰਿਆ ਮੈ ਪੈਰ ਸੀ
ਸਾਡੇ ਪਰਿਵਾਰ ਉਤੇ ਰੱਬ ਨੇ ਵਰਤਾਇਆ ਕਹਿਰ ਸੀ
ਮਾਂ ਕੈਂਸਰ ਨੇ ਖਾ ਲਈ ਬਾਪੂ ਸੱਪ ਨੇ ਲਿਆ ਡੰਗ ਸੀ
ਤਿੰਨ ਭਾਈ ਦੋ ਭੈਣਾਂ ਦੇ ਚਿਹਰਿਆ ਤੋਂ ਉਡ ਗਏ ਰੰਗ ਸੀ।
ਕਰੀ ਮਿਹਨਤ ਮੈ ਰੱਜ ਕੇ ਨਾ ਦਿਲ ਨੂੰ ਡੁਲਾਇਆ ਸੀ
ਮੰਨ ਰੱਬ ਦਾ ਭਾਣਾ ਵੱਡਾ ਦੁੱਖ ਹੌਲੀ ਹੌਲੀ ਅਸਾਂ ਨੇ ਭੁਲਾਇਆ ਸੀ
ਸਮਾਂ ਬਦਲ ਗਿਆ ਸਾਡੇ ਵੇਹੜੇ ਖੁਸ਼ੀਆਂ ਵੀ ਫੇਰਾ ਪਾ ਗਈਆਂ
ਬੜਾ ਮਾਣ ਹੋਇਆ ਆਪਣੇ `ਤੇ ਕਿ ਚਲੋ ਮਿਹਨਤਾਂ ਰਾਸ ਆ ਗਈਆਂ।
ਭੈਣਾਂ ਹੋਈਆਂ ਮੁਟਿਆਰ ਵਾਰੋ ਵਾਰੀ ਗਈਆਂ ਸਹੁਰੇ ਤੁਰ ਸੀ
ਭਾਈ ਵਿਆਹ ਕਰਵਾ ਹੋ ਗੇ ਬੇਗਾਨੇ ਗਏ ਨਵੀਆਂ ਸਕੀਰੀਆ ਨਾਲ ਜੁੜ ਸੀ
ਦੁਨੀਆਂ ਦੀ ਭੀੜ ਵਿੱਚ ਇੱਕ ਵਾਰ ਫੇਰ ਮੈ ਕੱਲਾ ਰਹਿ ਗਿਆ
ਭੈਣ ਭਾਈ ਵਿਆਉਂਦਾ ਵਿਆਉਦਾ ਥੋਡਾ ਬਿਛਨਾ ਤਾਇਆ ਛੜਾ ਰਹਿ ਗਿਆ।
ਬਲਤੇਜ ਸੰਧੂ ਬੁਰਜ
ਬੁਰਜ ਲੱਧਾ (ਬਠਿੰਡਾ)
ਮੋ – 94658 18158