ਬੇਟ ਇਲਾਕੇ ਦੇ ਕਾਸ਼ਤਕਾਰ ‘ਆਪ’ ਹਲਕਾ ਇੰਚਾਰਜ ਨੂੰ ਵਫ਼ਦ ਦੇ ਰੂਪ ‘ਚ ਮਿਲੇ
ਸਮਰਾਲਾ, 7 ਅਗਸਤ (ਇੰਦਰਜੀਤ ਕੰਗ) – ਮਾਛੀਵਾੜਾ ਬੇਟ ਇਲਾਕੇ ਵਿੱਚ ਕਾਸ਼ਤਕਾਰਾਂ ਦਾ ਇੱਕ ਵਫਦ ਆਮ ਆਦਮੀ ਪਾਰਟੀ ਹਲਕਾ ਸਮਰਾਲਾ ਦੇ ਇੰਚਾਰਜ
ਜਗਤਾਰ ਸਿੰਘ ਦਿਆਲਪੁਰਾ ਨੂੰ ਸਮੱਸਿਆਵਾਂ ਸਬੰਧੀ ਰਾਜਿੰਦਰ ਸਿੰਘ ਰਾਜੇਵਾਲ ਰਾਜਪੂਤਾਂ ਅਤੇ ਬਖਸ਼ੀਸ਼ ਸਿੰਘ ਸਮਰਾਲਾ ਦੀ ਅਗਵਾਈ ‘ਚ ਮਿਲਿਆ।ਉਨ੍ਹਾਂ ਦੱਸਿਆ ਕਿ ਸਾਨੂੰ ਅਜਾਦੀ ਤੋਂ ਬਾਅਦ ਸਰਕਾਰ ਨੇ 10 ਸਾਲਾਂ ਲਈ ਬੇਅਬਾਦ ਅਤੇ ਬੰਜ਼ਰ ਜਮੀਨਾਂ ਦਿੱਤੀਆਂ ਸਨ।ਜਿਨ੍ਹਾਂ ਨੂੰ ਦਿਨ ਰਾਤ ਦੀ ਮਿਹਨਤ ਪਿੱਛੋਂ ਅਬਾਦ ਕੀਤਾ।10 ਸਾਲਾਂ ਦੀ ਮਿਆਦ ਉਪਰੰਤ ਹੋਰ 10 ਸਾਲਾਂ ਲਈ ਇਹ ਜਮੀਨ ਫਿਰ ਅਲਾਟ ਕਰ ਦਿੱਤੀ ਗਈ ਅਤੇ ਵਾਅਦਾ ਵੀ ਕੀਤਾ ਗਿਆ ਕਿ ਉਕਤ ਜਮੀਨ ਦੇ ਮਾਲਕੀ ਹੱਕ ਵੀ ਉਨ੍ਹਾਂ ਨੂੰ ਹੀ ਦੇ ਦਿੱਤੇ ਜਾਣਗੇ।
ਅਗਲੇ 10 ਸਾਲਾਂ ਦੌਰਾਨ ਮਾਲ ਮਹਿਕਮੇ ਦੇ ਉਚ ਅਧਿਕਾਰੀਆਂ ਨੇ ਮਿਲੀਭੁਗਤ ਕਰਕੇ ਉਕਤ ਜਮੀਨ ਉਨਾਂ ਕੋਲੋਂ ਛੁਡਾਉਣ ਲਈ ਸਰਕਾਰੀ ਕਾਗਜ਼ਾਂ ਵਿੱਚ ਹੇਰਾਫੇਰੀ ਕਰਕੇ ਜਮੀਨਾਂ ਪਿੰਡ ਦੀਆਂ ਪੰਚਾਇਤਾਂ ਦੇ ਨਾਮ ਕਰ ਦਿੱਤੀਆਂ।ਉਹ ਪਿਛਲੇ 60-70 ਸਾਲਾਂ ਤੋਂ ਉਕਤ ਜਮੀਨਾਂ ‘ਤੇ ਕਾਸ਼ਤ ਕਰ ਰਹੇ ਹਾਂ, ਸਮੇਂ ਸਮੇਂ ਦੀਆਂ ਸਰਕਾਰਾਂ ਨੇ ਸਾਡੇ ਨਾਲ ਵਾਅਦੇ ਕੀਤੇ ਕਿ ਉਕਤ ਜ਼ਮੀਨਾਂ ਦੀ ਮਾਲਕੀ ਸਾਡੀ ਨਾਮ ਕਰ ਦਿੱਤੀ ਜਾਵੇਗੀ।ਪ੍ਰੰਤੂ ਇਹ ਸਾਰਾ ਕੁੱਝ ਸਿਫਰ ਵੋਟਾਂ ਦਾ ਛਲਾਵਾਂ ਹੀ ਰਿਹਾ ਹੈ, ਹੱਕ ਅਜੇ ਤੱਕ ਨਹੀਂ ਮਿਲੇ।ਜਿਸ ਕਾਰਨ ਉਨਾਂ ‘ਤੇ ਹਮੇਸ਼ਾਂ ਖਤਰੇ ਦੀ ਘੰਟੀ ਖੜਕਦੀ ਰਹਿੰਦੀ ਹੈ। ਉਨ੍ਹਾਂ ਮੰਗ ਕੀਤੀ ਖੋਹੀਆਂ ਜ਼ਮੀਨਾਂ ਮੁਆਵਜੇ ਮਾਲਕੀ ਦੇ ਹੱਕਾਂ ਸਮੇਤ ਵਾਪਸ ਦਿਵਾਈਆਂ ਜਾਣ।ਉਨਾਂ ਵਿਸ਼ਵਾਸ਼ ਦਿਵਾਇਆ ਕਿ ਇਸ ਮਾਮਲੇ ਸਬੰਧੀ ਪਾਰਟੀ ਹਾਈ ਕਮਾਂਡ ਨੇਤਾਵਾਂ ਤੇ ਵਿਧਾਇਕਾਂ ਨਾਲ ਗੱਲਬਾਤ ਕਰਨਗੇ ਤਾਂ ਜੋ ਇਹ ਮੁੱਦਾ ਪੰਜਾਬ ਵਿਧਾਨ ਸਭਾ ਵਿੱਚ ਵੀ ਉਠਾਇਆ ਜਾ ਸਕੇ।ਵਫਦ ਵਿੱਚ ਹੋਰਨਾਂ ਤੋਂ ਇਲਾਵਾ ਬਲਵੀਰ ਸਿੰਘ, ਵਿਕਰਮ ਸਿੰਘ, ਦਰਸ਼ਨ ਸਿੰਘ, ਪਿਆਰਾ ਸਿੰਘ ਆਦਿ ਵੀ ਹਾਜ਼ਰ ਸਨ।
Punjab Post Daily Online Newspaper & Print Media