Wednesday, February 25, 2026

ਖੂਨ ਦੀ ਰਿਸ਼ਤੇਦਾਰੀ

ਏਕ ਨੂਰ ਦੇ ਜਾਏ ਹਾਂ।
ਕਿਉਂ ਦੂਜੇ ਲਈ ਪਰਾਏ ਹਾਂ।
ਸਾਨੂੰ ਪੰਡਤ, ਮੁੱਲਾਂ ਵੰਡਿਆ,
ਜਾਂ ਵੰਡਿਆ ਪੈਰੋਕਾਰਾਂ ਨੇ,
ਸਾਨੂੰ ਵੰਡਿਆ ਆਪਣੇ ਮਤਲਬ ਲਈ,
ਕੁੱਝ ਧਰਮ ਦੇ ਠੇਕੇਦਾਰਾਂ ਨੇ।
ਜੇ ਰੱਬ ਸਾਨੂੰ ਵੰਡਿਆ ਹੁੰਦਾ,
ਇੱਕੋ ਜਿਹੀਆਂ ਨਾ ਅਕਲਾਂ ਹੁੰਦੀਆਂ।
ਵਿੰਗ ਤੜਿੰਗੇ ਬੂਥੇ ਹੁੰਦੇ,
ਟੇਡੀਆਂ ਮੇਡੀਆਂ ਸ਼ਕਲਾਂ ਹੁੰਦੀਆਂ।
ਖੂਨ ਕਿਸੇ ਦਾ ਹਰਿਆ ਹੁੰਦਾ,
ਨੀਲਾ, ਪੀਲਾ, ਚਿੱਟਾ ਹੁੰਦਾ।
ਅਰਕ ‘ਤੇ ਲੱਗਾ ਗੋਡਾ ਹੁੰਦਾ,
ਧੌਣ ‘ਤੇ ਲੱਗਾ ਗਿੱਟਾ ਹੁੰਦਾ।
ਹਿੰਦੂ ਮੁਸਲਿਮ, ਸਿੱਖ, ਇਸਾਈ,
ਇੱਕੋ ਜਿਹੀਆ ਨਾ ਲੱਤਾਂ ਹੁੰਦੀਆਂ।
ਘਰ ਵੀ ਵੱਖਰੇ ਹੁੰਦੇ,
ਵੱਖੋ ਵੱਖਰੀਆਂ ਮੰਗਾਂ ਹੁੰਦੀਆਂ।
ਸਾਇੰਸ ਵੀ ਹੁੰਦੀ ਵੱਖੋ ਵੱਖਰੀ,
ਵੱਖਰੀਆਂ ਹੀ ਖੋਜ਼ਾਂ ਹੁੰਦੀਆਂ।
ਕੋਈ ਤੁਰਨ ਤੋਂ ਆਉਖਾ ਹੁੰਦਾ,
ਕਿਸੇ ਕਿਸੇ ਨੂੰ ਮੌਜਾਂ ਹੁੰਦੀਆਂ।
ਅੰਗ ਕਿਸੇ ਦੇ ਕੰਮ ਨਾ ਆਉਂਦੇ,
ਕਿਸੇ ਵੀ ਦੂਜੇ ਭਾਈਆਂ ਦੇ।
ਕਦੀ ਮੁਰੰਮਤ ਨਾ ਹੁੰਦਾ ਬੰਦਾ,
ਸੁੱਟਦੇ ਵਾਂਗ ਕਸਾਈਆਂ ਦੇ।
ਰਾਜਨੀਤੀ ਦਾ ਵੰਡਿਆ ਬੰਦਾ,
ਠੀਕ ਨਾ ਹੋਵੇ ਖਿਆਲਾ `ਚੋਂ।
ਨੀਤ ਮਾੜੀ ਦਾ ਇਲਾਜ਼ ਕਦੇ ਨਾ,
ਹੁੰਦਾ ਹਸਪਤਾਲਾਂ `ਚੋਂ।
ਰੱਬ ਨੇ ਇੱਕੋ ਢਾਂਚਾ ਬਣਾ ਕੇ,
ਅੰਦਰ ਜੋਤ ਜਗਾਈ ਏ।
ਦੋ ਟਕੇ ਦੀ ਚੌਧਰ ਖਾਤਿਰ,
ਵੰਡ ਬੰਦੇ ਨੇ ਪਾਈ ਏ।
ਫੇਰ ਦੱਸੋ ਖਾਂ ਕੌਣ ਬੇਗਾਨਾ,
ਗੱਲ ਤਾਂ ਸੋਚਣ ਵਾਲੀ ਏ।
“ਸੰਧੂ” ਸਾਡੀ ਹਰ ਬੰਦੇ ਨਾਲ,
ਖੂਨ ਦੀ ਰਿਸ਼ਤੇਦਾਰੀ ਏ। 150820

ਸ਼ਿਨਾਗ ਸਿੰਘ ਸੰਧੂ
ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ।
ਮੋ – 97816 93300

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …