Sunday, February 22, 2026

ਕਰੋਨਾ ਬਨਾਮ ਲੁੱਟ

            Corona Virusਕਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨ ਦੇ ਹੋਏ ਭਾਰਤ ਸਰਕਾਰ ਨੇ ਇਸ ‘ਤੇ ਕਾਬੂ ਪਾਉਣ ਅਤੇ ਲੋਕਾਂ ਦੀ ਸਿਹਤ ਸੰਭਾਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ 14 ਅਪ੍ਰੈਲ ਤੱਕ ਪੂਰੇ ਦੇਸ਼ ਵਿੱਚ ਲੱਗਾ ਲਾਕਡਾਊਨ ਹੁਣ 30 ਅਪ੍ਰੈਲ ਤੱਕ ਵਧਾਇਆ ਜਾ ਰਿਹਾ ਹੈ।ਪੰਜਾਬ ਸਮੇਤ ਕਈ ਸੂਬਿਆਂ ਨੇ ਲਾਕਡਾਊਨ 30 ਅਪ੍ਰੈਲ ਤੱਕ ਵਧਾ ਵੀ ਦਿੱਤਾ ਹੈ, ਜੋ ਬਹੁਤ ਵਧੀਆ ਫੈਸਲਾ ਹੈ। ਧਿਆਨ ਰਹੇ ਕਿ ਇਹ ਬਿਮਾਰੀ ਪਹਿਲਾਂ ਤੋ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ‘ਤੇ ਹੀ ਅੱਗੇ ਫੈਲਦੀ ਹੈ।ਇਸ ਲਈ ਇੱਕ ਦੂਸਰੇ ਤੋਂ ਦੂਰੀ ਬਣਾ ਕੇ ਰੱਖਣ ਅਤੇ ਘਰਾਂ ਅੰਦਰ ਰਹਿਣਾ ਹੀ ਸਮਝਦਾਰੀ ਹੈ।ਪਰ ਇਸ ਨਾਲ ਸਭ ਤੋਂ ਵੱਡੀ ਸਮੱਸਿਆ ਸਾਡੇ ਮੂਹਰੇ ਰੋਜ਼ਮਰਾ ਦੀਆਂ ਜਰੂਰੀ ਵਸਤਾਂ ਰਾਸ਼ਨ, ਫਲ, ਸਜ਼ਬੀਆਂ ਤੇ ਦਵਾਈਆਂ ਆਦਿ ਦੀ ਸਮੱਸਿਆ ਵੀ ਹੈ।ਹਾਲਾਂਕਿ ਰੁਜ਼ਗਾਰ ਕੰਮ ਧੰਦੇ ਤਾਂ ਕੁੱਝ ਦਿਨਾਂ ਲਈ ਰੋਕੇ ਜਾ ਸਕਦੇ ਹਨ, ਪਰ ਭੋਜਨ ਤੋ ਬਿਨਾਂ ਗੁਜ਼ਾਰਾ ਕਰਨਾ ਮੁਸ਼ਕਿਲ ਹੈ।ਇਸ ਬੰਦ ਦੌਰਾਨ ਚੰਗੀ ਗੱਲ ਦੇਖਣ ਨੂੰ ਇਹ ਮਿਲੀ ਕਿ ਕਈ ਸਮਾਜ ਸੇਵੀ ਸੰਸਥਾਵਾਂ, ਕਲੱਬਾਂ ਅਤੇ ਦਾਨੀ ਸੱਜਣ ਗਰੀਬ ਤੇ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਅੱਗੇ ਆਏ ਹਨ।ਇੰਨਾ ਲੋਕਾਂ ਦਾ ਦਿਲੋਂ ਧੰਨਵਾਦ ਹੈ, ਜਿੰਨਾਂ ਇਸ ਘੜੀ ਵਿੱਚ ਲੋਕਾਂ ਦੀ ਬਾਂਹ ਫੜੀ।ਇਹ ਲੋਕ ਵਾਕਿਆ ਹੀ ਸਿਫਤ ਕਰਨ ਦੇ ਭਾਗੀ ਨੇ।
           ਪਰ ਸਭ ਤੋਂ ਦੁੱਖਦਾਈ ਗੱਲ ਇਹ ਹੈ ਕਿ ਇਸ ਮੁਸ਼ਕਿਲ ਦੀ ਘੜੀ ਵਿੱਚ ਕੁੱਝ ਲਾਲਚੀ ਲੋਕ ਦੁਕਾਨਦਾਰ ਖਾਸਕਰ ਕਰਿਆਨਾ ਸਟੋਰ ਤੇ ਰੇਹੜੀ ਵਾਲਿਆਂ ਨੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਮਹਿੰਗੇ ਭਾਅ ਕਰਕੇ ਲੋਕਾਂ ਦੀ ਛਿੱਲ ਲਾਹੁਣੀ ਸ਼ੁਰੂ ਕਰ ਦਿੱਤੀ ਹੈ।ਹਰੇਕ ਵਸਤੂ ਮਗਰ ਪੰਜ ਜਾਂ ਦਸ ਰੁਪਏ ਭਾਅ ਵਧਾ ਦਿੱਤੇ ਗਏ ਹਨ।ਉਦਾਹਰਣ ਵਜੋਂ ਖੰਡ, ਗੁੜ, ਚਾਹ ਪੱਤੀ, ਦਾਲਾਂ ਤੇ ਸਬਜ਼ੀਆਂ ਆਦਿ ਦੇ ਨਜਾਇਜ਼ ਰੇਟ ਵਧਾਉਣ ਬਾਰੇ ਉਨਾਂ ਨੂੰ ਕੋਈ ਪੁੱਛਦਾ ਹੈ ਤਾਂ ਉਹ ਬਹੁਤ ਰੁੱਖਾ ਬੋਲਦੇ ਹਨ ਜਾਂ ਚੀਜ਼ ਨਾ ਦੇਣ ਦੀ ਗੱਲ ਕਰਦੇ ਨੇ।ਕਹਿੰਦੇ ਨੇ ਕਿ ਭਾਅ ਮਗਰੋਂ ਹੀ ਵੱਧ ਗਏ ਹਨ।ਕਹਿੰਦੇ ਨੇ ਸਮਾਨ ਲੈਣਾ ਹੈ ਤਾਂ ਲਵੋ ਬਹੁਤੇ ਸੁਆਲ ਜੁਆਬ ਨਾ ਕਰੋ। ਅਜਿਹੇ ਲਾਲਚੀ ਦੁਕਾਨਦਾਰਾਂ ‘ਤੇ ਲਾਹਣਤ ਪਾਉਣੀ ਬਣਦੀ ਹੈ, ਜੋ ਇਸ ਕੁਦਰਤੀ ਕਰੋਪੀ ਵਿੱਚ ਵੀ ਕਿਸੇ ਦੇ ਕੰਮ ਆਉਣ ਦੀ ਬਜ਼ਾਏ ਆਪਣੀਆ ਜੇਬਾਂ ਭਰਨ ਲੱਗੇ ਹੋਏ ਹਨ।
            ਬੇਸ਼ੱਕ ਰੋਜ਼ ਟੀ.ਵੀ ਚੈਨਲਾਂ ਅਤੇ ਅਖਬਾਰਾਂ ਵਿੱਚ ਕਾਲਾਬਜ਼ਾਰੀ ਨਾ ਕਰਨ ਦੀਆਂ ਖਬਰਾਂ ਆਉਦੀਆਂ ਨੇ, ਪਰ ਸਬੰਧਤ ਅਧਿਕਾਰੀ ਬਿਆਨ ਦੇਣ ‘ਚ ਮਸ਼ਰੂਫ ਹਨ।ਕੁੱਝ ਇੱਕ ਥਾਂ ਕਾਰਵਾਈ ਹੋਣ ਦੇ ਬਾਵਜ਼ੂਦ ਕਈ ਦੁਕਾਨਦਾਰਾਂ ਦੀਆਂ ਆਪ ਹੁਦਰੀਆਂ ਨੂੰ ਠੱਲ ਨਹੀਂ ਪੈ ਰਹੀ।ਇਸ ਲਈ ਲੋਕਾਂ ਦਾ ਵੀ ਫਰਜ਼ ਹੈ ਕਿ ਉਹ ਗੈਰਕਨੂੰਨੀ ਗਤੀਵਿਧੀਆਂ ‘ਚ ਲੱਗੇ ਦੁਕਾਨਦਾਰਾਂ ਖਿਲਾਫ ਖੁੱਲ ਕੇ ਸਾਹਮਣੇ ਆਉਣ ਤੇ ਉਨਾਂ ਦੀ ਸ਼ਿਕਾਇਤ ਪ੍ਰਸਾਸ਼ਨ ਤੱਕ ਜਰੂਰ ਪਹੁੰਚਾਉਣ।
           ਅਜਿਹੀ ਮਹਾਮਾਰੀ ਸਮੇਂ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਸੰਕਟ ‘ਚ ਫਸੇ ਲੋਕਾਂ ਦੀ ਤੁਰੰਤ ਸਾਰ ਲਈ ਜਾਵੇ ਅਤੇ ਏਦਾਂ ਦੇ ਲੋਕਾਂ ਖਿਲਾਫ ਠੋਸ ਨੀਤੀ ਅਪਣਾਈ ਜਾਵੇ ਤਾ ਜੋ ਜਨਤਾ ਨੂੰ ਜਰੂਰੀ ਸਮਾਨ ਵੀ ਮਿਲਦਾ ਰਹੇ ਤੇ ਲੋਕ ਲੁੱਟ ਦਾ ਸ਼ਿਕਾਰ ਹੋਣੋ ਵੀ ਬਚੇ ਰਹਿਣ।

Baltej Sandhu1

 

 

ਬਲਤੇਜ ਸੰਧੂ ਬੁਰਜ
ਪਿੰਡ ਬੁਰਜ ਲੱਧਾ
ਜਿਲ੍ਹਾ ਬਠਿੰਡਾ।
ਮੋ – 9465818158

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …