
ਜਲੰਧਰ, 7 ਅਕਤੂਬਰ (ਹਰਦੀਪ ਸਿੰਘ ਦਿਓਲ ਪਵਨਦੀਪ ਸਿੰਘ ਭੰਡਾਲ) – ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਅਤੇ ਬਾਅਦ ਵਿਚ ਲੋਕਾਂ ਵਲੋਂ ਚਲਾਏ ਜਾਣ ਵਾਲੇ ਪਟਾਕਿਆਂ ਤੋਂ ਹੋਣ ਵਾਲੇ ਸੰਭਾਵੀ ਜਾਨੀ-ਮਾਲੀ ਨੁਕਸਾਨ ਤੋਂ ਆਮ ਜਨਤਾ ਨੂੰ ਬਚਾਉਣ ਅਤੇ ਆਵਾਜ਼ੀ ਪ੍ਰਦੂਸ਼ਣ ਦੀ ਰੋਕਥਾਮ ਲਈ ਸ੍ਰੀ ਕਮਲ ਕਿਸ਼ੋਰ ਯਾਦਵ ਜ਼ਿਲ੍ਹਾ ਮੈਜਿਸਟਰੇਟ ਜਲੰਧਰ ਨੇ ਭਾਰਤੀ ਜ਼ਾਬਤਾ ਸੰਘਤਾ ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ ਦੇ ਥਾਣਾ ਆਦਮਪੁਰ, ਕਰਤਾਰਪੁਰ, ਭੋਗਪੁਰ, ਮਕਸੂਦਾਂ, ਲਾਂਬੜਾ, ਨਕੋਦਰ, ਫਿਲੌਰ, ਸ਼ਾਹਕੋਟ, ਨੂਰਮਹਿਲ, ਲੋਹੀਆਂ, ਬਿਲਗਾ, ਗੁਰਾਇਆ, ਮਹਿਤਪੁਰ ਅਤੇ ਪਤਾਰਾ ਦੀਆਂ ਸੀਮਾਵਾਂ ਅੰਦਰ ਧਮਾਕਾ ਕਰਨ ਵਾਲੇ ਪਟਾਕਿਆਂ ਨੂੰ ਸਟੋਰ ਕਰਨ, ਪ੍ਰਦਰਸ਼ਿਤ ਕਰਨ ਅਤੇ ਵਿਕਰੀ ਕਰਨ ਉਪਰ ਪਾਬੰਦੀ ਲਗਾ ਦਿੱਤੀ ਹੈ।ਹੁਕਮਾਂ ਵਿਚ ਜ਼ਿਲ੍ਹਾ ਮੈਜਿਸਟਰੇਟ ਨੇ ਸਪੱਸ਼ਟ ਕੀਤਾ ਹੈ ਕਿ ਪਟਾਕਿਆਂ ਦੀ ਵਿਕਰੀ ਦੁਕਾਨਾਂ ਦੇ ਅੰਦਰ ਕੀਤੀ ਜਾ ਸਕੇਗੀ। ਦੁਕਾਨ ਦੇ ਬਾਹਰ ਪਟਾਕਿਆਂ ਨੂੰ ਵੇਚਣ ਜਾਂ ਪ੍ਰਦਰਸ਼ਿਤ ਕਰਨ ਦੀ ਆਗਿਆ ਨਹੀਂ ਹੋਵੇਗੀ। ਪਟਾਕਿਆਂ ਨੂੰ ਟੈਂਟ ਰੂਪੀ ਅਸਥਾਈ ਦੁਕਾਨਾਂ ਵਿਚ ਵੇਚਣ ‘ਤੇ ਵੀ ਪਾਬੰਦੀ ਹੋਵੇਗੀ ਕਿਉਂਕਿ ਇਹ ਬਹੁਤ ਛੇਤੀ ਅੱਗ ਫੜ ਲੈਂਦੇ ਹਨ।
ਹੁਕਮਾਂ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਸਬੰਧਿਤ ਉਪ ਮੰਡਲ ਮੈਜਿਸਟਰੇਟਾਂ ਵਲੋਂ ਵੱਖਰੇ ਤੌਰ ‘ਤੇ ਹੁਕਮ ਜਾਰੀ ਕਰਕੇ ਇਹ ਦੱਸਿਆ ਜਾਵੇਗਾ ਕਿ ਉਨ੍ਹਾਂ ਦੀ ਤਹਿਸੀਲ ਵਿਚ ਕਿਸ ਖੇਤਰ ਵਿਚ ਪਟਾਕੇ ਵੇਚੇ ਜਾ ਸਕਦੇ ਹਨ ਅਤੇ ਕਿਥੇ ਨਹੀਂ ਵੇਚੇ ਜਾ ਸਕਦੇ। ਹੁਕਮਾਂ ਵਿਚ ਨਗਰ ਨਿਗਮਾਂ ਅਤੇ ਮਿਊਂਸਪਲ ਕਮੇਟੀਆਂ ਨੂੰ ਆਪਣੇ ਅੱਗ ਬੁਝਾਊ ਯੰਤਰਾਂ ਨੂੰ ਤਿਆਰ-ਬਰ-ਤਿਆਰ ਰੱਖਣ ਦੇ ਵੀ ਆਦੇਸ਼ ਦਿੱਤੇ ਗਏ ਹਨ। ਤਿਉਹਾਰਾਂ ਦੇ ਇਸ ਮੌਸਮ ਦੌਰਾਨ ਥੋਕ ਤੇ ਪਰਚੂਨ ਵਿਕਰੇਤਾਵਾਂ ਨੂੰ ਅੱਗ ਬੁਝਾਊ ਯੰਤਰ, ਰੇਤ-ਪਾਣੀ ਦੀਆਂ ਬਾਲਟੀਆਂ ਅਤੇ ਕੰਬਲਾਂ ਆਦਿ ਦਾ ਪ੍ਰਬੰਧ ਕਰਕੇ ਰੱਖਣ ਦੀ ਵੀ ਹਦਾਇਤ ਕੀਤੀ ਹੈ।
ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਮਨਾਹੀ ਦੇ ਹੁਕਮਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਆਵਾਜ਼ੀ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕੇ ਸਵੇਰੇ 6.00 ਵਜੇ ਤੋਂ ਰਾਤ 10.00 ਵਜੇ ਤੱਕ ਹੀ ਚਲਾਏ ਜਾ ਸਕਣਗੇ ਅਤੇ ਇਨ੍ਹਾਂ ਦਾ ਸ਼ੋਰ ਪੱਧਰ 125 ਡੀ.ਬੀ. (ਏ 1) ਜਾਂ 145 ਡੀ. ਬੀ. (ਸੀ) ਤੋਂ ਵੱਧ ਨਹੀਂ ਹੋਣਾ ਚਾਹੀਦਾ। ਸਾਈਲੈਂਸ ਜ਼ੋਨ ਭਾਵ ਹਸਪਤਾਲਾਂ ਅਤੇ ਵਿਦਿਅਕ ਸੰਸਥਾਵਾਂ ਦੇ ਨੇੜੇ ਪਟਾਕੇ ਚਲਾਉਣ ‘ਤੇ ਮੁਕੰਮਲ ਪਾਬੰਦੀ ਹੋਵੇਗੀ। ਇਸੇ ਪ੍ਰਕਾਰ ਸੁੱਚੀ ਪਿੰਡ ਅਤੇ ਆਈ. ਓ. ਸੀ, ਬੀ. ਪੀ. ਸੀ. ਐਲ ਅਤੇ ਐਚ. ਪੀ. ਸੀ. ਐਲ ਦੇ ਤੇਲ ਟਰਮੀਨਲਾਂ ਤੋਂ 500 ਗਜ਼ ਦੇ ਘੇਰੇ ਅੰਦਰ ਵੀ ਕਿਸੇ ਪ੍ਰਕਾਰ ਦੇ ਪਟਾਕੇ ਚਲਾਉਣ ‘ਤੇ ਪਾਬੰਦੀ ਰਹੇਗੀ।ਇਹ ਹੁਕਮ 10 ਨਵੰਬਰ 2014 ਤੱਕ ਲਾਗੂ ਰਹਿਣਗੇ ਅਤੇ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ਼, ਕਾਰਜਕਾਰੀ ਮੈਜਿਸਟਰੇਟ ਅਤੇ ਜ਼ਿਲ੍ਹਾ ਪੁਲਿਸ ਇਨ੍ਹਾਂ ‘ਤੇ ਅਮਲ ਨੂੰ ਯਕੀਨੀ ਬਣਾਉਣਗੇ।
Punjab Post Daily Online Newspaper & Print Media