ਪਿੰਡ ਗੋਸਲਾਂ ਦੇ ਕਿਸਾਨ ‘ਆਪ’ ਦੇ ਹਲਕਾ ਇੰਚਾਰਜ ਜਗਤਾਰ ਦਿਆਲਪੁਰਾ ਨੂੰ ਮਿਲੇ
ਸਮਰਾਲਾ, 17 ਮਾਰਚ (ਪੰਜਾਬ ਪੋਸਟ- ਇੰਦਰਜੀਤ ਕੰਗ) – ਬੀਤੇ ਦਿਨੀਂ ਸਮਰਾਲਾ ਹਲਕੇ ਦੇ ਆਸ ਪਾਸ ਦੇ ਪਿੰਡਾਂ ਵਿੱਚ ਹੋਈ ਭਾਰੀ ਗੜ੍ਹੇਮਾਰੀ ਕਾਰਨ, ਖੜ੍ਹੀ ਕਣਕ ਦੀ ਫਸਲ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ।ਇਸ ਭਾਰੀ ਗੜ੍ਹੇਮਾਰੀ ਦਾ ਸ਼ਿਕਾਰ ਅਤੇ ਆਪਣੀ ਖੜ੍ਹੀ ਫਸਲ ਦੇ ਨੁਕਸਾਨ ਦੀ ਭਰਪੂਰਤੀ ਲਈ ਪਿੰਡ ਗੋਸਲਾਂ ਦੇ ਕਿਸਾਨ ਬੀਤੇ ਦਿਨੀਂ ਐਸ.ਡੀ.ਐਮ ਸਮਰਾਲਾ ਨੂੰ ਆਪਣਾ ਮੰਗ ਪੱਤਰ ਦੇ ਕੇ ਗਏ ਸਨ।ਜਿਸ ਵਿੱਚ ਉਨ੍ਹਾਂ ਨੇ ਖੜ੍ਹੀ ਫਸਲ ਦੇ ਹੋਏ ਨੁਕਸਾਨ ਸਬੰਧੀ ਹਲਕਾ ਪਟਵਾਰੀ ਨੂੰ ਭੇਜ ਕੇ ਗਿਰਦਾਵਰੀ ਕਰਵਾ ਕੇ ਮੁਆਵਜਾ ਦੇਣ ਸਬੰਧੀ ਮੰਗ ਕੀਤੀ ਸੀ।ਪ੍ਰੰਤੂ ਅੱਜ ਤੱਕ ਕਿਸੇ ਵੀ ਪ੍ਰਸਾਸ਼ਨਿਕ ਅਧਿਕਾਰੀ ਨੇ ਕੋਈ ਸਾਰ ਨਹੀਂ ਲਈ।ਜਿਸ ਦੇ ਰੋਸ ਵਜੋਂ ਪਿੰਡ ਗੋਸਲਾਂ ਦੇ ਕਿਸਾਨ ਆਪਣੀ ਫਰਿਆਦ ਆਮ ਆਦਮੀ ਪਾਰਟੀ ਸਮਰਾਲਾ ਦੇ ਹਲਕਾ ਇੰਚਾਰਜ ਜਗਤਾਰ ਸਿੰਘ ਦਿਆਲਪੁਰਾ ਪਾਸ ਲੈ ਕੇ ਪੁੱਜੇ ਅਤੇ ਆਪਣੀ ਮੰਗ ਪੰਜਾਬ ਸਰਕਾਰ ਦੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਪਾਸ ਰੱਖਣ ਦੀ ਮੰਗ ਕੀਤੀ ਤਾਂ ਜਗਤਾਰ ਸਿੰਘ ਦਿਆਲਪੁਰਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਇਹ ਮੰਗ ਪੱਤਰ ਹਰਪਾਲ ਸਿੰਘ ਚੀਮਾ ਪਾਸ ਪਹੁੰਚਾ ਦਿੱਤਾ ਜਾਵੇਗਾ।ਉਨ੍ਹਾਂ ਸਮਰਾਲਾ ਪ੍ਰਸਾਸ਼ਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦੀ ਤੋਂ ਜਲਦੀ ਸਮਰਾਲਾ ਹਲਕੇ ਦੇ ਕਿਸਾਨਾਂ ਦੀ ਫਸਲਾਂ ਦੇ ਹੋਏ ਨੁਕਸਾਨ ਸਬੰਧੀ ਕੋਈ ਕਦਮ ਨਾ ਪੁੱਟਿਆ ਤਾਂ ਆਮ ਆਦਮੀ ਪਾਰਟੀ ਸੰਘਰਸ਼ ਦਾ ਐਲਾਨ ਕਰੇਗੀ।
ਇਸ ਮੌਕੇ ਲਖਵੀਰ ਸਿੰਘ, ਦਰਸ਼ਨ ਸਿੰਘ, ਮਨਜੀਤ ਸਿੰਘ, ਅਮਰੀਕ ਸਿੰਘ, ਪ੍ਰੇਮ ਸਿੰਘ, ਰਣਜੀਤ ਸਿੰਘ, ਗੁਰਚਰਨ ਸਿੰਘ ਆਦਿ ਤੋਂ ਇਲਾਵਾ ਪਿੰਡ ਗੋਸਲਾਂ ਦੇ ਹੋਰ ਵੀ ਕਿਸਾਨ ਮੌਜੂਦ ਸਨ।