Tuesday, March 31, 2026

ਸ਼ਰਧਾ ਭਾਵਨਾ ਨਾਲ ਮਨਾਈ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਦੀ 43ਵੀਂ ਬਰਸੀ

ਅੰਮ੍ਰਿਤਸਰ, 17 ਅਗਸਤ (ਸੁਖਬੀਰ ਸਿੰਘ) – ਦਮਦਮੀ ਟਕਸਾਲ ਦੇ ਕੇਂਦਰੀ ਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਮਹਿਤਾ ਵਿਖੇ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਪੰਥ ਰਤਨ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ 43ਵੀਂ ਬਰਸੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ‘ਚ ਪੂਰੀ ਸ਼ਰਧਾ ਭਾਵਨਾ ਨਾਲ ਮਨਾਈ ਗਈ।
             ਸਮਾਗਮ ਵਿੱਚ ਵਿਸ਼ੇਸ਼ ਤੌਰ `ਤੇ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਸਿੱਖੀ ਪ੍ਰਚਾਰ ਪ੍ਰਸਾਰ ਲਈ ਪਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ।ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਜੀ ਦੇ ਜੀਵਨ `ਤੇ ਰੌਸ਼ਨੀ ਪਾਉਂਦਿਆਂ ਉਨ੍ਹਾਂ ਕਿਹਾ ਕਿ ਸੰਤ ਜੀ ਨੇ ਆਪਣਾ ਸਾਰਾ ਜੀਵਨ ਗੁਰੂ ਲੇਖੇ ਲਾਉਂਦਿਆਂ ਗੁਰਮਤਿ ਸਿਧਾਂਤ ਦੇ ਪਰਚਾ ਪ੍ਰਸਾਰ ਨੂੰ ਸਮਰਪਿਤ ਕੀਤਾ।ਉਨ੍ਹਾਂ ਕਿਹਾ ਕਿ ਅੱਜ ਕੁੱਝ ਅਖੌਤੀ ਪ੍ਰਚਾਰਕ ਗਲੈਮਰ ਦੀ ਦੁਨੀਆ ਵਿੱਚ ਵਿਚਰਦਿਆਂ ਸੰਗਤ ਨੂੰ ਆਪਣੇ ਨਾਲ ਜੋੜਨ ਨੂੰ ਤਰਜ਼ੀਹ ਦੇ ਰਹੇ ਹਨ।
              ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਦਮਦਮੀ ਟਕਸਾਲ ਦੀ ਵਿਲੱਖਣ ਸੇਵਾ ਅਤੇ ਪਰਉਪਕਾਰ ਦੀ ਗੱਲ ਕਰਦਿਆਂ ਕਿਹਾ ਕਿ ਦਮਦਮੀ ਟਕਸਾਲ ਵੱਲੋਂ ਦਿੱਤੀਆਂ ਸ਼ਹਾਦਤਾਂ ਨੇ ਮੌਜੂਦਾ ਸਮੇਂ ਵਿਸ਼ਵ ਪੱਧਰ `ਤੇ ਖ਼ਾਲਸਾ ਪੰਥ ਦੀ ਨਿਆਰੀ ਹਸਤੀ ਨੂੰ ਮਜ਼ਬੂਤੀ ਦਿੱਤੀ ਹੈ।
ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਸ਼੍ਰੀ ਮੁੱਖ ਵਾਕ ਦੀ ਕੱਥਾ ਸੰਗਤਾਂ ਨੂੰ ਸਰਵਣ ਕਰਵਾਉਂਦਿਆਂ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਜੀ ਦੇ ਘਾਲਣਾ ਭਰੇ ਅਲੌਕਿਕ ਜੀਵਨ ਸਫ਼ਰ, ਗੁਰਬਾਣੀ ਦੇ ਪ੍ਰਚਾਰ ਪ੍ਰਸਾਰ `ਚ ਪਾਏ ਵੱਡੇ ਅਤੇ ਲਾਸਾਨੀ ਯੋਗਦਾਨ `ਤੇ ਚਾਨਣਾ ਪਾਇਆ।
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਖ਼ਾਲਸਾ ਨੇ ਕਿਹਾ ਕਿ ਸੰਤ ਕਰਤਾਰ ਸਿੰਘ ਜੀ ਨੇ ਸਿੱਖੀ ਪ੍ਰਚਾਰ ਲਈ ਨਿਵੇਕਲਾ ਰਾਹ ਅਪਣਾਇਆ ਅਤੇ ਅੰਤ ਸਮੇਂ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਨੂੰ ਪੁੱਗਾ ਦੇ ਦਿਖਾਇਆ।ਸੂਫ਼ੀ ਸੰਤ ਗ਼ੁਲਾਮ ਹੈਦਰ ਕਾਦਰੀ, ਬਾਬਾ ਬੰਤਾ ਸਿੰਘ, ਗਿਆਨੀ ਜੀਵਾ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਸਮਾਗਮ ਵਿਚ ਬਹੁਤ ਵੱਡੀ ਗਿਣਤੀ ‘ਚ ਸੰਗਤਾਂ ਪੁੱਜੀਆਂ।
            ਇਸ ਸਮੇਂ ਭਾਈ ਈਸ਼ਰ ਸਿੰਘ, ਭਾਈ ਅਜੈਬ ਸਿੰਘ ਅਭਿਆਸੀ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਬਾਬਾ ਅਜੀਤ ਸਿੰਘ ਮੁਖੀ ਤਰਨਾ ਦਲ ਮਹਿਤਾ, ਬਾਬਾ ਮੇਜਰ ਸਿੰਘ ਵਾਂ, ਬਾਬਾ ਸੁਵਿੰਦਰ ਸਿੰਘ ਟਾਹਲੀ ਸਾਹਿਬ, ਬਾਬਾ ਗੁਰਭੇਜ ਸਿੰਘ ਖੁਜਾਲਾ ਮੁੱਖ ਬੁਲਾਰਾ ਸੰਤ ਸਮਾਜ, ਬਾਬਾ ਮਨਮੋਹਨ ਸਿੰਘ ਭੰਗਾਲੀ, ਬਾਬਾ ਗੁਰਮੀਤ ਸਿੰਘ ਬਦੋਵਾਲ, ਬਾਬਾ ਸਵਰਨ ਸਿੰਘ ਰਸੂਲਪੁਰ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਬਾਬਾ ਦਰਸ਼ਨ ਸਿੰਘ ਘੋੜੇਵਾਹ, ਭਾਈ ਰਾਮ ਸਿੰਘ, ਬਾਬਾ ਮੇਜਰ ਸਿੰਘ ਗੁਰੂਆਣਾ, ਬਾਬਾ ਗੁਰਦਿਆਲ ਸਿੰਘ ਲੰਗੇਆਣਾ, ਗਿਆਨੀ ਸੁਰਜੀਤ ਸਿੰਘ, ਭਾਈ ਰਾਮ ਸਿੰਘ ਰਾਗੀ, ਭਾਈ ਜਸਪਾਲ ਸਿੰਘ ਭੱਟੀ ਮੁੰਬਈ, ਜਥੇਦਾਰ ਸੁਖਦੇਵ ਸਿੰਘ ਅਨੰਦਪੁਰ, ਭਾਈ ਜਸਕੀਰਤ ਸਿੰਘ ਆਸਟਰਲੀਆ, ਰਾਜਬੀਰ ਸਿੰਘ ਉਦੋਨੰਗਲ, ਸਰਪੰਚ ਅਮਰ ਸਿੰਘ ਮਧਰੇ, ਪ੍ਰਿੰਸੀਪਲ ਗੁਰਦੀਪ ਸਿੰਘ, ਗੁਰਮੁਖ ਸਿੰਘ ਸਾਬਾ, ਪ੍ਰੋਫੈਸਰ ਸਰਚਾਂਦ ਸਿੰਘ ਆਦਿ ਨੇ ਵੀ ਹਾਜ਼ਰੀ ਭਰੀ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …