
ਜਲੰਧਰ, 27 ਅਕਤੂਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ ਭੰਡਾਲ ) – ਗ਼ਦਰ ਇਤਿਹਾਸ ਦਾ ਅਜੋਕੇ ਸਰੋਕਾਰਾਂ ਨਾਲ ਸੁਮੇਲ ਕਰਕੇ, ਭਵਿੱਖ ਦੀਆਂ ਤਿੱਖੀਆਂ ਚੁਣੌਤੀਆਂ ਦਾ ਜਵਾਬ ਦੇਣ ਲਈ ਲੋਕਾਂ ਨੂੰ ਜਾਗਰੂਕ ਹੋਣ ਦਾ ਹੋਕਾ ਦੇਵੇਗਾ 23ਵਾਂ ‘ਮੇਲਾ ਗ਼ਦਰੀ ਬਾਬਿਆਂ ਦਾ’।
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਅੱਜ ਬੁਲਾਈ ਪ੍ਰੈਸ ਕਾਨਫਰੰਸ ਵਿੱਚ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਇਹ ਵੀ ਉਚੇਚੇ ਤੌਰ ‘ਤੇ ਕਿਹਾ ਗਿਆ ਕਿ ਗ਼ਦਰੀ ਬਾਬਿਆਂ ਦਾ ਮੇਲਾ, ਰਵਾਇਤੀ ਮੇਲਿਆਂ ਨਾਲੋਂ ਵਿਲੱਖਣ ਅਤੇ ਬੁਨਿਆਦੀ ਤੌਰ ‘ਤੇ ਹੀ ਵੱਖਰੇ ਇਨਕਲਾਬੀ ਲੋਕ ਰੰਗ ਵਿੱਚ ਰੰਗਿਆ ਹੋਵੇਗਾ।23ਵਾਂ ਮੇਲਾ, ਕਾਮਾਗਾਟਾ ਮਾਰੂ ਦੀ 100ਵੀਂ ਵਰੇਖ਼ ਗੰਢ ਨੂੰ ਸਮਰਪਤ ਕੀਤਾ ਗਿਆ ਹੈ।ਦੇਸ਼ ਭਗਤ ਯਾਦਗਾਰ ਹਾਲ ਨੂੰ ਤਿੰਨ ਰੋਜ਼ਾ ਮੇਲੇ ਵਿੱਚ ਵਿਸ਼ੇਸ਼ ਤੌਰ ‘ਤੇ ਬਜਬਜ ਘਾਟ ਨਗਰ ਦਾ ਨਾਂਅ ਦਿੱਤਾ ਜਾਏਗਾ।ਯਾਦਗਾਰ ਹਾਲ ਦਾ ਮੁੱਖ ਦੁਆਰ ਜਿਥੇ ਕਾਮਾਗਾਟਾ ਮਾਰੂ, ਬਜਬਜ ਘਾਟ ਦਾ ਸੁਨੇਹਾ ਦਿੰਦਾ ਗੇਟ ਬਣੇਗਾ ਉਸ ਵਿੱਚ ਗ਼ਦਰੀ ਬਾਬਾ ਗੁਰਦਿੱਤ ਸਿੰਘ ਅਤੇ ਗ਼ਦਰੀ ਬਾਬਾ ਗੁਰਮੁੱਖ ਸਿੰਘ ਲਲਤੋਂ ਦੀਆਂ ਵੱਡ-ਅਕਾਰੀ ਤਸਵੀਰਾਂ ਅਤੇ ਉਹਨਾਂ ਨਾਲ ਹੋਰ ਸ਼ਹੀਦਾਂ ਦੀਆਂ ਤਸਵੀਰਾਂ ਵੀ ਸਨਮਾਨ ਵਜੋਂ ਸ਼ਸ਼ੋਭਤ ਹੋਣਗੀਆਂ।
ਪ੍ਰੈਸ ਕਾਨਫਰੰਸ ਮੌਕੇ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ, ਮੀਤ ਪ੍ਰਧਾਨ ਅਜਮੇਰ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ, ਸਹਾਇਕ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਖਜ਼ਾਨਚੀ ਸੀਤਲ ਸਿੰਘ ਸੰਘਾ, ਸੁਰਿੰਦਰ ਕੁਮਾਰੀ ਕੋਛੜ, ਗੁਰਮੀਤ ਸਿੰਘ ਢੱਡਾ, ਕਾਮਰੇਡ ਗੁਰਮੀਤ, ਕਾਮਰੇਡ ਕੁਲਬੀਰ ਸਿੰਘ ਸੰਘੇੜਾ, ਰਣਜੀਤ ਸਿੰਘ ਔਲਖ, ਦੇਵਰਾਜ ਨਈਯਰ ਅਤੇ ਚਰੰਜੀ ਲਾਲ ਕੰਗਣੀਵਾਲ ਹਾਜ਼ਰ ਸਨ।
ਕਮੇਟੀ ਪ੍ਰਧਾਨ ਦਰਬਾਰਾ ਸਿੰਘ ਨੇ ਦੱਸਿਆ ਕਿ ਮੇਲੇ ਵਿੱਚ ਸ਼ਾਮਲ ਹੋਣ ਲਈ ਕੈਨੇਡਾ, ਇੰਗਲੈਂਡ, ਅਮਰੀਕਾ ਅਤੇ ਵੱਖ-ਵੱਖ ਦੇਸ਼ਾਂ ਤੋਂ ਪੰਜਾਬੀ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ। ਉਹਨਾਂ ਵਿੱਚ ਬਹੁਤੇ ਉਹ ਹਨ ਜਿਹੜੇ ਕਿਸੇ ਨਾ ਕਿਸੇ ਰੂਪ ਵਿੱਚ ਉਹਨਾਂ ਮੁਲਕਾਂ ਵਿੱਚ ਉਹ ਕਾਮਾਗਾਟਾ ਮਾਰੂ ਸ਼ਤਾਬਦੀ ਦੇ ਸਮਾਗਮ ਕਰਕੇ ਆ ਰਹੇ ਹਨ ਅਤੇ ਇਥੋਂ ਵਾਲੇ ਮੇਲੇ ਵਿੱਚ ਭਰਵਾਂ ਸਹਿਯੋਗ ਦੇ ਰਹੇ ਹਨ।ਉਹਨਾਂ ਕਿਹਾ ਕਿ ਗ਼ਦਰੀ ਮੇਲਾ ਮੁਲਕ ਦੀ ਹਨੇਰੀ ਗੁਫ਼ਾ ਵਰਗੀ ਬਣੀ ਚਿੰਤਾਜਨਕ ਹਾਲਤ ਵਿੱਚ ਚਾਨਣ ਦੀ ਇੱਕ ਲੀਕ ਦਾ ਕੰਮ ਕਰੇਗਾ।
ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਦੱਸਿਆ ਕਿ ਮੇਲੇ ਵਿੱਚ 1857 ਦੇ ਉਹਨਾਂ ