Friday, August 21, 2026

ਗਰਭਵਤੀ ਔਰਤਾਂ ਦੇ ਸੁਰੱਖਿਅਤ ਜਣੇਪੇ ਲਈ ਕੋਵਿਡ ਕੇਅਰ ਵਾਰਡ `ਚ ਡਾਕਟਰ ਤਾਇਨਾਤ – ਡੀ.ਸੀ

ਹੁਣ ਤੱਕ 6 ਕੋਰੋੋਨਾ ਪਾਜ਼ਟਿਵ ਗਰਭਵਤੀ ਅੋਰਤਾਂ ਨੇ ਕੋਰੋਨਾ ਨੂੰ ਹਰਾ ਕੇ ਕੀਤੀ ਘਰ ਵਾਪਸੀ -ਸਿਵਲ ਸਰਜਨ

ਲੌਂਗੋਵਾਲ/ ਧੂਰੀ , 1 ਅਗਸਤ (ਜਗਸੀਰ ਲੌਂਗੋਵਾਲ/ ਪ੍ਰਵੀਨ ਗਰਗ) – ਕੋਰੋਨਾ ਮਹਾਂਮਾਰੀ ਦੇ ਖਾਤਮੇ ਲਈ ਪੰਜਾਬ ਸਰਕਾਰ ਵਲੋਂ ਚਲਾਏ ਗਏ “ਮਿਸ਼ਨ ਫਤਿਹ“ ਤਹਿਤ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ `ਤੇ ਸਿਹਤ ਵਿਭਾਗ ਪੰਜਾਬ ਵੱਲੋਂ ਜਿਥੇ ਹਰੇਕ ਲੋੜੀਂਦੇ ਪ੍ਰਬੰਧਾਂ ਨੂੰ ਅਮਲ `ਚ ਲਿਆਂਦਾ ਜਾ ਰਿਹਾ ਹੈ, ਉਥੇ ਜ਼ਿਲ੍ਹਾ ਸੰਗਰੂਰ ਦੇ ਸਿਵਲ ਹਸਪਤਾਲ ਧੂਰੀ ਵਿਖੇ ਗਰਭਵਤੀ ਮਹਿਲਾਵਾਂ ਲਈ (ਲੈਵਲ 2) ਦਾ ਵਿਸ਼ੇਸ ਕੋਵਿਡ ਕੇਅਰ ਵਾਰਡ ਸਥਾਪਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਰਾਮਵੀਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਸਬ ਡਵੀਜ਼ਨ ਧੂਰੀ ਵਿਖੇ ਕੋਰੋਨਾ ਪਾਜ਼ਟਿਵ ਗਰਭਵਤੀ ਔਰਤਾਂ ਲਈ 20 ਬਿਸਤਰਿਆਂ ਵਾਲਾ ਵਿਸ਼ੇਸ ਕੋਵਿਡ ਕੇਅਰ ਵਾਰਡ ਲੋੜੀਂਦੀਆਂ ਸੁਵਿਧਾਵਾਂ ਅਤੇ ਡਾਕਟਰੀ ਟੀਮਾਂ ਨਾਲ 24 ਘੰਟੇ ਖੁੱਲਾ ਹੈ।ਉਨ੍ਹਾਂ ਦੱਸਿਆ ਕਿ ਵਾਰਡ ਅੰਦਰ ਲੋੜ ਪੈਣ `ਤੇ 10 ਹੋਰ ਬਿਸਤਰਿਆਂ ਲਈ ਥਾਂ ਰਾਖਵੀਂ ਰੱਖੀ ਗਈ ਹੈ ਤਾਂ ਜੋ ਕੋਰੋਨਾ ਪਾਜ਼ਟਿਵ ਔਰਤਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਔਰਤ ਰੋਗਾਂ ਦੇ ਮਾਹਿਰ ਡਾਕਟਰ (ਗਾਈਨੋਕੋਲਜਿਸਟ) ਸਿਫਟਾਂ ਅੰਦਰ ਡਿਊਟੀ `ਤੇ ਤਾਇਨਾਤ ਰਹਿੰਦੇ ਹਨ ਅਤੇ ਹਰੇਕ ਐਮਰਜੈਂਸੀ ਸੁਵਿਧਾ ਲਈ ਸੁਚੱਜੇ ਪ੍ਰਬੰਧ ਕੀਤੇ ਗਏ ਹਨ।
                 ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਨੇ ਦੱਸਿਆ ਕਿ ਧੂਰੀ ਦਾ ਕੋਵਿਡ ਕੇਅਰ ਸੈਂਟਰ ਗਰਭਵਤੀ ਔਰਤਾਂ ਲਈ ਲਾਹੇਵੰਦ ਸਾਬਿਤ ਹੋਇਆ ਹੈ।ਹੁਣ ਤੱਕ 6 ਕੋਰੋਨਾ ਪਾਜ਼ਿਟਿਵ ਗਰਭਵਤੀ ਮਹਿਲਾਵਾਂ ਨੂੰ ਵਾਰਡ ‘ਚ ਦਾਖਲ ਕੀਤਾ ਗਿਆ।ਦਾਖਲ ਕੋਰੋਨਾ ਪਾਜਟਿਵ 2 ਮਹਿਲਾਵਾ ਦੀ ਅਪਰੇਸ਼ਨ ਨਾਲ ਅਤੇ 1 ਮਹਿਲਾ ਦੀ ਨਾਰਮਲ ਡਲਿਵਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਤਿੰਨੇ ਪਾਜ਼ਿਟਿਵ ਮਹਿਲਾਵਾਂ ਦੇ ਨਵਜੰਮੇ ਬੱਚਿਆਂ ਦੇ 24 ਘੰਟੇ ਦੇ ਅੰਤਰ ਨਾਲ 2 ਵਾਰ ਨਮੂਨੇ ਲੈ ਕੇ ਜਾਂਚ ਕਰਵਾਈ ਗਈ, ਬੱਚਿਆਂ ਦੀ ਕੋਰੋਨਾ ਰਿਪੋਰਟ ਨੈਗਟਿਵ ਆਉਣ `ਤੇ ਮਾਂ ਅਤੇ ਬੱਚਿਆਂ ਨੂੰ ਵੱਖਰਾ ਰੱਖਿਆ ਗਿਆ ਅਤੇ ਕੋਰੋਨਾ ਨੂੰ ਮਾਤ ਦੇ ਕੇ ਮਹਿਲਾਵਾਂ ਨੇ ਆਪਣੇ ਨਵਜੰਮੇ ਬੱਚਿਆਂ ਸਮੇਤ ਘਰ ਵਾਪਸੀ ਕੀਤੀ। ਉਨ੍ਹਾਂ ਨੇ ਦੱਸਿਆ ਕਿ 3 ਹੋਰ ਦਾਖਲ ਮਰੀਜ਼ਾਂ ਨੇ ਕੋਰੋਨਾ ਨੂੰ ਹਰਾ ਕੇ ਘਰ ਵਾਪਸੀ ਕੀਤੀ ਅਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ ਦੋ ਦੀ ਡਲਿਵਰੀ ਹੋ ਗਈ ਹੈ ਅਤੇ ਇਕ ਦੀ ਹੋਣੀ ਬਾਕੀ ਹੈ।
                 ਐਸ.ਐਮ.ਓ ਧੂਰੀ ਡਾ. ਗੁਰਸ਼ਰਨ ਸਿੰਘ ਨੇ ਦੱਸਿਆ ਕਿ ਕੋਰੋਨਾਪਾਜਿਟਵ ਔਰਤਾਂ ਲਈ ਸਥਾਪਿਤ ਕੀਤੇ ਸਪੈਸ਼ਲ ਵਾਰਡ ਅੰਦਰ ਔਰਤ ਰੋਗਾਂ ਦੇ 8 ਮਾਹਿਰ ਡਾਕਟਰ ਰੋਸਟਰ ਮੁਤਾਬਿਕ ਹਰ ਸਮੇਂ ਡਿਊਟੀ ‘ਤੇ ਹਾਜ਼ਰ ਰਹਿੰਦੇ ਹਨ।ਉਨ੍ਹਾਂ ਦੱਸਿਆ ਡਾਕਟਰੀ ਟੀਮ ਵਲੋਂ ਪੀ.ਪੀ.ਈ ਕਿੱਟ ਪਾ ਕੇ ਗਰਭਵਤੀ ਔਰਤਾਂ ਦੇ ਲੋੜੀਂਦੇ ਟੈਸਟ ਅਤੇ ਹੋਰ ਖਾਣ ਪੀਣ ਦੀ ਸਮੱਗਰੀ ਪਹੁੰਚਾਉਣ ਲਈ ਪ੍ਰਬੰਧ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਸੁਰੱਖਿਆ ਲਈ ਹੋਮ ਗਾਰਡ ਦੇ ਜਵਾਨ ਤਾਇਨਾਤ ਕੀਤੇ ਗਏ ਹਨ।ਡਿਲੀਵਰੀ ਲਈ ਵਿਸ਼ੇਸ ਲੇਬਰ ਰੂਮ ਅਤੇ ਅਪਰੇਸ਼ਨ ਥੀਏਟਰ ਤਿਆਰ ਕੀਤਾ ਗਿਆ ਹੈ ਜਿਥੇ ਲੋੜ ਵਾਲਾ ਹਰੇਕ ਸਾਜ਼ੋ ਸਾਮਾਨ ਮੌਜ਼ੂਦ ਹੈ।

Check Also

ਰੱਖੜ ਪੁੰਨਿਆਂ ਦੇ ਪਾਵਨ ਮੌਕੇ ਰਈਆ ਦਾਣਾ ਮੰਡੀ ਵਿਖੇ ਰਾਜ ਪੱਧਰੀ ਸਮਾਗਮ 28 ਅਗਸਤ ਨੂੰ

ਅੰਮ੍ਰਿਤਸਰ, 20 ਅਗਸਤ (ਜਗਦੀਪ ਸਿੰਘ) – ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ …