ਖਾਲਸੇ ਦੀ ਜਨਮ-ਭੂਮੀ ਸ੍ਰੀ ਆਨੰਦਪੁਰ ਸਾਹਿਬ ਦਾ ਸਿੱਖ ਇਤਿਹਾਸ ਵਿੱਚ ਆਪਣਾ ਵੱਖਰਾ ਅਹਿਮ ਤੇ ਉੱਚਾ ਸਥਾਨ ਹੈ।ਦਸ਼ਮੇਸ਼ ਜੀ ਨੇ ਆਨੰਦਪੁਰ ਸਾਹਿਬ ਵਿੱਚ ਅਨੇਕਾਂ ਚੋਜ਼ ਰਚਾਏ।ਅਖੀਰ ਜ਼ੁਲਮ ਵਿਰੁੱਧ ਪਹਾੜੀ ਰਾਜਿਆਂ ਨਾਲ ਟੱਕਰ ਲੈਂਦਿਆਂ ਗੁਰੂ ਜੀ ਨੂੰ ਆਨੰਦਪੁਰ ਜਿਹਾ ਸਥਾਨ ਵੀ ਛੱਡਣਾ ਪਿਆ।ਉਸ ਤੋਂ ਬਾਅਦ ਸਰਸਾ ਨਦੀ ‘ਤੇ ਪਰਿਵਾਰ ਦਾ ਵਿਛੋੜਾ ਪੈ ਗਿਆ।
ਭੱਠਾ ਸਾਹਿਬ ਰੋਪੜ ਤੇ ਚਮਕੌਰ ਸਾਹਿਬ ਦੇ ਜੰਗ ਤੋਂ ਬਾਅਦ ਗੁਰੂ ਜੀ ਇਕੱਲੇ ਹੀ ਵਿਚਰਦੇ ਹੋਏ, ਮਾਛੀਵਾੜੇ ਦੇ ਜੰਗਲਾਂ ਨੂੰ ਭਾਗ ਲਾਉਂਦੇ ਹੋਏ ਇਥੇ ਟਿਕੇ ਜਿਸ ਜੰਡ ਥੱਲੇ ਗੁਰੂ ਜੀ ਨੇ ਟਿੰਡ ਦਾ ਸਰਹਾਣਾ ਲਾ ਕੇ ਅਰਾਮ ਕੀਤਾ।ਉਸ ਥਾਂ ‘ਤੇ ਅੱਜ ਆਲੀਸ਼ਾਨ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਸੁਸ਼ੋਭਿਤ ਹੈ ਤੇ ਇਸ ਥਾਂ ‘ਤੇ ਹੀ ਵੈਰਾਗਮਈ ਸ਼ਬਦ ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਦਾ ਉਚਾਰਨ ਕੀਤਾ, ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ।ਇਸ ਤੋਂ ਇਲਾਵਾ ਗੁਰੂ ਜੀ ਨਾਲ ਸਬੰਧਤ ਗੁਰਦੁਆਰਾ ਗਨੀ ਖਾਂ-ਨਬੀ ਖਾਂ, ਚੁਬਾਰਾ ਸਾਹਿਬ ਤੇ ਸ਼ਹਿਰ ਤੋਂ ਬਾਹਰ ਗੁਰਦੁਆਰਾ ਕਿਰਪਾਨ ਭੇਟ ਹੈ।ਗੱਲ ਕੀ ਸਿੱਖ ਧਰਮ ਦੇ ਇਤਿਹਾਸ ਵਿਚ ਗੁਰੂ ਕੀ ਨਗਰੀ ਮਾਛੀਵਾੜਾ ਦਾ ਵਿਸ਼ੇਸ਼ ਸਥਾਨ ਹੈ ਤੇ ਇਸ ਸਥਾਨ ‘ਤੇ ਸ਼ਹੀਦੀ ਸਭਾ ਅੱਠ ਪੋਹ ਨੂੰ ਮਨਾਈ ਜਾਂਦੀ ਹੈ।
ਅੱਜ ਜਦੋਂ ਮਾਛੀਵਾੜੇ ਤੇ ਇਲਾਕੇ ਵੱਲ ਨਜ਼ਰ ਮਾਰੀਏ ਤਾਂ ਇਸ ਦੀ ਹਾਲਤ ਬਦ ਤੋਂ ਵੀ ਬਦਤਰ ਹੋਈ ਪਈ ਹੈ। ਸਮੁੱਚੇ ਸ਼ਹਿਰ ਦੀਆਂ ਸੜਕਾਂ ਹੀ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ।ਕਈ ਥਾਵਾਂ ‘ਤੇ ਤਾਂ ਸੜਕਾਂ ਦੀ ਨਾਮੋ ਨਿਸ਼ਾਨ ਵੀ ਨਹੀਂ ਰਿਹਾ ਹੋਰ ਤਾਂ ਹੋਰ ਮੇਨ ਗੇਟ ਤੋਂ ਗੁਰਦੁਆਰਾ ਚਰਨ ਕੰਵਲ ਸਾਹਿਬ ਨੂੰ ਜਾਂਦੀ ਸੜਕ ਸਭ ਤੋਂ ਵੱਧ ਖਰਾਬ ਹੈ ਤੇ ਦੂਰੋਂ-ਦੂਰੋਂ ਆ ਰਹੇ ਸ਼ਰਧਾਲੂ ਪ੍ਰੇਸ਼ਾਨ ਹੋ ਰਹੇ ਹਨ।ਬੜੇ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਖ਼ਰਾਬ ਸੜਕਾਂ ਕਾਰਨ ਹੀ ਨਨਕਾਣਾ ਸਾਹਿਬ ਤੋਂ ਚੱਲਿਆ ਨਗਰ-ਕੀਰਤਨ ਮਾਛੀਵਾੜੇ ਇਲਾਕੇ ਵਿੱਚ ਨਾ ਆ ਸਕਿਆ।ਸ਼ਹਿਰ ਵਿੱਚ ਸਫਾਈ ਦਾ ਹਾਲ ਮਾੜਾ ਹੀ ਹੈ ਥਾਂ-ਥਾਂ ‘ਤੇ ਕੂੜੇ ਦੇ ਢੇਰ, ਹੋਰ ਗੰਦਗੀ, ਅਵਾਰਾ ਕੁੱਤਿਆਂ ਤੇ ਡੰਗਰਾਂ ਦੀ ਬਹੁਤ ਭਰਮਾਰ ਹੈ।ਹਾਦਸੇ ਵੀ ਵਾਪਰਦੇ ਹਨ ਪ੍ਰਸ਼ਾਸਨ ਦਾ ਇਨ੍ਹਾਂ ਸਮੱਸਿਆਵਾਂ ਵੱਲ ਉਕਾ ਹੀ ਧਿਆਨ ਨਹੀਂ।
ਇਥੇ ਇਹ ਗੱਲ ਜਰੂਰ ਕਰਨੀ ਬਣਦੀ ਹੈ ਕਿ ਕਰੋੜਾਂ ਦੇ ਬਜ਼ਟ ਵਾਲੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿੱਧਾ ਸਬੰਧ ਮਾਛੀਵਾੜੇ ਦੇ ਨਾਲ ਹੈ ਤੇ ਗੁਰਦੁਆਰਾ ਸਾਹਿਬ ਵਿਚ ਚੜਾਵਾ ਵੀ ਮੋਟਾ ਚੜ੍ਹਦਾ ਹੈ।ਪਰ ਕਮੇਟੀ ਨੇ ਕਦੇ ਵੀ ਮਾਛੀਵਾੜੇ ਦੀਆਂ ਮੁੱਖ ਮੰਗਾਂ ਵੱਲ ਨਹੀਂ ਤੱਕਿਆ।ਪਿਛਲੇ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਵਲੋਂ ਪ੍ਰਵਾਨ ਕੀਤੇ ਸਕੂਲ ਦਾ ਹਾਲੇ ਤੱਕ ਨੀਂਹ-ਪੱਥਰ ਹੀ ਖੜਾ ਹੈ।ਗੁਰਦੁਆਰਾ ਸਾਹਿਬ ਨਾਲ ਬਾਬਾ ਕਾਹਲਾ ਸਿੰਘ ਨੇ ਬਹੁਤ ਸੋਹਣਾ ਬਾਗ ਉਪਜਾਇਆ ਤੇ ਵੱਡੀ ਗਿਣਤੀ ਵਿੱਚ ਫਲਦਾਰ ਬੂਟੇ ਲਗਾਏ।ਪਰ ਅੱਜ ਉਹੀ ਬਾਗ ਪ੍ਰਵਾਸੀ ਮਜ਼ਦੂਰਾਂ ਕੋਲ ਠੇਕੇ ‘ਤੇ ਹੈ।ਸ਼ਰਧਾਲੂ ਹਰ ਫਲ ਮੁੱਲ ਖਰੀਦਦਾ ਹੈ ਕਮੇਟੀ ਆਮਦਨ ਵਧਾਉਣ ਲੱਗੀ ਹੈ।ਹੋਰ ਕੀ ਆਸ ਰੱਖੀਏ?
ਸਮੇਂ ਦੀਆਂ ਸਰਕਾਰਾਂ ਨੇ ਵੀ ਮਾਛੀਵਾੜੇ ਨਾਲ ਘੱਟ ਨਹੀਂ ਗੁਜ਼ਾਰੀ ਕਿਸੇ ਨੇ ਵੀ ਇਸ ਪੇਂਡੂ ਇਲਾਕੇ ਵੱਲ ਸਵੱਲੀ ਨਜ਼ਰ ਨਹੀਂ ਮਾਰੀ।10 ਸਾਲ ਰਾਜ ਕਰਨ ਵਾਲਿਆਂ ਦਾ ਵਿਕਾਸ ਪਤਾ ਨਹੀਂ ਕਿਥੇ ਗਿਆ ਹੁਣ ਵਾਲਿਆਂ ਤਾਂ ਸ਼ਰੂ ਹੀ ਨਹੀਂ ਕੀਤਾ।
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਲਾਨਾ ਸਿੰਘ ਸਭਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ।ਦੂਰੋਂ-ਨੇੜਿਓਂ ਸੰਗਤ ਆਵੇਗੀ, ਲੰਗਰ ਲਾਵੇਗੀ ਤੇ ਛਕੇਗੀ, ਕਮੇਟੀ ਦੀ ਗੋਲਕ ਭਰੇਗੀ।ਮਾਛੀਵਾੜੇ ਦੀ ਹਾਲਤ ਦੇਖ ਹਰ ਕੋਈ ਬੁਰਾ-ਭਲਾ ਕਹਿੰਦਾ ਵਾਪਸ ਮੁੜੇਗਾ।ਹੈ ਕੋਈ ਵਾਲੀ-ਵਾਰਸ ਜੋ ਗੁਰੂ ਕੀ ਨਗਰੀ ਵੱਲ ਮਾੜਾ-ਮੋਟਾ ਤੱਕੇ।

ਬਲਬੀਰ ਸਿੰਘ ਬੱਬੀ
ਮੋ – 70091 07300
Punjab Post Daily Online Newspaper & Print Media