Wednesday, March 25, 2026

‘ਸੁਫ਼ਨਾ’ ਫਿਲਮ ਦੀ ਰਾਣੀ ਬਣੀ ‘ਤਾਨੀਆ’

         PPNJ0902202001 ਨਵਾਂ ਸਾਲ ਜਿਥੇ ਪੰਜਾਬੀ ਸਿਨੇ ਦਰਸ਼ਕਾਂ ਲਈ ਨਵੇਂ ਵਿਸ਼ਿਆਂ ‘ਤੇ ਅਧਾਰਿਤ ਮਨੋਰੰਜ਼ਨ ਭਰਪੂਰ ਸਿਨਮਾ ਲੈ ਕੇ ਆਵੇਗਾ, ਉਥੇ ਅਨੇਕਾਂ ਖੂਬਸੂਰਤ ਨਾਇਕਾਵਾਂ ਨੂੰ ਵੀ ਪਰਦੇ ‘ਤੇ ਸਟਾਰ ਬਣਾਵੇਗਾ।ਉਹ ਅਦਾਕਾਰਾ ਜਿੰਨ੍ਹਾਂ ਨੇ ਆਪਣੀਆਂ ਮੁੱਢਲੀਆਂ ਫ਼ਿਲਮਾਂ ਵਿੱਚ ਸੰਖੇਪ ਕਿਰਦਾਰਾਂ ਤੋਂ ਆਪਣੇ ਫਿਲ਼ਮੀ ਸਫ਼ਰ ਦਾ ਆਗਾਜ਼ ਕੀਤਾ, ਇਹ ਸਾਲ ਉਨ੍ਹਾਂ ਨੂੰ ਇਕ ਨਵੀਂ ਪਛਾਣ ਦੇਵੇਗਾ।ਅਜਿਹੀ ਹੀ ਇਕ ਖੂਬਸੂਰਤ ਅਦਾਕਾਰਾ ਹੈ ਤਾਨੀਆ।ਜੋ ਇਸ ਸਾਲ ਲੇਖਕ ਨਿਰਦੇਸ਼ਕ ਜਗਦੀਪ ਸਿੱਧੂ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ‘ਸੁਫ਼ਨਾ’ ਨਾਲ ਚਰਚਾ ਵਿੱਚ ਹੈ। ‘ਕਿਸਮਤ’ ਅਤੇ ‘ਗੁੱਡੀਆਂ ਪਟੋਲੇ’ ਫ਼ਿਲਮ ‘ਚ ਆਪਣੀ ਬਾਕਮਾਲ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ‘ਚ ਵੱਸੀ ਇਹ ਖੂਬਸੁਰਤ ਅਦਾਕਾਰਾ ਹੁਣ ਰੁਮਾਂਟਿਕ ਵਿਸ਼ੇ ਦੀ ਇਸ ਮਨੋਰੰਜ਼ਨ ਭਰਪੂਰ ਫ਼ਿਲਮ ‘ਚ ਦਰਸ਼ਕ ਉਸ ਨੂੰ ਐਮੀ ਵਿਰਕ ਨਾਲ ਵੇਖਣਗੇ।
            ਜ਼ਿਕਰਯੋਗ ਹੈ ਕਿ ਦੋ ਕੁ ਸਾਲ ਪਹਿਲਾਂ ਰਲੀਜ਼ ਹੋਈ ‘ਕਿਸਮਤ’ ਦੀ ਬੇਮਿਸ਼ਾਲ ਕਾਮਯਾਬੀ ਤੋਂ ਬਾਅਦ ਜਗਦੀਪ ਸਿੱਧੂ ਅਤੇ ਐਮੀ ਵਿਰਕ ਦੀ ਜੋੜੀ ਨੇ ਇਸ ਫ਼ਿਲਮ ਰਾਹੀਂ ਮੁੜ ਪਿਆਰ ਮੁਹਬੱਤਾਂ ‘ਤੇ ਅਧਾਰਿਤ ਸਿਨੇਮੇ ਵੱਲ ਕਦਮ ਵਧਾਇਆ ਹੈ।