ਲੁਧਿਆਣਾ ਲਿਆਂਦੇ 25 ਸ਼ਰਧਾਲੂਆਂ ਨੂੰ ਮੈਰੀਟੋਰੀਅਸ ਸਕੂਲ ਦੇ ਆਈਸੋਲੇਸ਼ਨ ਸੈਂਟਰ ‘ਚ ਰੱਖਿਆ
ਲੁਧਿਆਣਾ, 12 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫਸੇ ਪੰਜਾਬੀਆਂ, ਖਾਸ ਕਰਕੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ।ਨੰਦੇੜ (ਮਹਾਰਾਸ਼ਟਰ) ਤੋਂ ਬਾਅਦ ਹੁਣ ਦਿੱਲੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿੱਚ ਫਸੇ ਸ਼ਰਧਾਲੂਆਂ ਨੂੰ ਵੀ ਪੰਜਾਬ ਵਿੱਚ ਲਿਆਂਦਾ ਗਿਆ ਹੈ, ਇਨਾਂ ਵਿੱਚੋਂ 25 ਸ਼ਰਧਾਲੂ ਬੀਤੀ ਰਾਤ ਵਿਸ਼ੇਸ਼ ਬੱਸਾਂ ਰਾਹੀਂ ਲੁਧਿਆਣਾ ਲਿਆਂਦੇ ਗਏ।ਇਨਾਂ ਸ਼ਰਧਾਲੂਆਂ ਨੂੰ ਸਥਾਨਕ ਮੈਰੀਟੋਰੀਅਸ ਵਿਦਿਆਰਥੀਆਂ ਦੇ ਸਕੂਲ ਵਿੱਚ ਬਣੇ ਆਈਸੋਲੇਸ਼ਨ ਸੈਂਟਰ ਵਿੱਚ ਰੱਖਿਆ ਗਿਆ ਹੈ।
ਇਸ ਸੰਬੰਧੀ ਸ਼ਰਧਾਲੂਆਂ ਅਮਰੀਕ ਸਿੰਘ, ਭਾਗ ਸਿੰਘ ਅਤੇ ਅਭਿਸ਼ੇਕ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਦੱਸਿਆ ਕਿ ਜਦੋਂ ਤੋਂ ਦੇਸ਼ ਵਿੱਚ ਲੌਕਡਾਊਨ ਹੋਇਆ ਹੈ, ਉਹ ਉਦੋਂ ਤੋਂ ਹੀ ਵੱਖ-ਵੱਖ ਗੁਰਦੁਆਰਿਆਂ (ਖਾਸ ਕਰਕੇ ਗੁਰਦੁਆਰਾ ਸ੍ਰੀ ਮਜਨੂੰ ਕਾ ਟਿੱਲਾ ਅਤੇ ਸ੍ਰੀ ਬੰਗਲਾ ਸਾਹਿਬ) ਵਿੱਚ ਰੁਕੇ ਹੋਏ ਸਨ।ਬਾਅਦ ਵਿੱਚ ਦਿੱਲੀ ਸਰਕਾਰ ਨੇ ਉਨਾਂ ਨੂੰ ਵੱਖ-ਵੱਖ ਸਕੂਲਾਂ ਵਿੱਚ ਤਬਦੀਲ ਕਰ ਦਿੱਤਾ ਸੀ।ਉਨਾਂ ਦੱਸਿਆ ਕਿ ਇਨਾਂ ਸਕੂਲਾਂ ਵਿੱਚ ਰਹਿਣ ਅਤੇ ਖਾਣ ਪੀਣ ਦੇ ਪ੍ਰਬੰਧ ਬਹੁਤ ਹੀ ਮਾੜੇ ਸਨ।ਜਦਕਿ ਸਥਾਨਕ ਮੈਰੀਟੋਰੀਅਸ ਵਿਦਿਆਰਥੀਆਂ ਦੇ ਸਕੂਲ ਵਿੱਚ ਬਣੇ ਆਈਸੋਲੇਸ਼ਨ ਸੈਂਟਰ ਵਿੱਚ ਪ੍ਰਬੰਧ ਦਿੱਲੀ ਨਾਲੋਂ ਕਿਤੇ ਵਧੀਆ ਹਨ।ਉਨਾਂ ਦੱਸਿਆ ਕਿ ਉਥੇ ਸਿਰਫ਼ ਉਨਾਂ ਨੂੰ ਖਾਣ ਲਈ ਚੌਲ ਦਿੱਤੇ ਜਾਂਦੇ ਸਨ, ਇਥੋਂ ਤੱਕ ਕਿ ਪੀਣ ਵਾਲਾ ਪਾਣੀ ਵੀ ਸਾਫ਼ ਨਹੀਂ ਮਿਲਦਾ ਸੀ।ਜਿਸ ਕਾਰਨ ਕਈ ਦਿਨ ਉਨਾਂ ਦੇ ਪੇਟ ਖ਼ਰਾਬ ਰਿਹਾ।
ਇਸ ਮੌਕੇ ਡਿਊਟੀ `ਤੇ ਹਾਜ਼ਰ ਡਾਕਟਰ ਡਾ. ਮੋਇਨ ਅੰਸਾਰੀ ਤੇ ਡਾ. ਜੋਤਿਕਾ ਨੇ ਦੱਸਿਆ ਕਿ ਇਸ ਸੈਂਟਰ ਵਿੱਚ ਹੁਣ ਤੱਕ ਕੁੱਲ 195 ਸ਼ਰਧਾਲੂਆਂ ਨੂੰ ਲਿਆਂਦਾ ਜਾ ਚੁੱਕਾ ਹੈ, ਜਿਨਾਂ ਵਿੱਚੋਂ 135 ਸ਼ਰਧਾਲੂਆਂ ਨੂੰ ਰਿਪੋਰਟ ਨੈਗੇਟਿਵ ਆਉਣ `ਤੇ ਉਨਾਂ ਦੇ ਪਿੰਡਾਂ ਜਾਂ ਘਰਾਂ ਵਿੱਚ ਇਕਾਂਤਵਾਸ ਕਰਵਾ ਦਿੱਤਾ ਗਿਆ ਹੈ।ਇਨਾਂ ਵਿੱਚੋਂ 52 ਸ਼ਰਧਾਲੂਆਂ ਦੇ ਟੈਸਟ ਪਾਜ਼ੀਟਿਵ ਆਏ ਸਨ, ਜਿਨਾਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਸੀ।