ਜਗਰਾਓਂ `ਚ ਪੰਜਾਬੀ ਭਾਸ਼ਾ ਬਚਾਓ ਕਾਨਫਰੰਸ ਦਾ ਆਯੋਜਨ
ਜਗਰਾਓਂ, 16 ਜਨਵਰੀ (ਪੰਜਾਬ ਪੋਸਟ – ਕੁਲਦੀਪ ਸਿੰਘ ਲੋਹਟ) – ਹਿੰਦੂਤਵੀ ਤਾਕਤਾਂ ਵਲੋਂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਮਾਮਲੇ ਨੂੰ ਲੈ ਕੇ ਪੰਜਾਬੀ ਭਾਸ਼ਾ ਨੂੰ ਸ਼ਾਜਿਸ਼ੀ ਢੰਗ ਨਾਲ ਕਤਲ ਕੀਤੇ ਜਾਣ ਦੀਆਂ ਕੋਝੀਆਂ ਚਾਲਾਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਤੇ ਮਾਂ ਬੋਲੀ ਪੰਜਾਬੀ ਦੀ ਹੋਂਦ ਨੂੰ ਕਾਇਮ ਤੇ ਦਾਇਮ ਰੱਖਣ ਲਈ ਹਰ ਤਰ੍ਹਾਂ ਦੀ ਲੜਾਈ ਲੜੀ ਜਾਵੇਗੀ।ਉਕਤ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਪੰਜਾਬੀ ਲੇਖਕ ਸਭਾ ਪ੍ਰਧਾਨ ਡਾ. ਤੇਜਵੰਤ ਸਿੰਘ ਮਾਨ ਨੇ ਸਥਾਨਕ ਅੰਬੇਦਕਰ ਭਵਨ ਵਿਖੇ ਪੰਜਾਬੀ ਭਾਸ਼ਾ ਵਿਚਾਓ ਕਾਨਫਰੰਸ ਮੌਕੇ ਮਾਂ ਬੋਲੀ ਦੇ ਹੱਕ `ਚ ਹੋਕਾ ਦਿੰਦਿਆਂ ਕੀਤਾ। ਡਾ. ਮਾਨ ਨੇ ਪੂੰਜੀ ਪਤੀ ਦੌਰ ਦੇ ਸੰਦਰਭ `ਚ ਉਚਾਰਨ ਸ਼ੈਲੀ ਵਿਚ ਅਲੋਪ ਹੋ ਰਹੀ ਸ਼ਬਦ ਦੀ ਪ੍ਰੀਭਾਸ਼ਾ `ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਆਖਿਆ ਕਿ ਗੁਰਮੁੱਖੀ ਲਿਪੀ ਦੀ ਥਾਂ ਵੰਨ-ਟੂ ਦਾ ਉਚਾਰਨ ਪੰਜਾਬੀ ਭਾਸ਼ਾ ਲਈ ਅਤੀ ਖਤਰੇ ਵਾਲੀ ਗੱਲ ਹੈ।ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਆਪਣੇ ਬੱਚਿਆਂ ਨੂੰ ਅੰਟੀ ਅੰਕਲ ਦੀ ਥਾਂ ਚਾਚਾ-ਚਾਚੀ, ਬੇਬੇ ਬਾਪੂ, ਤਾਇਆ ਤਾਈ, ਭੈਣ ਭਰਾ ਵਰਗੇ ਖੂਬਸੂਰਤ ਸ਼ਬਦਾਂ ਪ੍ਰਤੀ ਸਿਖਿਅਤ ਕੀਤਾ ਜਾਵੇ।ਉਨ੍ਹਾਂ ਪੰਜਾਬੀ ਮਾਂ-ਬੋਲੀ ਤੇ ਪੰਜਾਬ ਦੀ ਹੋਂਦ ਬਰਕਰਾਰ ਰੱਖਣ ਲਈ ਸਮੂਹ ਵਰਗਾਂ ਨੂੰ ਸਿਰਜੋੜ ਚਿੰਤਨ ਮੰਥਨ ਕਰਨ ਦੀ ਅਪੀਲ ਕੀਤੀ।
ਉਘੇ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਨੇ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਕਿਤਾਬਾਂ ਦੇ ਯੋਗਦਾਨ `ਤੇ ਚਰਚਾ ਕੀਤੀ।ਉਨ੍ਹਾਂ ਕਿਹਾ ਕਿ ਕਿਸੇ ਵੀ ਭਾਸ਼ਾ ਦੀ ਅਮੀਰੀ ਉਥੋਂ ਦੇ ਲੋਕਾਂ ਦੁਆਰਾ ਰਚਿਆ ਇਤਿਹਾਸ ਤੇ ਸਾਹਿਤ ਤੈਅ ਕਰਦਾ ਹੈ।ਉਨ੍ਹਾਂ ਖੁਸ਼ੀ ਜ਼ਾਹਿਰ ਕੀਤੀ ਕਿ ਇਤਿਹਾਸਕ ਪੱਖ ਤੋਂ ਪੰਜਾਬੀ ਜ਼ੁਬਾਨ ਵਿਸ਼ਵ ਭਰ ਦੀਆਂ ਮਕਬੂਲ ਭਾਸ਼ਾਵਾਂ ਨੂੰ ਟੱਕਰ ਦੇਣ ਦੀ ਤਾਕਤ ਰੱਖਦੀ ਹੈ।
ਬਲਜਿੰਦਰ ਸਿੰਘ ਢਿੱਲੋਂ ਐਸ.ਡੀ.ਐਮ ਜਗਰਾਓਂ ਨੇ ਆਪਣੇ ਨਿੱਜੀ ਤਜੱਰਬੇ ਸਾਂਝੇ ਕਰਦਿਆਂ ਕਿਹਾ ਕਿ ਉਹ ਆਪਣੇ ਫਰਜ਼ਾਂ ਨੂੰ ਧਿਆਨ `ਚ ਰੱਖਦਿਆਂ ਦਫ਼ਤਰੀ ਕੰਮ ਕਾਜ ਪੰਜਾਬੀ ਭਾਸ਼ਾ ਵਿੱਚ ਕਰਦੇ ਹਨ।ਉਨ੍ਹਾਂ ਕਿਹਾ ਕਿ ਇਹ ਸਾਡਾ ਫਰਜ਼ ਵੀ ਹੈ ਤੇ ਆਪਣੀਆਂ ਨਸਲਾਂ ਤੇ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਮੌਜੂਦਾ ਸਮੇਂ ਵਿਚ ਜਰੂਰੀ ਵੀ ਹੈ।ਸੁਖਵਿੰਦਰ ਰਾਮਪੁਰੀ, ਬਲਬੀਰ ਬੱਲੀ, ਅਮਰਜੀਤ ਮੋਹੀ, ਜਸਵੀਰ ਝੱਜ, ਅਮਰਜੀਤ ਸਿੰਘ ਚੀਮਾ ਆਦਿ ਨੇ ਵੀ ਸੰਬੋਧਨ ਕੀਤਾ।ਸਾਧੂ ਦੀ ਕਾਵਿ ਪੁਸਤਕ `ਚੋਂ ਇਕ ਰਚਨਾਂ ‘ਤੇ ਅਧਾਰਿਤ ਮੋਹੀ ਅਮਰਜੀਤ ਦੁਆਰਾ ਨਾਟਕੀ ਰੁਪਾਂਤਰਣ ਕੀਤਾ ਕਾਵਿ ਨਾਟਕ “ਮਿੱਟੀ ਦਾ ਪੁਤਲਾ” ਦੀ ਪੇਸ਼ਕਾਰੀ ਵੀ ਕੀਤੀ ਗਈ।
ਇਸ ਮੌਕੇ ਮਾ. ਸਰਬਜੀਤ ਸਿੰਘ ਪ੍ਰਧਾਨ ਅੰਬੇਦਕਰ ਵੈਲਫੇਅਰ ਟਰੱਸਟ ਜਗਰਾਉਂ, ਰਣਜੀਤ ਹਠੂਰ, ਪਰਮਜੀਤ ਸਿੰਘ ਚੀਮਾ, ਜਗਦੇਵ ਸਿੰਘ ਕਲਸੀ ਆਦਿ ਹਾਜ਼ਰ ਸਨ।