Sunday, March 22, 2026

ਸਮਾਣਾ ਦੇ ਪਿੰਡ ਦੋਦੜਾ ਦਾ ਨਾਇਕ ਰਾਜਵਿੰਦਰ ਸਿੰਘ ਪੁਲਵਾਮਾ `ਚ ਸ਼ਹੀਦ, ਇਲਾਕੇ `ਚ ਸੋਗ ਦੀ ਲਹਿਰ

ਪਰਨੀਤ ਕੌਰ, ਬ੍ਰਹਮ ਮਹਿੰਦਰਾ, ਧਰਮਸੋਤ, ਰਜਿੰਦਰ ਸਿੰਘ ਤੇ ਨਿਰਮਲ ਸਿੰਘ ਵਲੋਂ ਦੁੱਖ ਦਾ ਪ੍ਰਗਟਾਵਾ

ਸਮਾਣਾ/ ਪਟਿਆਲਾ, 7 ਜੁਲਾਈ (ਪੰਜਾਬ ਪੋਸਟ ਬਿਊਰੋ) – ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ ਦੇ ਪਿੰਡ ਦੋਦੜਾ ਦਾ ਵਸਨੀਕ ਅਤੇ ਭਾਰਤੀ ਫ਼ੌਜ ਦਾ ਜਵਾਨ ਨਾਇਕ ਰਾਜਵਿੰਦਰ ਸਿੰਘ (29 ਸਾਲ) ਅੱਜ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ ਅੱਤਵਾਦੀਆਂ ਦਾ ਮੁਕਾਬਲਾ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਿਆ।ਜਿਊਂ ਹੀ ਨਾਇਕ ਰਾਜਵਿੰਦਰ ਸਿੰਘ ਦੀ ਸ਼ਹਾਦਤ ਵਾਲੀ ਖ਼ਬਰ ਪਿੰਡ ਦੋਦੜਾ ਪੁੱਜੀ, ਉਸੇ ਵੇਲੇ ਇਲਾਕੇ `ਚ ਸੋਗ ਦੀ ਲਹਿਰ ਦੌੜ ਗਈ।
                ਸ਼ਹੀਦ ਦੇ ਪਿਤਾ ਅਵਤਾਰ ਸਿੰਘ ਨੇ ਭਰੇ ਗਲ ਨਾਲ ਕਿਹਾ ਕਿ ਉਸ ਦਾ ਪੁੱਤਰ ਆਪਣੀ ਜਾਨ ਦੇਸ਼ ਦੇ ਲੇਖੇ ਲਗਾ ਗਿਆ ਹੈ, ਪਰ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਮੇਰਾ ਪੁੱਤ ਸ਼ਹੀਦ ਹੋਇਆ ਹੈ।ਉਨ੍ਹਾਂ ਦੱਸਿਆ ਕਿ ਭਾਰਤੀ ਫ਼ੌਜ ਵਲੋਂ ਉਨ੍ਹਾਂ ਨੂੰ ਇਸ ਖ਼ਬਰ ਬਾਰੇ ਅੱਜ ਸੂਚਿਤ ਕੀਤਾ ਗਿਆ।
               ਅਵਤਾਰ ਸਿੰਘ ਦਾ ਕਹਿਣਾ ਸੀ ਕਿ ਉਸ ਦੇ ਪੁੱਤਰ ਨੇ ਆਪਣੇ ਦੇਸ਼ ਦੀ ਦੁਸ਼ਮਣਾਂ ਤੋਂ ਰੱਖਿਆ ਕਰਦੇ ਹੋਏ ਅੱਤਵਾਦੀਆਂ ਦਾ ਡਟ ਕੇ ਬਹਾਦਰੀ ਨਾਲ ਮੁਕਾਬਲਾ ਕਰਕੇ ਸ਼ਹਾਦਤ ਦਾ ਜਾਮ ਪੀਤਾ ਹੈ, ਜਿਸ ਨਾਲ ਉਸ ਦਾ ਅਤੇ ਉਸ ਦੇ ਪਿੰਡ ਸਮੇਤ ਪੰਜਾਬ ਦਾ ਨਾਮ ਰੌਸ਼ਨ ਹੋਇਆ ਹੈ।ਉਨ੍ਹਾਂ ਕਿਹਾ ਕਿ ਮੇਰਾ ਪੁੱਤ ਕਰੀਬ 30 ਸਾਲਾਂ ਦਾ ਹੋ ਗਿਆ ਸੀ ਪਰ ਮੇਰੇ ਲਈ ਤਾਂ ਉਹ ਅਜੇ ਵੀ ਬੱਚਾ ਹੀ ਸੀ ਅਤੇ ਉਹ ਜਦੋਂ ਵੀ ਛੁੱਟੀ ਆਉਂਦਾ ਸੀ ਤਾਂ ਉਹ ਮੇਰੇ ਨਾਲ ਹੀ ਸੌਂਦਾ ਸੀ।
              ਸ਼ਹੀਦ ਦੀ ਮਾਂ ਸ੍ਰੀਮਤੀ ਮਹਿੰਦਰ ਕੌਰ ਅਤੇ ਵੱਡੇ ਭਰਾ ਬਲਵੰਤ ਸਿੰਘ ਨੇ ਰੋਂਦਿਆਂ ਕਿਹਾ ਕਿ ਉਨ੍ਹਾਂ ਨੂੰ ਤਾਂ ਇਸ ਗੱਲ `ਤੇ ਯਕੀਨ ਨਹੀਂ ਆ ਰਿਹਾ ਕਿ ਉਨ੍ਹਾਂ ਦਾ ਰਾਜਵਿੰਦਰ ਸਿੰਘ ਸ਼ਹੀਦ ਹੋ ਗਿਆ ਹੈ।ਪਿੰਡ ਦੀ ਸਰਪੰਚ ਸ੍ਰੀਮਤੀ ਪਰਮਜੀਤ ਕੌਰ ਅਤੇ ਨਿਰਭੈ ਸਿੰਘ ਸਮੇਤ ਪੂਰਾ ਪਿੰਡ ਅਤੇ ਹੋਰ ਰਿਸ਼ਤੇਦਾਰ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਉਨ੍ਹਾਂ ਦੇ ਘਰ ਪੁੱਜ ਗਏ।
                ਜਿਕਰਯੋਗ ਹੈ ਕਿ 15 ਅਕਤੂਬਰ 1990 ਪੈਦਾ ਹੋਇਆ ਨਾਇਕ ਰਾਜਵਿੰਦਰ ਸਿੰਘ ਭਾਰਤੀ ਫ਼ੌਜ ਦੀ ਰੈਜੀਮੈਂਟ 24 ਪੰਜਾਬ ਵਿੱਚ 24 ਮਾਰਚ 2011 ਨੂੰ ਭਰਤੀ ਹੋਇਆ ਸੀ।ਭਾਵੇਂਕਿ ਭਾਰਤੀ ਫ਼ੌਜ ਦੇ ਇਸ ਜਾਂਬਾਜ ਜਵਾਨ ਦੀ ਆਪਣੀ ਰੈਜੀਮੈਂਟ ਨਾਗਾਲੈਂਡ ਵਿਖੇ ਤਾਇਨਾਤ ਹੈ ਪ੍ਰੰਤੂ ਰਾਜਵਿੰਦਰ ਸਿੰਘ ਇਸ ਸਮੇਂ 53-ਰਾਸ਼ਟਰੀ ਰਾਈਫ਼ਲਜ `ਚ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ ਸੇਵਾ ਨਿਭਾਅ ਰਿਹਾ ਸੀ।
ਭਾਰਤੀ ਫ਼ੌਜ ਦੇ ਸੂਤਰਾਂ ਮੁਤਾਬਕ ਜੰਮੂ ਕਸ਼ਮੀਰ ਦੇ ਪੁਲਵਾਮਾ ਖੇਤਰ ਵਿਖੇ ਅੱਜ ਸੁਵੱਖਤੇ ਪਿੰਡ ਗੋਸੂ ਵਿਖੇ ਅੱਤਵਾਦੀਆਂ ਖ਼ਿਲਾਫ਼ ਫ਼ੌਜ ਦੇ ਚੱਲ ਰਹੇ ਸਰਚ ਉਪਰੇਸ਼ਨ ਦੌਰਾਨ ਨਾਇਕ ਰਾਜਵਿੰਦਰ ਸਿੰਘ ਅੱਤਵਾਦੀਆਂ ਦਾ ਮੁਕਾਬਲਾ ਕਰਦਾ ਹੋਇਆ ਗੋਲੀ ਲੱਗਣ ਕਰਕੇ ਸ਼ਹੀਦ ਹੋ ਗਿਆ।
                   ਇਸੇ ਦੌਰਾਨ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਸ਼ਹੀਦ ਨਾਇਕ ਰਾਜਵਿੰਦਰ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਸਾਡੇ ਬਹਾਦਰ ਸ਼ਹੀਦਾਂ ਦੀ ਸ਼ਹਾਦਤ ਅਜਾਂਈਂ ਨਹੀਂ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ `ਚ ਉਹ ਖ਼ੁਦ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਸਮੇਤ ਸਾਰਾ ਪੰਜਾਬ ਤੇ ਸਾਡਾ ਦੇਸ਼ ਸ਼ਹੀਦਾਂ ਦੇ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।ਉਨ੍ਹਾਂ ਪਰਮਾਤਮਾ ਕੋਲ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ `ਚ ਨਿਵਾਸ ਬਖ਼ਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।
                ਕੈਬਨਿਟ ਮੰਤਰੀਆਂ ਬ੍ਰਹਮ ਮਹਿੰਦਰਾ ਅਤੇ ਸਾਧੂ ਸਿੰਘ ਧਰਮਸੋਤ ਨੇ ਵੀ ਸ਼ਹੀਦ ਨਾਇਕ ਰਾਜਵਿੰਦਰ ਸਿੰਘ ਦੀ ਸ਼ਹਾਦਤ `ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਹਲਕਾ ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਅਤੇ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ ਅਤੇ ਸ਼ਹੀਦ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਇਸ ਦੁੱਖ ਦੀ ਘੜੀ `ਚ ਉਹ ਪਰਿਵਾਰ ਨਾਲ ਖੜ੍ਹੇ ਹਨ।
                 ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਦੇ ਪਰਿਵਾਰ ਦੇ ਦੁੱਖ `ਚ ਸ਼ਰੀਕ ਹੈ।ਐਸ.ਡੀ.ਐਮ ਸਮਾਣਾ ਨਮਨ ਮੜਕਨ, ਡੀ.ਐਸ.ਪੀ ਜਸਵਿੰਦਰ ਸਿੰਘ ਮਾਂਗਟ ਤੇ ਤਹਿਸੀਲਦਾਰ ਸੰਦੀਪ ਸਿੰਘ ਨੇ ਵੀ ਪਰਿਵਾਰ ਨਾਲ ਦੁੱਖ ਵੰਡਾਇਆ ਹੈ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …