Friday, October 2, 2026

ਸਰਬੱਤ ਦਾ ਭਲਾ ਟਰੱਸਟ ਦੇ ਮੁੱਖੀ ਡਾ. ਓਬਰਾਏ ਹੋਏ ਕਰੋਨਾ ਮੁਕਤ-ਪੀ.ਜੀ.ਆਈ ਤੋਂ ਪਰਤੇ ਘਰ

ਉਨ੍ਹਾਂ ਦੀ ਤੰਦਰੁਸਤੀ ਲਈ ਅਰਦਾਸਾਂ ਕਰਨ ਵਾਲੇ ਸੁਨੇਹੀਆਂ ਦਾ ਡਾ. ਓਬਰਾਏ ਨੇ ਕੀਤਾ ਧੰਨਵਾਦ

ਅੰਮ੍ਰਿਤਸਰ, 13 ਅਕਤੂਬਰ (ਜਗਦੀਪ ਸਿੰਘ) – ਬਿਨਾਂ ਕਿਸੇ ਸਵਾਰਥ ਆਪਣੇ ਕੋਲੋਂ ਪੈਸੇ ਖਰਚ ਕੇ ਵੱਡੇ ਮਿਸਾਲੀ ਸੇਵਾ ਕਾਰਜ ਨਿਭਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਜੋ ਕਿ ਪਿਛਲੇ ਦਿਨੀਂ ਕਰੋਨਾ ਦੀ ਲਪੇਟ `ਚ ਆਉਣ ਕਾਰਨ ਪੀ.ਜੀ.ਆਈ ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਸਨ, ਅੱਜ ਕਰੋਨਾ ਰਿਪੋਰਟ ਨੈਗਟਿਵ ਆਉਣ ‘ਤੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਉਪਰੰਤ ਆਪਣੇ ਘਰ ਪਰਤ ਆਏ ਹਨ।
                ਟਰੱਸਟ ਦੇ ਬੁਲਾਰੇ ਨੇ ਦੱਸਿਆ ਕਿ ਦੇਸ਼ `ਚ ਕਰੋਨਾ ਸੰਕਟ ਦੇ ਸ਼ੁਰੂ ਹੁੰਦਿਆਂ ਹੀ ਡਾ. ਐਸ.ਪੀ ਸਿੰਘ ਓਬਰਾਏ ਵੱਲੋਂ ਆਪਣੇ ਦੁਬਈ ਵਿਚਲੇ ਸਾਰੇ ਕੰਮਕਾਰ ਛੱਡ ਕੇ ਸਿਹਤ ਦੀ ਪ੍ਰਵਾਹ ਨਾ ਕਰਦਿਆਂ ਆਪਣੀ ਜੇਬ `ਚੋਂ ਕਰੀਬ 30 ਕਰੋੜ ਰੁਪਏ ਖ਼ਰਚ ਕੇ ਪੰਜਾਬ ‘ਚ ਇਸ ਮਹਾਂਮਾਰੀ ਦੌਰਾਨ ਲੋੜਵੰਦ ਤੇ ਗਰੀਬ ਲੋਕਾਂ ਦੇ ਪਰਿਵਾਰਾਂ ਦੇ ਚੁੱਲੇ ਤੱਪਦੇ ਰੱਖਣ ਲਈ 2 ਲੱਖ ਤੋਂ ਵਧੇਰੇ ਲੋਕਾਂ ਨੂੰ ਇੱਕ-ਇੱਕ ਮਹੀਨੇ ਦਾ ਸੁੱਕਾ ਰਾਸ਼ਨ ਵੰਡਣ, ਪੰਜਾਬ ਦੇ ਸਾਰੇ ਹੀ ਸਰਕਾਰੀ ਮੈਡੀਕਲ ਕਾਲਜਾਂ, ਹਸਪਤਾਲਾਂ, ਹਵਾਈ ਅੱਡਿਆਂ, ਬੀ.ਐਸ.ਐਫ਼ ਤੋਂ ਇਲਾਵਾ ਸਮੁੱਚੇ ਜ਼ਿਲ੍ਹਿਆਂ ਦੇ ਸਿਵਲ, ਸਿਹਤ ਤੇ ਪੁਲਿਸ ਪ੍ਰਸ਼ਾਸਨ ਨੂੰ ਵੱਡੀ ਮਾਤਰਾ `ਚ ਵੈਂਟੀਲੇਟਰ, ਐਂਬੂਲੈਂਸ ਗੱਡੀਆਂ, ਪੀ.ਪੀ.ਈ ਕਿੱਟਾਂ, ਸਰਜੀਕਲ ਮਾਸਕ, ਸੈਨੇਟਾਈਜ਼ਰ,ਇਨਫਰਾਰੈਡ ਥਰਮਾਮੀਟਰ, ਅੰਤਿਮ ਯਾਤਰਾ ਗੱਡੀਆਂ ਵੰਡਣ ਦੀ ਵੱਡੀ ਸੇਵਾ ਨਿਭਾਅ ਕੇ ਪੂਰੀ ਦੁਨੀਆਂ ਅੰਦਰ ਇੱਕ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ।ਉਨ੍ਹਾਂ ਦੱਸਿਆ ਇਨ੍ਹਾਂ ਸੇਵਾ ਕਾਰਜਾਂ ਦੌਰਾਨ ਹੀ ਪਿਛਲੇ ਦਿਨੀਂ ਡਾ. ਓਬਰਾਏ ਕਰੋਨਾ ਦੀ ਲਪੇਟ `ਚ ਆ ਗਏ ਸਨ ਅਤੇ ਉਨ੍ਹਾਂ ਨੂੰ ਪੀ.ਜੀ.ਆਈ ਚੰਡੀਗੜ੍ਹ ਵਿਚ ਭਰਤੀ ਕਰਾਉਣਾ ਪਿਆ ਸੀ।ਕਰੋਨਾ ਰਿਪੋਰਟ ਨੈਗਟਿਵ ਆਉਣ ਉਪਰੰਤ ਅੱਜ ਡਾ. ਓਬਰਾਏ ਹਸਪਤਾਲ ਤੋਂ ਆਪਣੇ ਘਰ ਪਰਤ ਆਏ ਹਨ।
                    ਡਾ. ਓਬਰਾਏ ਵੱਲੋਂ ਉਨ੍ਹਾਂ ਦੀ ਤੰਦਰੁਸਤੀ ਲਈ ਦੇਸ਼-ਵਿਦੇਸ਼ ਤੋਂ ਅਰਦਾਸ ਬੇਨਤੀਆਂ ਕਰਨ ਵਾਲੇ ਸਾਰੇ ਹੀ ਸੁਨੇਹੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਹੈ।
                   ਜ਼ਿਕਰਯੋਗ ਹੈ ਕਿ ਪੂਰੀ ਦੁਨੀਆਂ ਅੰਦਰ ਲੋੜਵੰਦਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਦੁਬਈ ਦੇ ਸਿੱਖ ਕਾਰੋਬਾਰੀ ਡਾ. ਐਸ.ਪੀ ਸਿੰਘ ਓਬਰਾਏ ਦੀ ਸਿਹਤਯਾਬੀ ਅਤੇ ਚੜ੍ਹਦੀ ਕਲਾ ਲਈ ਦੇਸ਼ ਵਿਦੇਸ਼ `ਚ ਬੈਠੇ ਲੋਕਾਂ ਵੱਲੋਂ ਵੱਡੇ ਪੱਧਰ ‘ਤੇ ਲਗਾਤਾਰ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …