ਪਠਾਨਕੋਟ, 14 ਦਸੰਬਰ (ਪੰਜਾਬ ਪੋਸਟ ਬਿਊਰੋ) – ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ
ਕ੍ਰਿਸ਼ਨ ਕੁਮਾਰ ਦੀ ਅਗਵਾਈ ਅਧੀਨ ਸਰਕਾਰੀ ਸਕੂਲਾਂ ਵਿਚ ਇੰਗਲਿਸ਼ ਬੂਸਟਰ ਕਲੱਬ (ਈ.ਬੀ.ਸੀ) ਸਥਾਪਿਤ ਕਰਨ ਦਾ ਉਪਰਾਲਾ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਉਹ ਇੰਗਲਿਸ਼ ਬੂਸਟਰ ਕਲੱਬਾਂ ਅਧੀਨ ਆਯੋਜਿਤ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਭਾਗ ਲੈ ਰਹੇ ਹਨ।
ਸੂਬੇ ਦੇ ਇੰਗਲਿਸ਼ ਬੂਸਟਰ ਕਲੱਬਾਂ ਦੀ ਅਗਵਾਈ ਅਧੀਨ ਆਨਲਾਈਨ ਮਿਲਣੀਆਂ (ਵਰਚੂਅਲ ਗੈਟ ਟੂਗੈਦਰ) ਆਯੋਜਿਤ ਕਰਨ ਤੋਂ ਬਾਅਦ ਹੁਣ ਇਕ ਹੋਰ ਨਵੀਨਤਾਕਾਰੀ ਆਨਲਾਈਨ ਗਤੀਵਿਧੀ ‘ਸਟਾਰ ਵਿਦਿਆਰਥੀਆਂ ਦੀ ਆਨਲਾਈਨ ਮਿਲਣੀ‘ (ਸਟਾਰਜ਼ ਗੈਟ ਟੂਗੈਦਰ) ਬਲਾਕ ਪੱਧਰ ‘ਤੇ 28 ਦਸੰਬਰ ਤੱਕ ਵੱਖ-ਵੱਖ ਜਿਲ੍ਹਿਆਂ ਵਿਚ ਆਯੋਜਿਤ ਕੀਤੀ ਜਾਏਗੀ।
ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਰਿੰਦਰ ਪਰਾਸਰ ਅਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਨੇ ਦੱਸਿਆ ਕਿ ਵੱਖ-ਵੱਖ ਸਕੂਲਾਂ ਦੇ ਨਾਲ-ਨਾਲ ਬਲਾਕ ਅਤੇ ਜਿਲ੍ਹਾ ਪੱਧਰ ‘ਤੇ ਇੰਗਲਿਸ਼ ਬੂਸਟਰ ਕਲੱਬਾਂ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਵਿਸੇਸ ਤੌਰ‘ ਤੇ ਭਾਸਾ ਦੇ ਹੁਨਰ ਦਾ ਨਿਰਮਾਣ ਲਈ ਵਰਦਾਨ ਸਿੱਧ ਹੋ ਰਹੀਆਂ ਹਨ।ਅੰਗਰੇਜੀ ਵਿੱਚ ਗੱਲਬਾਤ ਕਰਨ ਲਈ ਸਵੈ-ਵਿਸ਼ਵਾਸ਼ ਨੂੰ ਵਧਾਉਣ ਲਈ ਅਨੁਕੂਲ ਵਾਤਾਵਰਣ ਦਾ ਹੋਣਾ ਬਹੁਤ ਜਰੂਰੀ ਹੈ।ਇੰਗਲਿਸ਼ ਬੂਸਟਰ ਕਲੱਬ ਵਿਦਿਆਰਥੀਆਂ ਨੂੰ ਅੱਗੇ ਆ ਕੇ ਭਾਸਾ ਸਿੱਖਣ ਲਈ ਉਤਸੁਕਤਾ ਦਿਖਾਉਣ ਲਈ ਪ੍ਰੇਰਿਤ ਕਰ ਰਹੇ ਹਨ।ਵਿਦਿਆਰਥੀਆਂ ਦੀ ਬੋਲਣ ਦੀ ਯੋਗਤਾ ਵਿੱਚ ਸੁਧਾਰ ਹੋਇਆ ਹੈ ਅਤੇ ਉਹ ਹੁਣ ਅੰਗੇ੍ਰਜ਼ੀ ਵਿੱਚ ਗੱਲਬਾਤ ਕਰਦਿਆਂ ਕੋਈ ਡਰ ਜਾਂ ਝਿਜਕ ਮਹਿਸੂਸ ਨਹੀਂ ਕਰਦੇ।
ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਵੈ-ਵਿਸਵਾਸ ਦੇ ਪੱਧਰ ਨੂੰ ਉਤਸ਼ਾਹ ਦੇਣ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਨੇ “ਸਟਾਰ ਵਿਦਿਆਰਥੀਆਂ ਦੀ ਮਿਲਣੀ“ ਗਤੀਵਿਧੀ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ।ਇਸ ਗਤੀਵਿਧੀ ਤਹਿਤ ਹਰ ਬਲਾਕ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਤਕਰੀਬਨ 16 ਤੋਂ 20 ਵਿਦਿਆਰਥੀ ਸੰਬੰਧਿਤ ਬਲਾਕ ਦੇ ਗਾਈਡ ਅਧਿਆਪਕਾਂ ਦੇ ਨਾਲ ਇਸ ਸਰਗਰਮੀ ਵਿਚ ਹਿੱਸਾ ਲੈਣਗੇ।ਉਹ ਵੱਖ-ਵੱਖ ਵਿਸਿਆਂ ਜਿਵੇਂ “ਮੈਂ ਆਪਣੇ ਭਾਰਤ ਨੂੰ ਪਿਆਰ ਕਰਦਾ ਹਾਂ,’ ‘ਮੇਰੇ ਸੁਪਨਿਆਂ ਦਾ ਪੰਜਾਬ, ‘ਇੰਗਲਿਸ਼ ਬੂਸਟਰ ਕਲੱਬਾਂ ਦੇ ਸੰਬੰਧ ਵਿੱਚ ਵਿਚਾਰ“, “ਸਵੈ-ਵਿਸ਼ਵਾਸ਼“, “ਸਵੱਛਤਾ ਇੱਕ ਵਰਦਾਨ ਹੈ“, “ ਮੋਬਾਇਲ ਫੋਨ ਦੀ ਵਰਤੋਂ ਦੇ ਹੱੱਕ ‘ਚ / ਵਿਰੋਧ ਵਿੱਚ ਵਿਚਾਰ,“ “ਖੇਡਾਂ ਸਾਨੂੰ ਫਿੱਟ ਰੱਖਦੀਆਂ ਹਨ,“ “ਬੋਲਣ ਤੋਂ ਪਹਿਲਾਂ ਸੋਚੋ,“ “ ਚੰਗਾ ਸਲੀਕਾ ਮਨੁੱਖਤਾ ਦਾ ਅਧਾਰ ਹੈ,“ “ ਮੈਨੂੰ ਮੇਰੀ ਨਵੀਂ ਕਿਤਾਬ-ਵੈਲਕਮ ਲਾਈਫ ਪਸੰਦ ਹੈ,“ “ਜੇ ਮੈਂ ਇੱਕ ਅੰਗਰੇਜ਼ੀ ਅਧਿਆਪਕ ਹੁੰਦਾ,“ ਤੇ ਅਪਣੇ ਵਿਚਾਰ ਪੇਸ਼ ਕਰਨਗੇ।ਸਾਰੇ ਭਾਗੀਦਾਰਾਂ ਲਈ ਦਿਲਚਸਪੀ ਦਾ ਕੋਈ ਵਿਸ਼ਾ ਬੋਲਣ ਦਾ ਸਮਾਂ 45 ਤੋਂ 90 ਸਕਿੰਟ ਤੱਕ ਹੋਵੇਗਾ।
ਡੀ.ਐਮ ਇੰਗਲਿਸ ਸਮੀਰ ਸ਼ਰਮਾ ਨੇ ਦੱਸਿਆ ਕਿ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਅਤੇ ਪ੍ਰਾਇਮਰੀ) ਦੀ ਪ੍ਰਧਾਨਗੀ ਵਿੱਚ ਚੱਲਣ ਵਾਲੀਆਂ ਇਹਨਾਂ ਮਿਲਣੀਆਂ ਵਿੱਚ ਉਪ-ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਅਤੇ ਪ੍ਰਾਇਮਰੀ), ਬੀ.ਪੀ.ਈ.ਓਜ, ਡੀ.ਐਮ, ਜਿਲ੍ਹਾ ਰਿਸੋਰਸ ਪਰਸਨ, ਪੜ੍ਹੋ ਪੰਜਾਬ ਜਿਲ੍ਹਾ ਕੋਆਰਡੀਨੇਟਰ ਅਤੇ ਮੀਡੀਆ ਕੋਆਰਡੀਨੇਟਰਾਂ ਨੂੰ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਸਮਾਗਮ ਵਿੱਚ ਸਾਮਲ ਹੋਣ ਲਈ ਸੱਦਾ ਦਿੱਤਾ ਜਾਵੇਗਾ।ਇਸ ਗਤੀਵਿਧੀ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਜਿਲ੍ਹਾ ਸਿੱਖਿਆ ਅਫਸਰਾਂ ਵਲੋਂ ਪ੍ਰਸੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਤੇ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵਨੀਤ ਮਹਾਜਨ ਅਤੇ ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜ਼ਰ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media