ਰੋਕੋ ਕੈਂਸਰ ਸੰਸਥਾ ਵੱਲੋਂ ਕੈਂਸਰ ਦੀ ਮੁੱਢਲੀ ਜਾਂਚ ਲਈ ਹੁਣ ਤੱਕ 6600 ਕੈਂਪ ਲਗਾਏ ਗਏ
ਫਾਜਿਲਕਾ, 28 ਸਤੰਬਰ (ਵਿਨੀਤ ਅਰੋੜਾ)- ਗਲਤ ਖਾਣ-ਪੀਣ, ਵਾਤਾਵਰਨ ਪ੍ਰਦੂਸ਼ਨ ਅਤੇ ਕੁਦਰਤ ਨਾਲ ਛੇੜ ਛਾੜ ਕਰਨ ਕਾਰਨ ਦੁਨੀਆ ਦੀ 21 ਪ੍ਰਤੀਸ਼ਤ ਤੋਂ ਜਿਆਦਾ ਆਬਾਦੀ ਕੈਂਸਰ ਦਾ ਸ਼ਿਕਾਰ ਹੈ ਅਤੇ ਭਾਰਤ ਵਿਚ ਹਰ 17 ਵੇਂ ਮਿੰਟ ਬਾਅਦ 1 ਮਰੀਜ਼ ਕੈਂਸਰ ਦੀ ਬਿਮਾਰੀ ਕਾਰਨ ਮੌਤ ਦੇ ਮੁਹ ਵਿਚ ਜਾ ਪੈਂਦਾ ਹੈ । ਇਸ ਤੋਂ ਇਲਾਵਾ ਪੰਜਾਬ ਮੌਜੂਦਾ ਸਮੇਂ ਵਿਚ ਕੈਂਸਰ ਦੀ ਰਾਜਧਾਨੀ ਬਣ ਚੁੱਕਾ ਹੈ ਅਤੇ ਮੁੱਢਲੀ ਸਟੇਜ ਤੇ ਜਾਂਚ ਨਾ ਹੋਣ ਕਾਰਨ ਵੱਡੀ ਗਿਣਤੀ ਵਿਚ ਪੰਜਾਬੀ ਇਸ ਬਿਮਾਰੀ ਕਾਰਨ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ । ਇਹ ਪ੍ਰਗਟਾਵਾ ਰੋਕੋ ਕੈਂਸਰ ਸੰਸਥਾ ਯੂ.ਕੇ. ਦੇ ਗਲੋਬਲ ਅੰਬੈਸਡਰ ਸ਼੍ਰੀ ਕੁਲਵੰਤ ਸਿੰਘ ਧਾਲੀਵਾਲ ਨੇ ਸਿਵਲ ਹਸਪਤਾਲ ਫਾਜਿਲਕਾ ਵਿਖੇ ਜਿਲ੍ਹਾ ਪ੍ਰਸ਼ਾਸਨ, ਜਿਲ੍ਹਾ ਰੈਡ ਕਰਾਸ ਸੰਸਥਾ ਅਤੇ ਭਾਈ ਘਨੱਈਆ ਸੇਵਾ ਸੁਸਾਇਟੀ ਫਾਜ਼ਿਲਕਾ ਦੇ ਸਹਿਯੋਗ ਨਾਲ ਕੈਂਸਰ ਦੀ ਮੁੱਢਲੀ ਜਾਂਚ ਲਈ ਲਗਾਏ ਗਏ 1 ਰੋਜਾ ਮੈਡੀਕਲ ਕੈਂਪ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ । ਇਸ ਕੈਂਪ ਦੌਰਾਨ ਕੈਂਸਰ ਦੇ 201 ਸੰਭਾਵਿਤ ਮਰੀਜ਼ਾਂ ਦੀ ਮੁੱਢਲੀ ਜਾਂਚ ਕੀਤੀ ਗਈ ਅਤੇ ਮੁਫ਼ਤ ਟੈਸਟ ਕੀਤੇ ਗਏ । ਇਸ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ ਕੀਤਾ ।
ਸ. ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਕੁਦਰਤ ਨਾਲ ਛੇੜ ਛਾੜ ਦਾ ਪ੍ਰਭਾਵ ਸਮੁੱਚੇ ਵਾਤਾਵਰਨ ਤੇ ਸਾਡੀ ਸਿਹਤ ਤੇ ਪੈ ਰਿਹਾ ਹੈ ਜਿਸ ਨਾਲ ਦੁਨੀਆ ਦੀ ਵੱਡੀ ਗਿਣਤੀ ਵਿਚ ਆਬਾਦੀ ਬਿਮਾਰੀਆਂ ਦਾ ਸ਼ਿਕਾਰ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਹੱਥੀ ਕਿਰਤ ਕਰਨ ਵਾਲੇ ਪੰਜਾਬੀ ਗਲਤ ਖਾਣ-ਪੀਣ ਅਤੇ ਪ੍ਰਦੁਸ਼ਿਤ ਵਾਤਾਵਰਣ ਕਾਰਨ ਕੈਂਸਰ, ਸ਼ੂਗਰ, ਬਲੱਡ ਪ੍ਰੈਸ਼ਰ, ਮੋਟਾਪਾ, ਪੀਲੀਆ ਵਰਗੀਆਂ ਨਾਮੁਰਾਦ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਪੰਜਾਬ ਕੈਂਸਰ ਦੀ ਰਾਜਧਾਨੀ ਬਣਦਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਕੈਂਸਰ ਰੋਗ ਦਾ ਇਲਾਜ ਸੰਭਵ ਹੈ ਜੇਕਰ ਇਸ ਨੂੰ ਮੁੱਢਲੀ ਸਟੇਜ ਵਿਚ ਪਕੜ ਲਿਆ ਜਾਵੇ । ਉਨ੍ਹਾਂ ਕਿਹਾ ਕਿ ਰੋਕੋ ਕੈਂਸਰ ਸੰਸਥਾਂ ਵੱਲੋਂ ਕੈਂਸਰ ਬਿਮਾਰੀ ਦੀ ਮੁੱਢਲੀ ਜਾਂਚ ਲਈ ਹੁਣ ਤੱਕ ਪੰਜਾਬ ਵਿਚ 6600 ਤੋਂ ਵੱਧ ਕੈਂਪ ਲਗਾਏ ਗਏ ਹਨ ਅਤੇ ਰਾਜ ਵਿਚ 1500 ਕੈਂਪ ਹੋਰ ਲਗਾਏ ਜਾਣਗੇ । ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਕੈਂਸਰ ਦੀ ਬਿਮਾਰੀ ਜਿਆਦਾ ਹੈ ਅਤੇ ਇਹ ਛਾਤੀ ਅਤੇ ਬੱਚੇਦਾਨੀ ਵਿਚ ਜਿਆਦਾ ਪਾਈ ਜਾਂਦੀ ਹੈ । ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਬਿਮਾਰੀਆਂ ਤੋਂ ਨਿਜਾਤ ਲਈ ਸਾਦਾ ਜੀਵਨ ਜਿਉਣ ਅਤੇ ਧਾਰਮਿਕ ਸਥਾਨਾਂ ਨੂੰ ਦਾਨ ਦੇਣ ਦੀ ਬਜਾਏ ਸਿੱਖਿਆ ਤੇ ਸਿਹਤ ਸੰਸਥਾਂਵਾ ਨੂੰ ਵੱਧ ਤੋਂ ਵੱਧ ਦਾਨ ਦੇਣ। ਉਨ੍ਹਾਂ ਕਿਹਾ ਕਿ 24 ਨਵੰਬਰ 2014 ਨੂੰ ਸੰਸਥਾ ਵੱਲੋਂ ਜਲਾਲਾਬਾਦ ਵਿਖੇ ਵੀ ਜਾਂਚ ਕੈਂਪ ਦਾ ਆਯੋਜਨ ਕੀਤਾ ਜਾਵੇਗਾ ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਰੋਕੋ ਕੈਂਸਰ ਸੰਸਥਾਂ ਵੱਲੋਂ ਫਾਜ਼ਿਲਕਾ ਵਿਖੇ ਕੈਂਸਰ ਜਾਂਚ ਕੈਂਪ ਲਗਾਉਣ ਲਈ ਸ਼੍ਰੀ ਧਾਲੀਵਾਲ ਤੇ ਸਾਥੀਆਂ ਦਾ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਇਹ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਸੰਸਥਾ ਵੱਲੋਂ ਸਰਹੱਦੀ ਜਿਲ੍ਹੇ ਫਾਜ਼ਿਲਕਾ ਦੇ ਕੈਂਸਰ ਰੋਗੀਆਂ ਦੀ ਜਾਂਚ ਲਈ ਮੈਮੋਗ੍ਰਾਫੀ ਮਸ਼ੀਨ ਦਿੱਤੀ ਜਾ ਰਹੀ ਹੈ ਅਤੇ 24 ਨਵੰਬਰ ਨੂੰ ਜਲਾਲਾਬਾਦ ਵਿਖੇ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਆਪਣੇ ਆਪ ਅਤੇ ਆਲੇ-ਦੁਆਲੇ ਨੂੰ ਸਾਫ ਨਾ ਰੱਖਣਾ ਹੀ ਬਿਮਾਰੀਆਂ ਦਾ ਵੱਡਾ ਕਾਰਨ ਹੈ । ਉਨ੍ਹਾਂ ਕਿਹਾ ਕਿ ਪੂਰੇ ਜਿਲ੍ਹੇ ਵਿਚ ਸਵੱਛ ਭਾਰਤ ਅਭਿਆਨ ਤਹਿਤ ਵੱਡੀ ਪੱਧਰ ਤੇ ਸਫਾਈ ਮੁਹਿੰਮ ਚਲਾਈ ਗਈ ਹੈ ਤੇ ਸਾਨੂੰ ਸਾਰੀਆਂ ਨੂੰ ਇਸ ਲਈ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ । ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਰੋਕੋ ਕੈਂਸਰ ਚੈਰੀਟੇਬਲ ਟਰੱਸਟ ਵੱਲੋਂ ਔਰਤਾਂ ਅਤੇ ਮਰਦਾਂ ਦੇ ਸਰੀਰਕ ਕੈਂਸਰ ਦੀ ਜਾਂਚ, ਔਰਤਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਲਈ (ਮੈਮੋਗ੍ਰਾਫੀ) ਟੈਸਟ, ਔਰਤਾਂ ਦੇ ਬੱਚੇਦਾਨੀ ਦੇ ਕੈਂਸਰ ਦੇ ਜਾਂਚ ਲਈ ਟੈਸਟ, ਕੈਂਸਰ ਦੇ ਮਰੀਜ਼ਾਂ ਨੂੰ ਇਲਾਜ ਲਈ ਸਹੀ ਸਲਾਹ, ਔਰਤਾਂ ਅਤੇ ਮਰਦਾਂ ਦਾ ਸ਼ੁਗਰ, ਬਲੱਡ ਪ੍ਰੈਸ਼ਰ, ਈ.ਸੀ.ਜੀ. ਟੈਸਟ ਆਦਿ ਮੁਫ਼ਤ ਕੀਤੇ ਗਏ ਹਨ ।
ਕੈਂਪ ਦੋਰਾਨ ਦੁਪਹਿਰ 3 ਵਜੇ ਤੱਕ ਕੁੱਲ 201 ਮਰੀਜਾਂ ਦੀ ਜਾਂਚ ਕੀਤੀ ਗਈ ।ਜਿਨ੍ਹਾਂ ਵਿਚੋਂ 107 ਮਰਦ ਤੇ 94 ਅੋਰਤਾਂ ਸਨ । ਕੈਂਪ ਦੋਰਾਨ ਕੈਸਰ ਦੇ 3 ਸ਼ੱਕੀ ਮਰੀਜ ਸਾਹਮਣੇ ਆਏ ।ਕੈਂਪ ਦੋਰਾਨ 8 ਮੈਮੋ ਟੈਸਟ, 9 ਪੈਪ ਸਮੀਅਰ, 5 ਐਂਡੋਸਕੋਪੀ, ਬੀ.ਪੀ. ਅਤੇ ਸ਼ੁਗਰ 201, ਹਾਈ ਬਲੱਡ ਪ੍ਰੈਸ਼ਰ ਦੇ 20, ਹਾਈ ਸ਼ੁਗਰ 28, ਈ.ਸੀ. ਜੀ 22 ਟੈਸਟ, ਅਬਨੋਰਮਲ ਈ.ਸੀ.ਜੀ ਦੇ 12 ਟੈਸਟ ਕੀਤੇ ਗਏ ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ.ਚਰਨਦੇਵ ਸਿੰਘ ਮਾਨ, ਸੁਭਾਸ਼ ਖਟਕ ਐਸ.ਡੀ.ਐਮ., ਸਿਵਲ ਸਰਜਨ ਡਾ. ਬਲਜੀਤ ਸਿੰਘ, ਡਾ. ਦਵਿੰਦਰ ਭੁੱਕਲ ਸਹਾਇਕ ਸਿਵਲ ਸਰਜਨ, ਭਾਈ ਘਨੱਈਆ ਸੇਵਾ ਸੁਸਾਇਟੀ ਦੇ ਚੇਅਰਮੈਨ ਸ. ਗੁਰਪ੍ਰੀਤ ਸਿੰਘ ਲਵਲੀ ਕਾਠਪਾਲ, ਸ. ਦਵਿੰਦਰ ਪਾਲ ਸਿੰਘ ਪ੍ਰਧਾਨ, ਜਿਲ੍ਹਾ ਰੈਡ ਕਰਾਸ ਸੰਸਥਾ ਦੇ ਸਕੱਤਰ ਸੁਭਾਸ਼ ਅਰੋੜਾ, ਲਖਵਿੰਦਰ ਹਾਂਡਾ, ਅਮਰਜੀਤ ਸ਼ਰਮਾ, ਡਾ. ਧਰਮਿੰਦਰ ਢਿੱਲੋ, ਡਾ. ਦਵਿੰਦਰ ਕੋਰ ਰੇਡਿਉਗ੍ਰਾਫਰ, ਡਾ. ਸਚਿਨ, ਡਾ. ਮਨਦੀਪ, ਡਾ. ਕੁਲਜੀਤ ਕੋਰ, ਡਾ. ਸ਼ਸ਼ੀ ਕਾਂਤ, ਰਾਜ ਕਿਸ਼ੋਰ ਕਾਲੜਾ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਸਮੇਤ ਸਵੈ ਸੇਵੀ ਸੰਸਥਾਂਵਾ ਦੇ ਨੁਮਾਇੰਦੇ ਅਤੇ ਸ਼ਹਿਰ ਵਾਸੀ ਹਾਜਰ ਸਨ ।