ਭੋਗਪੁਰ ਸਹਿਕਾਰੀ ਖੰਡ ਮਿੱਲ ਵਿਖੇ ਗੰਨੇ ਦੀ ਕਾਸ਼ਤ ਸਬੰਧੀ ਸੈਮੀਨਾਰ

ਜਲੰਧਰ, 7 ਅਕਤੂਬਰ (ਹਰਦੀਪ ਸਿੰਘ ਦਿਓਲ ਪਵਨਦੀਪ ਸਿੰਘ ਭੰਡਾਲ) – ਪੰਜਾਬ ਸਰਕਾਰ ਵੱਲੋਂ ਗੰਨੇ ਹੇਠ ਰਕਬਾ ਵਧਾਉਣ ਅਤੇ ਇਸ ਨੂੰ ਲਾਹੇਵੰਦ ਫ਼ਸਲ ਬਣਾਉਣ ਲਈ ਲਈ ਇਕ ਵਿਆਪਕ ਯੋਜਨਾ ਉਲੀਕੀ ਗਈ ਹੈ ਜਿਸ ਵਿਚ ਗੰਨੇ ਦੀਆਂ ਫ਼ਸਲ ਦੇ ਵਧੀਆ ਕਿਸਮਾਂ ਦੇ ਬੀਜ ਤਿਆਰ ਕਰਨੇ, ਬੀਜਣ ਦੇ ਤਰੀਕੇ, ਦਵਾਈਆਂ ਅਤੇ ਖਾਦਾਂ ਦੀ ਵਰਤੋਂ ਅਤੇ ਵੱਖ-ਵੱਖ ਵਿਧੀਆਂ ਨਾਲ ਗੰਨਾ ਬੀਜ ਕੇ ਖ਼ਰਚਾ ਘਟਾਉਣ ਅਤੇ ਆਮਦਨ ਨੂੰ ਵਧਾਉਣਾ ਸ਼ਾਮਿਲ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੰਨੇ ਦੀ ਖੇਤੀ ਦੇ ਮਾਹਿਰ ਡਾ. ਬਿਪਨ ਸ਼ਰਮਾ ਡਾਇਰੈਕਟਰ ਸ਼ੂਗਰਕੇਨ ਖੋਜ ਕੇਂਦਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਭੋਗਪੁਰ ਸਹਿਕਾਰੀ ਖੰਡ ਮਿੱਲ ਵਿਚ ਗੰਨੇ ਦੀ ਕਾਸ਼ਤ ਸਬੰਧੀ ਕਰਵਾਏ ਸੈਮੀਨਾਰ ਮੌਕੇ ਹਾਜ਼ਰ ਕਿਸਾਨਾਂ ਦੇ ਭਾਰੀ ਇਕੱਠ ਦੌਰਾਨ ਪ੍ਰਗਟਾਏ। ਉਨ੍ਹਾਂ ਕਿਹਾ ਕਿ ਗੰਨੇ ਦੀ ਫ਼ਸਲ ਜਿਥੇ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਦੀ ਹੈ, ਉਥੇ ਇਸ ਦੀ ਕਟਾਈ ਤੋਂ ਬਾਅਦ ਹੋਰ ਫ਼ਸਲ ਵੀ ਬੀਜੀ ਜਾ ਸਕਦੀ ਹੈ। ਇਸ ਮੌਕੇ ਉਨ੍ਹਾਂ ਵੱਖ-ਵੱਖ ਵਿਧੀਆਂ ਰਾਹੀਂ ਗੰਨਾ ਬੀਜਣ ਦੇ ਢੰਗ ਬਾਰੇ ਦੱਸਿਆ।
ਸੈਮੀਨਾਰ ਵਿਚ ਇਲਾਕੇ ਦੇ 600 ਦੇ ਕਰੀਬ ਗੰਨਾ ਕਾਸ਼ਤਕਾਰ ਸ਼ਾਮਿਲ ਹੋਏ, ਜਿਨ੍ਹਾਂ ਨੇ ਸਾਇੰਸਦਾਨਾਂ ਦੇ ਦੇ ਵਡਮੁੱਲੇ ਵਿਚਾਰ ਸੁਣੇ। ਸੈਮੀਨਾਰ ਨੂੰ ਡਾ ਰਜਿੰਦਰ ਕੁਮਾਰ ਐਨਟੋਮੋਲੋਜਿਸਟ, ਡਾ. ਗੋਵਿੰਦਰ ਸਿੰਘ ਮਿੱਟੀ ਪਰਖ ਵਿਗਿਆਨੀ, ਡਾ. ਪਰਮਜੀਤ ਸਿੰਘ ਢੱਟ ਪ੍ਰਾਜੈਕਟ ਅਫ਼ਸਰ ਸ਼ੂਗਰਕੇਨ ਪੰਜਾਬ ਸਰਕਾਰ, ਜਲੰਧਰ ਅਤੇ ਡਾ. ਪ੍ਰਭਪਾਲ ਸਿੰਘ ਸਹਾਇਕ ਗੰਨਾ ਵਿਕਾਸ ਅਫ਼ਸਰ ਪੰਜਾਬ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਨੂੰ ਆਪਣੇ ਤਜ਼ਰਬੇ ਦੱਸੇ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਮੌਕੇ ‘ਤੇ ਦਿੱਤੇ। ਸੈਮੀਨਾਰ ਵਿਚ ਗੰਨੇ ਦੀਆਂ ਵੱਖ-ਵੱਖ ਅਗੇਤੀਆਂ, ਦਰਮਿਆਨੀਆਂ ਅਤੇ ਪਿਛੇਤੀਆਂ ਕਿਸਮਾਂ ਬੀਜਣ ਲਈ ਸਿਫਾਰਸ਼ ਕੀਤੀ ਗਈ। ਇਸ ਮੌਕੇ ਮਾਹਿਰਾਂ ਨੇ ਅਗੇਤੀ ਕਿਸਮਾਂ ਹੇਠ 70 ਫੀਸਦੀ ਗੰਨਾ ਲਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਮਿੱਲ ਪਹਿਲਾਂ ਦੀ ਤਰ੍ਹਾਂ ਅਕਤੂਬਰ ਮਹੀਨੇ ਵਿਚ ਚੱਲਣ ‘ਤੇ ਘੱਟੋ-ਘੱਟ 150 ਦਿਨ ਚੱਲ ਕੇ ਅੱਧ ਅਪ੍ਰੈਲ ਵਿਚ ਗੰਨੇ ਦਾ ਸੀਜ਼ਨ ਸਮਾਪਤ ਕਰ ਲਵੇ। ਇਸ ਮੌਕੇ ਗੰਨੇ ਦੀ ਫ਼ਸਲ ਨੂੰ ਲਾਹੇਵੰਦ ਬਣਾਉਣ ਸਬੰਧੀ ਪੁਸਤਕਾਂ ਦੀ ਵੰਡੀਆਂ ਗਈਆਂ। ਮਿੱਲ ਦੇ ਜਨਰਲ ਮੈਨੇਜਰ ਸ. ਭੁਪਿੰਦਰ ਸਿੰਘ ਨੇ ਇਸ ਮੌਕੇ ਦੱਸਿਆ ਕਿ ਮਿੱਲ ਅਤੇ ਗੰਨੇ ਸਬੰਧੀ ਜਾਣਕਾਰੀ ਮਿੱਲ ਦੀ ਵੈਬਸਾਈਟ ਮਮਮ.ਲੀਰਪਬਚਗਫਤਠ.ਫਰਠ ਤੋਂ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਗੰਨੇ ਦੀ ਫ਼ਸਲ ਸਬੰਧੀ ਪੰਜਾਬ ਸਰਕਾਰ ਵੱਲੋਂ ਉਲੀਕੀ ਯੋਜਨਾ ਨੂੰ ਲਾਮਬੰਧ ਕਰਨ ਲਈ ਬੀਤੇ ਦਿਨੀਂ ਵਿਸ਼ੇਸ਼ ਸਕੱਤਰ ਸਹਿਕਾਰਤਾ ਅਤੇ ਪ੍ਰਬੰਧ ਨਿਰਦੇਸ਼ਕ ਸ਼ੂਗਰਫੈਡ ਪੰਜਾਬ ਸ੍ਰੀਮਤੀ ਕਮਲਪ੍ਰੀਤ ਕੌਰ ਬਰਾੜ ਮਿੱਲ ਵਿਚ ਪਧਾਰੇ ਸਨ ਅਤੇ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹੀ ਅਜਿਹੇ ਸੈਮੀਨਾਰ ਕਰਵਾਏ ਜਾ ਰਹੇ ਹਨ।
ਇਸ ਮੌਕੇ ਸ਼ੂਗਰ ਮਿੱਲ ਦੇ ਚੇਅਰਮੈਨ ਸ. ਹਰਦੀਪ ਸਿੰਘ ਢਿੱਲੋਂ, ਉਪ ਚੇਅਰਮੈਨ ਸ. ਅਮਨਦੀਪ ਸਿੰਘ, ਡਾਇਰੈਕਟਰ ਸ. ਜਸਵੀਰ ਸਿੰਘ, ਸ. ਗੁਰਕਮਲ ਸਿੰਘ, ਸ. ਸਤਨਾਮ ਸਿੰਘ, ਸ. ਹਰਬੋਲਿੰਦਰ ਸਿੰਘ ਬੋਲੀਨਾ, ਸ. ਸਵਰਨ ਸਿੰਘ ਢਿੱਲੋਂ ਦਾਸੂਪੁਰ, ਸ. ਪਰਮਜੀਤ ਸਿੰਘ ਕਾਹਲੂਬਾਹਰ, ਸਾਬਕਾ ਚੇਅਰਮੈਨ ਮਿਲਕ ਪਲਾਂਟ ਜਲੰਧਰ ਸ. ਸੁੱਚਾ ਸਿੰਘ, ਮੈਂਬਰ ਸ਼ੂਗਰ ਕੇਨ ਕੰਟਰੋਲ ਬੋਰਡ ਸ. ਸਵਰਨ ਸਿੰਘ ਅਤੇ ਹੋਰ ਉਘੇ ਗੰਨਾ ਕਾਸ਼ਤਕਾਰ ਹਾਜ਼ਰ ਸਨ।