ਸਰਕਾਰੀ ਦਫ਼ਤਰਾਂ ‘ਚ ਲੋਕਾਂ ਦੇ ਬਕਾਇਆ ਕੰਮ ਨਬੇੜਣ ਨੂੰ ਦਿੱਤੀ ਜਾ ਰਹੀ ਹੈ ਤਰਜ਼ੀਹ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਪ੍ਰਸ਼ਾਸ਼ਨ ਦੀ ਸਹਾਇਤਾ ਕਰਨ ਅਤੇ ਖੁਦ ਵੀ ਅੱਗੇ ਆਉਣ।ਇਸ ਦਿਸ਼ਾ ਵਿਚ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਮਿਸ਼ਨ ਫਤਹਿ ਤਹਿਤ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਕਿਸੇ ਵੀ ਹਾਲਤ ਵਿਚ ਇਸ ਬਿਮਾਰੀ ਦੇ ਕਮਿਊਨਿਟੀ ਵਿਚ ਫੈਲਾਅ ਨੂੰ ਰੋਕਣਾ ਬਹੁਤ ਜਰੂਰੀ ਹੈ, ਜੋ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ।
ਢਿੱਲੋਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਕੋਸ਼ਿਸ਼ ਹੈ ਕਿ ਲੋਕਾਂ ਦੀ ਸਰਕਾਰੀ ਦਫ਼ਤਰਾਂ ਸਮੇਤ ਹਰ ਜਗ੍ਹਾ ਆਵਾਜਾਈ ਘਟਾਈ ਜਾਵੇ।ਜਿਸ ਤਹਿਤ ਦਫ਼ਤਰਾਂ ਵਿਚ ਲੋਕਾਂ ਦੇ ਬਕਾਇਆ ਪਏ ਕੇਸ ਤਰਜ਼ੀਹ ਨਾਲ ਨਿਪਟਾਏ ਜਾ ਰਹੇ ਹਨ।ਜੇਕਰ ਕਿਸੇ ਵਿਅਕਤੀ ਨੂੰ ਬਹੁਤ ਜਰੂਰੀ ਕੰਮ ਹੋਵੇਗਾ ਤਾਂ ਉਹ ਸੰਬੰਧਤ ਅਧਿਕਾਰੀ ਨਾਲ ਆਨਲਾਈਨ ਗੱਲਬਾਤ ਕਰ ਸਕੇਗਾ।ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਆਮ ਲੋਕਾਂ ਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਹੈਲਪ ਲਾਈਨ ਨੰਬਰ ਜਾਰੀ ਕੀਤੇ ਹੋਏ ਹਨ।ਜਿਹਨਾਂ ਦਾ ਲੋਕਾਂ ਨੂੰ ਲਾਭ ਲੈਣਾ ਚਾਹੀਦਾ ਹੈ।
ਢਿੱਲੋਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਨੇੜੇ ਹੋ ਕੇ ਸੁਣਨ ਲਈ ਫੇਸਬੁੱਕ ਲਾਈਵ ਸੈਸ਼ਨ ਵੀ ਸ਼ੁਰੂ ਕੀਤੇ ਹਨ।ਹੁਣ ਹਰੇਕ ਬੁੱਧਵਾਰ ਨੂੰ ਸ਼ਾਮ 7 ਵਜੇ ਉਹ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਲੋਕਾਂ ਨਾਲ ਜੁੜਿਆ ਕਰਨਗੇ।ਲੋਕ ਇਸ ਮੰਚ ਉੱਤੇ ਵੀ ਆਪਣੀਆਂ ਮੁਸ਼ਕਿਲਾਂ, ਸੁਝਾਵਾਂ ਅਤੇ ਹੋਰ ਜਾਣਕਾਰੀਆਂ ਸਾਂਝੀਆਂ ਕਰ ਸਕਦੇ ਹਨ।ਢਿਲੋਂ ਨੇ ਕਿਹਾ ਕਿ ਵਪਾਰੀ ਵਰਗ ਹਫ਼ਤੇ ਦੇ 6 ਦਿਨ ਕੰਮ ਕਰਕੇ ਖੁਸ਼ ਹੈ।
ਸ਼ਿਵਦੁਲਾਰ ਸਿੰਘ ਢਿਲੋਂ ਨੇ ਵਸਨੀਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਸੇ ਵੀ ਕੰਮ ਲਈ ਸਰਕਾਰੀ ਦਫ਼ਤਰਾਂ ਵਿੱਚ ਨਾ ਜਾਣ ਅਤੇ ਇਸ ਦੀ ਬਜ਼ਾਏ ਉਨ੍ਹਾਂ ਨੂੰ ਆਪਣੀਆਂ ਦਰਖ਼ਾਸਤਾਂ/ਸ਼ਿਕਾਇਤਾਂ/ਯਾਦ ਪੱਤਰਾਂ ਨੂੰ ਈ-ਮੇਲ ਹੀ ਜਮ੍ਹਾਂ ਕਰਾਉਣ।ਉਹਨਾਂ ਇਸ ਮੁਸ਼ਕਿਲ ਘੜੀ ਵਿੱਚ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।ਉਹਨਾਂ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।