
ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ ਬਿਊਰੋ)- ਸਮੁੱਚਾ ਸਿੱਖ ਜਗਤ 14 ਮਾਰਚ ਨੂੰ ਗੁਰੂ ਹਰਿ ਰਾਇ ਸਾਹਿਬ ਦਾ ਗੁਰੂ ਗੱਦੀ ਦਿਵਸ ਸਿੱਖ ਵਾਤਾਵਰਨ ਦਿਵਸ ਵਜੋਂ ਮਨਾਇਆ ਜਾਵੇਗਾ।ਇਸ ਦਿਨ ਨੂੰ ਸਿੰਘ ਸਾਹਿਬਾਨ ਵੱਲੋਂ ਨਾਨਕਸ਼ਾਹੀ ਕਲੰਡਰ ਦੇ ਪਹਿਲੇ ਦਿਨ ਵਜੋਂ ਵੀ ਨਿਵਾਜਿਆ ਗਿਆ ਹੈ। ਸਿੱਖ ਵਾਤਾਵਰਨ ਦਿਵਸ ਦਾ ਹੋਕਾ ਈਕੋ ਸਿੱਖ ਸੰਸਥਾ ਵੱਲੋਂ 2011 ਵਿੱਚ ਦਿੱਤਾ ਗਿਆ।ਇਸ ਨੂੰ ਭਰਵਾਂ ਹੁੰਗਾਰਾ ਉਦੋਂ ਮਿਲਿਆ ਜਦੋਂ ਸਿੱਖ ਜਗਤ ਦੇ ਪੰਜੇ ਸਿੰਘ ਸਾਹਿਬਾਨਾਂ ਨੇ ਇਸ ਦਿਨ ਦੀ ਸ਼ਿਰਕਤ ਪੱਕੇ ਤੌਰ ਤੇ ਸਿੱਖ ਕਲੰਡਰ ਵਿੱਚ ਕੀਤੀ। ਇਸ ਸਾਲ ਵੀ ਸ. ਅਵਤਾਰ ਸਿੰਘ ਮੱਕੜ, ਪ੍ਰਧਾਨ ਐਸ.ਜੀ.ਪੀ.ਸੀ. ਨੇ ਸਿੱਖਾਂ ਦੀ ਇਸ ਸਿਰਮੌਰ ਸੰਸਥਾ ਦੇ ਦਾਇਰੇ ਹੇਠ ਆਉਂਦੀਆਂ ਸੱਭ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਇਸ ਦਿਨ ਨੂੰ ਵਾਤਾਵਰਨ ਦੀ ਸਾੰਭ-ਸੰਭਾਲ ਅਤੇ ਪੌਦੇ ਲਾਉਣ ਨੂੰ ਸਮਰਪਿਤ ਕਰ ਦਿੱਤਾ ਜਾਵੇ।ਗੁਰਬਾਣੀ ਵਿੱਚ ਗੁਰੁ ਸਾਹਿਬਾਨਾਂ ਨੇ ਪਵਨ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦੇ ਕੇ ਨਿਵਾਜਿਆ ਹੈ। ਗੁਰੁ ਹਰਿ ਰਾਇ ਸਾਹਿਬ ਆਪ ਵੀ ਇੱਕ ਅਨਿਨ ਵਾਤਾਵਰਨ ਪ੍ਰੇਮੀ ਸਨ। ਉਹਨਾਂ ਨੇ ਆਪਣੇ ਸਿੱਖਾਂ ਵਿੱਚ ਵੀ ਸਦਾ ਕੁਦਰਤ ਅਤੇ ਉਸ ਦੇ ਹਰ ਹਿੱਸੇ ਦੀ ਸਾੰਭ-ਸੰਭਾਲ ਦੀ ਸੋਝੀ ਬਖਸ਼ੀ ਹੈ। ਈਕੋਸਿੱਖ ਸੰਸਥਾ ਦੇ ਸੰਸਥਾਪਕ ਡਾ. ਰਾਜਵੰਤ ਸਿੰਘ ਜੋ ਅਮਰੀਕਾ ਦੇ ਵਾਸ਼ਿੰਗਟਨ ਡੀ. ਸੀ. ਵਿੱਚ ਵੱਸਦੇ ਹਨ ਨੇ ਕਿਹਾ, “ਉਹਨਾਂ ਵਾਸਤੇ ਇਸ ਦਿਨ ਦੀ ਅਹਿਮੀਅਤ ਇੱਕ ਸਾਕਾਰ ਸੁਫਨੇ ਵਜੋਂ ਹੈ ਅਤੇ ਉਹ ਦੁਨੀਆ ਭਰ ਤੋਂ ਮਿਲੇ ਹੁੰਗਾਰੇ ਨਾਲ ਬਹੁਤ ਖੁਸ਼ ਹਨ”। ਸਿੱਖ ਧਰਮ ਦੁਨੀਆ ਦਾ ਪਹਿਲਾ ਧਰਮ ਹੈ ਜਿਸ ਨੇ ਇਸ ਦਿਨ ਨੂੰ ਵਾਤਾਵਰਨ ਦਿਵਸ ਵਜੋਂ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਰਾਹੀਂ ਸੰਗਤ ਵਿੱਚ ਕੁਦਰਤ ਨਾਲ ਪ੍ਰੇਮ ਭਾਵ ਅਤੇ ਇੱਕ ਜਿੰਮੇਵਾਰ ਤਰੀਕੇ ਨਾਲ ਜਿਊਣ ਦੀ ਜਾਚ ਦੱਸੀ ਗਈ ਹੈ।ਦੁਨੀਆ ਭਰ ਵਿੱਚ ਧਾਰਮਿਕ ਅਤੇ ਵਿੱਦਿਅਕ ਅਦਾਰਿਆਂ ਨੇ ਇਸ ਪੂਰੇ ਹਫਤੇ ਵਿੱਚ ਵਾਤਾਵਰਨ ਨਾਲ ਸੰਬੰਧਿਤ ਸਮਾਗਮ ਉਲੀਕੇ ਹਨ। ਵੱਖ ਵੱਖ ਦੇਸ਼ ਜਿਵੇਂ ਕਿ ਯੂ. ਐਸ. ਏ., ਫਰਾਂਸ, ਘਾਨਾ, ਸਪੇਨ, ਯੂ. ਕੇ., ਨਾਰਵੇ, ਸਿੰਗਾਪੁਰ ਅਤੇ ਦੁਬਈ ਆਦਿ ਦੀਆਂ ਸੰਗਤਾਂ ਆਪਣਾ ਹਿੱਸਾ ਪਾ ਰਹੀਆਂ ਹਨ। ਭਾਰਤ ਵਿੱਚ ਬੈਂਗਲੋਰ, ਮੁੰਬਈ, ਹੈਦਰਾਬਾਦ, ਨਾਂਦੇੜ, ਲੁਧਿਆਣਾ, ਕੀਰਤਪੁਰ ਸਾਹਿਬ, ਫਰੀਦਕੋਟ, ਮੋਗਾ, ਅੰਮ੍ਰਿਤਸਰ ਅਤੇ ਆਨੰਦਪੁਰ ਸਾਹਿਬ ਵਿੱਚ ਸਮਾਗਮ ਉਲੀਕੇ ਗਏ ਹਨ।ਅੰਮ੍ਰਿਤਸਰ ਵਿੱਚ ਐਸ.ਜੀ.ਪੀ.ਸੀ. ਦੇ ਅਦਾਰਿਆਂ ਤੋਂ ਅਲਾਵਾ, ਚੀਫ ਖਾਲਸਾ ਦੀਵਾਨ, ਖਾਲਸਾ ਕਾਲਜ ਸੁਸਾਇਟੀ, ਸਤਨਾਮ ਸਰਬ ਕਲਿਆਨ ਟ੍ਰਸਟ, ਨਾਮਧਾਰੀ ਸੰਗਤ, ਭਾਈ ਵੀਰ ਸਿੰਘ ਸਦਨ, ਭਾਈ ਮੰਝ ਫ੍ਰੀ ਗੁਰਮਤਿ ਸੰਗੀਤ ਅਕੈਡਮੀ, ਬਾਬਾ ਕੁਲਵੰਤ ਸਿੰਘ ਜੀ ਅਜਨਾਲਾ ਅਤੇ ਸਮੂਹ ਸੰਗਤ ਆਪਣੇ- ਆਪਣੇ ਪ੍ਰੋਗਰਾਮ ਕਰਨਗੇ। ਈਕੋ ਅੰਮ੍ਰਿਤਸਰ ਦੇ ਚੇਅਰਮੈਨ ਗੁਨਬੀਰ ਸਿੰਘ ਨੇ ਕਿਹਾ, “ਵੱਖਰੇ ਭਾਈਚਾਰੇ ਇਕੱਠੇ ਹੋ ਕੇ ਕੁਦਰਤ ਵਾਸਤੇ ਕੰਮ ਕਰਨ, ਇਸ ਤੋਂ ਵੱਧ ਕੇ ਕੀ ਸ਼ਲਾਘਾਯੋਗ ਹੈ। ਇੱਥੋਂ ਇਹ ਪਤਾ ਲੱਗਦਾ ਹੈ ਕਿ ਲੋਕਾਈ ਵਾਸਤੇ ਅਤੇ ਖਾਸ ਕਰਕੇ ਸਾਡੇ ਬੱਚਿਆਂ ਵਾਸਤੇ ਮਾਨਸਿਕਤਾ ਵਿੱਚ ਇੱਕ ਫਰਕ ਆਉਣ ਦੀ ਆਸ ਅਸੀਂ ਕਰ ਸਕਦੇ ਹਾਂ। ਬੱਚਿਆਂ ਨੂੰ ਕੁਦਰਤ ਅਤੇ ਮਾਨਵੀ ਕਦਰਾਂ ਕੀਮਤਾਂ ਬਾਰੇ ਜਾਗਰੂਕ ਕਰਨਾ ਹਰ ਮਾਤਾ-ਪਿਤਾ ਅਤੇ ਅਧਿਆਪਕ ਦਾ ਧਰਮ ਕਰਤੱਵ ਹੈ। ਸਿੱਖ ਵਾਤਾਵਰਨ ਦਿਵਸ ਇਸ ਜਾਗਰੂਕਤਾ ਵੱਲ ਇੱਕ ਸਹਿਜ ਬਲਕਿ ਜੋਰਦਾਰ ਕਦਮ ਹੈ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media