ਬੀਤੇ ਦਿਨੀਂ ਰਲੀਜ਼ ਹੋਏ ਇਸ ਫ਼ਿਲਮ ਦੇ ਟਰੇਲਰ ਨੂੰ ਵੇਖਦਿਆਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਹ ਫ਼ਿਲਮ ਆਮ ਪੰਜਾਬੀ ਸਿਨੇਮੇ ਦੇ ਅੰਦਾਜ਼ ਤੋਂ ਬਹੁਤ ਹਟ ਕੇ ਹੈ, ਜੋ ਜ਼ਿੰਦਗੀ ਦੇ ਹਰੇਕ ਰੰਗ ਨੂੰ ਬਹੁਤ ਨੇੜਿਓ ਪਰਦੇ ‘ਤੇ ਬਾਖੂਬੀ ਪੇਸ਼ ਕਰੇਗੀ।ਫ਼ਿਲਮ ਦੇ ਲੇਖਕ ਨਿਰਦੇਸ਼ਕ ਜਗਦੀਪ ਸਿੱਧੂ ਨੇ ਦੱਸਿਆ ਕਿ ਇਹ ਫ਼ਿਲਮ ਜਵਾਨੀ ਉਮਰੇ ਸਜਾਏ ਹੁਸੀਨ ਸੁਫ਼ਨਿਆਂ ਦੇ ਸੰਸਾਰ ਦੀ ਕਲਪਨਾ ਅਧਾਰਤ ਸਮਾਜਿਕ ਕੰਧਾਂ ‘ਚ ਘਿਰੇ ਚਾਵਾਂ ਦੀ ਗੱਲ ਕਰਦੀ ਹਰ ਆਮ ਇੰਨਸਾਨ ਦੀ ਕਹਾਣੀ ਹੈ।ਇਹ ਫ਼ਿਲਮ ਜਿੱਥੇ ਗੀਤ ਸੰਗੀਤ ਅਤੇ ਵਿਸ਼ੇ ਪੱਖੋਂ ਮਨੋਰੰਜ਼ਨ ਭਰਪੂਰ ਹੈ ਉਥੇ ਪੰਜਾਬ ਦੇ ਪੇਂਡੂ ਕਲਚਰ, ਵਿਰਾਸਤੀ ਰਸਮਾਂ ਰਿਵਾਜ਼ਾਂ ਅਤੇ ਠੇਠ ਮਲਵਈ ਬੋਲੀ ਦੇ ਅੰਦਾਜ਼ ਨੂੰ ਵੀ ਬਾਖੂਬੀ ਪੇਸ਼ ਕਰੇਗੀ।
                ਪੰਜ ਪਾਣੀ ਫ਼ਿਲਮਜ਼ ਦੇ ਬੈਨਰ ਹੇਠ ਨਿਰਮਾਤਾ ਗੁਰਪ੍ਰੀਤ ਸਿੰਘ ਤੇ ਨਵਨੀਤ ਸਿੰਘ ਵਿਰਕ ਦੀ ਇਸ ਫ਼ਿਲਮ ਵਿੱਚ ਐਮੀ ਵਿਰਕ ਤੇ ਤਾਨੀਆ ਦੀ ਜੋੜੀ ਤੋਂ ਇਲਾਵਾ ਜੈਸਮੀਨ ਬਾਜਵਾ, ਜਗਜੀਤ ਸੰਧੂ ਸੀਮਾ ਕੌਸਲ, ਕਾਕਾ ਕੌਤਕੀ, ਮੋਹਨੀ ਤੂਰ, ਮਿੰਟੂ ਕਾਪਾ, ਲੱਖਾ ਲਹਿਰੀ, ਬਲਵਿੰਦਰ ਬੁਲਟ, ਰਬਾਬ ਕੌਰ ਨੇ ਅਹਿਮ ਕਿਰਦਾਰ ਨਿਭਾਏ ਹਨ।ਫ਼ਿਲਮ ਦੇ ਗੀਤ ਜਾਨੀ ਨੇ ਲਿਖੇ ਹਨ ਤੇ ਸੰਗੀਤ ਬੀ ਪਰਾਕ ਨੇ ਦਿੱਤਾ ਹੈ।
           ‘ਕਿਸਮਤ’ ਤੋਂ ਬਾਅਦ ਰੁਮਾਂਟਿਕ ਵਿਸ਼ੇ ਦੀ ਇਹ ਫ਼ਿਲਮ ‘ਸੁਫ਼ਨਾ’ 14 ਫ਼ਰਵਰੀ ਨੂੰ ਵੈਲਨਟਾਇਨ ਡੇਅ ‘ਤੇ ਵਿਸ਼ੇੇਸ਼ ਤੌਰ ‘ਤੇ ਰਿਲੀਜ਼ ਹੋਵੇਗੀ।

ਹਰਜਿੰਦਰ ਸਿੰਘ ਜਵੰਦਾ
ਪਟਿਆਲਾ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply