Tuesday, October 13, 2026

ਕਰੋਨਾ ਦੇ ਦਹਿਸ਼ਤੀ ਮਾਹੌਲ ‘ਚ 72 ਸਾਲਾ ਬਜ਼ੁਰਗ ਲਈ ਰੱਬ ਦਾ ਰੂਪ ਬਣੇ ਨਿੱਜੀ ਹਸਪਤਾਲ ਦੇ ਡਾਕਟਰ

ਅੰਮ੍ਰਿਤਸਰ, 23 ਅਗਸਤ (ਪੰਜਾਬ ਪੋਸਟ ਬਿਊਰੋ) – ਪੂਰੀ ਦੁਨੀਆਂ ਵਿੱਚ ਕਰੋਨਾ ਮਹਾਂਮਾਰੀ ਨਾਲ ਬਣੇ ਦਹਿਸ਼ਤ ਦੇ ਮਾਹੌਲ ‘ਚ ਇਨਸਾਨੀਅਤ ਲੀਰੋ-ਲੀਰ ਹੋਈ ਪਈ ਹੈ।ਮੁਨਾਫਾਖੋਰ ਵੀ ਲੋਕਾਂ ਨੂੰ ਖੌਫਜ਼ਦਾ ਕਰਕੇ ਪੂਰੀ ਤਰ੍ਹਾਂ ਲੁੱਟ ਮਚਾ ਰਹੇ ਹਨ।ਅਜਿਹੇ ਮਾਹੌਲ ਵਿੱਚ ਜਿਥੇ ਦਿਲ ਦੇ ਦੌਰੇ ਦੇ ਮਰੀਜ਼ ਨੂੰ ਕੋਈ ਵੀ ਹਸਪਤਾਲ ਹੱਥ ਨਹੀਂ ਪਾ ਰਿਹਾ ਸੀ, ਉਥੇ ਸਥਾਨਕ ਨਿੱਜੀ ਵਲੋਂ ਇਲਾਜ਼ ਕਰ ਕੇ ਇੱਕ 72 ਸਾਲਾ ਮਰੀਜ਼ ਦੀ ਜਾਨ ਬਚਾਏ ਜਾਣ ਦੀ ਖਬਰ ਮਿਲੀ ਹੈ।
            ਗੁਰਪ੍ਰੀਤ ਸਿੰਘ ਰੰਗੀਲਪੁਰ ਵਾਸੀ ਰੰਗੀਲਪੁਰ ਜਿਲਾ ਗੁਰਦਾਸਪੁਰ ਨੇ ਲਿਖਤੀ ਤੌਰ ‘ਤੇ ਦੱਸਿਆ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਉਨਾਂ ਦੇ ਪਿਤਾ ਫਕੀਰ ਸਿੰਘ ਦੀ ਨਬਜ਼ ਬਹੁਤ ਘਟ ਗਈ ਸੀ ਤੇ ਸਰੀਰ ਠੰਡਾ ਪੈ ਗਿਆ ਸੀ।ਬਟਾਲੇ ਦੇ ਚਾਰ-ਪੰਜ ਹਸਪਤਾਲਾਂ ਵਲੋਂ ਇਲਾਜ਼ ਤੋਂ ਇਨਕਾਰ ਕਰਨ ‘ਤੇ ਅੰਮ੍ਰਿਤਸਰ ਪਹੁੰਚਣ ‘ਤੇ ਕੁੱਝ ਨਾਮੀ-ਗਰਾਮੀ ਹਸਪਤਾਲਾਂ ਨੇ ਗੇਟ ਤੋਂ ‘ਕੋਈ ਬੈਡ ਖਾਲੀ ਨਹੀਂ ਹੈ।” ਜਾਂ “ਵੱਸ ਦੀ ਗੱਲ ਨਹੀਂ ਹੋਰ ਕਿਤੇ ਲੈ ਜਾਓ।” ਦਾ ਰਾਗ ਅਲਾਪਿਆ।ਰੰਗੀਲਪੁਰ ਨੇ ਕਿਹਾ ਕਿ ਕੋਈ ਇੱਕ-ਅੱਧੀ ਗੋਲੀ ਦੇਣ ਤੇ ਕੋਈ ਟੀਕਾ ਲਾਉਣ ਦੀ ਬੇਨਤੀ ‘ਤੇ ਵੀ ਕਿਸੇ ਵੀ ਹਸਪਤਾਲ ਨੇ ਤਰਸ ਨਾ ਖਾਧਾ।ਅਜਿਹੇ ਹਾਲਾਤਾਂ ‘ਚ ਉਨਾਂ ਦੇ ਜਾਣਕਾਰ ਅਰਵਿੰਦਰਪਾਲ ਸਿੰਘ ਅਤੇ ਉਸ ਦੇ ਦੋਸਤ ਸੁਖਰਾਜ ਸਿੰਘ ਨੇ ਕਾਰਪੋਰੇਟ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ ਤੇ ਬਿਨਾਂ ਦੇਰੀ ਕੀਤੇ ਹਸਪਤਾਲ ਪਹੁੰਚਣ ‘ਤੇ ਉਨਾਂ ਦੇ ਪਿਤਾ ਨੂੰ ਉਥੇ ਦਾਖਲ਼ ਕਰ ਲਿਆ ਗਿਆ।
            ਗੁਰਪ੍ਰੀਤ ਸਿੰਘ ਨੇ ਕਿਹਾ ਕਿ ਹਸਪਤਾਲ ਦੇ ਐਡਮਨਿਸਟੇਟਰ ਡਾ. ਜੀ.ਐਸ ਚਾਹਲ ਨਾਲ ਗੱਲ ਕਰਨ ‘ਤੇ ਉਨਾਂ ਨੇ ਬੜੀ ਸਰਲਤਾ ਨਾਲ ਪਿਤਾ ਜੀ ਦੇ ਕੇਸ ਬਾਰੇ ਸਮਝਾਇਆ।ਅਗਲੇ ਦਿਨ ਉਹਨਾਂ ਪਿਤਾ ਜੀ ਦੇ ਤਿੰਨ ਸਟੰਟ ਪਾਏ ਅਤੇ ਇਲਾਜ਼ ਉਪਰੰਤ ਚੌਥੇ-ਪੰਜਵੇਂ ਦਿਨ ਪਿਤਾ ਜੀ ਨੂੰ ਹਸਪਤਾਲ ਤੋਂ ਡਿਸਚਾਰਜ਼ ਕਰ ਦਿੱਤਾ ਗਿਆ।ਡਾ. ਚਾਹਲ ਨੇ ਉਨਾਂ ਨੂੰ ਦੱਸਿਆ ਕਿ ਹਸਪਤਾਲ ਦੇ ਮੈਨਜਿੰਗ ਡਾਇਰੈਕਟਰ ਡਾ. ਜਤਿੰਦਰ ਮਲਹੋਤਰਾ ਹਨ ਅਤੇ ਸਾਰਾ ਇਲਾਜ ਡਾ. ਨਵੀਨ ਕੁਮਾਰ ਡੋਗਰਾ ਨੇ ਕੀਤਾ।ਰੰਗੀਲਪੁਰ ਨੇ ਦੱਸਿਆ ਕਿ ਕਾਰਪੋਰੇਟ ਹਸਪਤਾਲ ਨੇ ਮੁਸੀਬਤ ਸਮੇਂ ਉਨਾਂ ਦੀ ਬਾਂਹ ਫੜੀ।ਜੇਕਰ ਸਮੇਂ ਸਿਰ ਇਲਾਜ਼ ਨਾ ਹੁੰਦਾ ਤਾਂ ਉਨਾਂ ਦੇ ਪਿਤਾ ਨਾਲ ਕੁੱਝ ਵੀ ਹੋ ਸਕਦਾ ਸੀ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …