ਫ਼ਾਊਂਡੇਸ਼ਨ ਨੇ ਲੋੜਵੰਦ ਲੜਕੀਆਂ ਦੀ ਭਲਾਈ ਲਈ ਹਮੇਸ਼ਾਂ ਕੀਤਾ ਯਤਨ – ਆਨਰੇਰੀ ਸਕੱਤਰ ਛੀਨਾ
ਅੰਮ੍ਰਿਤਸਰ, 7 ਸਤੰਬਰ (ਖੁਰਮਣੀਆਂ) – ਖਾਲਸਾ ਗਲੋਬਲ ਰੀਚ ਫਾਊਂਡੇਸ਼ਨ (ਅਮਰੀਕਾ) ਵਲੋਂ ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ ਦੀਆਂ
ਵਿਦਿਆਰਥਣਾਂ ਨੂੰ ਮਾਇਕ ਸਹਾਇਤਾ ਵਜੋਂ 3 ਲੱਖ ਰੁਪਏ ਦਾ ਚੈਕ ਅੱਜ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਭੇਂਟ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਮੌਜ਼ੂਦਗੀ ’ਚ ਲੰਗਰੁ ਚਲੈ ਗੁਰ ਸਬਦਿ ਸੰਸਥਾ (ਰਜ਼ਿ) ਚੀਚਾ ਅੰਮ੍ਰਿਤਸਰ ਦੇ ਪ੍ਰਧਾਨ ਕਮ ਚੇਅਰਮੈਨ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਵਲੋਂ ਛੀਨਾ ਨੂੰ ਸਪੁੱਰਦ ਕੀਤਾ ਗਿਆ।
ਛੀਨਾ ਨੇ ਯੋਗ ਵਿਦਿਆਰਥਣਾਂ ਲਈ ਰਾਹਤ ਵਜੋਂ ਦਿੱਤੇ ਗਏ ਉਕਤ ਚੈਕ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਗਲੋਬਲ ਰੀਚ ਫ਼ਾਊਂਡੇਸ਼ਨ ਵਲੋਂ ਪਹਿਲਾਂ ਵੀ ਵਿਸ਼ੇਸ਼ ਮਾਲੀ ਸਹਾਇਤਾ ਖ਼ਾਲਸਾ ਕਾਲਜ ਅੰਮ੍ਰਿਤਸਰ, ਖ਼ਾਲਸਾ ਕਾਲਜ ਫ਼ਾਰ ਵੂਮੈਨ ਨੂੰ ਵੱਡੇ ਪੱਧਰ ’ਤੇ ਪ੍ਰਦਾਨ ਕੀਤੀ ਗਈ ਹੈ।ਉਨ੍ਹਾਂ ਗਲੋਬਲ ਰੀਚ ਫ਼ਾਊਂਡੇਸ਼ਨ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਹਾਇਤਾ ਨਾਲ ਗਰੀਬ ਪਰਿਵਾਰ ਤੋਂ ਮੈਰੀਟੋਰੀਅਸ ਬੱਚੀਆਂ ਆਪਣੀ ਪੜ੍ਹਾਈ ਜਾਰੀ ਰੱਖ ਸਕਣਗੀਆਂ।ਉਨ੍ਹਾਂ ਕਿਹਾ ਕਿ ਫ਼ਾਊਂਡੇਸ਼ਨ ਨੇ ਲੋੜਵੰਦ ਲੜਕੀਆਂ ਦੀ ਭਲਾਈ ਲਈ ਹਮੇਸ਼ਾਂ ਯਤਨ ਕੀਤਾ ਹੈ।
ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਇਹ ਸਹਾਇਤਾ ਕਾਲਜ ਦੀ ਹਰ ਜਰੂਰਤਮੰਦ ਪਰ ਹੋਣਹਾਰ ਬੱਚੀ ਤੱਕ ਪਹੁੰਚੇਗੀ ਤੇ ਉਹ ਖ਼ਾਲਸਾ ਗਲੋਬਲ ਰੀਚ ਫ਼ਾਊਂਡੇਸ਼ਨ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸ਼ੁਕਰਗੁਜ਼ਾਰ ਹਨ।ਉਨ੍ਹਾਂ ਦੱਸਿਆ ਕਿ ਗਲੋਬਲ ਰੀਚ ਫ਼ਾਊਂਡੇਸ਼ਨ ਵਲੋਂ ਉਕਤ ਰਾਸ਼ੀ ਚੈਕ ਲੰਗਰੁ ਚਲੈ ਗੁਰ ਸ਼ਬਦਿ ਸੰਸਥਾ ਰਾਹੀਂ ਡਾ. ਹੁਸ਼ਿਆਰ ਨਗਰ ਰਾਹੀਂ ਭੇਜਿਆ ਗਿਆ ਹੈ, ਜੋ ਕਿ ਅੱਜ ਛੀਨਾ ਦੀ ਮੌਜ਼ੂਦਗੀ ’ਚ ਹਾਸਲ ਕੀਤਾ ਗਿਆ।
ਇਸ ਮੌਕੇ ਅੰਤਰਰਰਾਸ਼ਟਰੀ ਪੱਧਰ ’ਤੇ ਆਰਟ ਅਤੇ ਕਲਚਰ ਨੂੰ ਉਤਸ਼ਾਹਿਤ ਕਰਨ ਵਾਲੇ ਕੇ.ਸੀ.ਜੀ.ਏ.ਏ ਦੇ ਕਨਵੀਨਰ ਡਾ. ਦਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਉਹ ਗਲੋਬਲ ਐਲੂਮਨੀ ਬਾਡੀ ਦੇ ਪ੍ਰਬੰਧਕ ਖ਼ਾਲਸਾ ਕਾਲਜ ਦੇ ਪੁਰਾਣੇ ਵਿਦਿਆਰਥੀ ਹੋਣ ਨਾਤੇ ਹਮੇਸ਼ਾਂ ਹੀ ਸੰਸਥਾਵਾਂ ਦੀ ਮਦਦ ਲਈ ਅੱਗੇ ਆਉਂਦੇ ਹਨ।ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਅਲੂਮਨੀ ਬਿਪਤਾ ਦੀ ਹਰੇਕ ਘੜੀ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨਾਲ ਚਟਾਨ ਵਾਂਗੂੰ ਖੜ੍ਹੀ ਹੈ।
ਇਸ ਮੌਕੇ ਡਾ. ਹੁਸ਼ਿਆਰ ਨਗਰ ਨੇ ਖਾਲਸਾ ਕਾਲਜ ਮੈਨੇਜ਼ਮੈਂਟ ਦੇ ਵਿੱਦਿਆ ਪ੍ਰਸਾਰ ਪ੍ਰਤੀ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਹੀ ਖ਼ਾਲਸਾ ਕਾਲਜ ਸੰਸਥਾਵਾਂ ਦੀ ਮਦਦ ਲਈ ਤਿਆਰ ਹਨ।
Punjab Post Daily Online Newspaper & Print Media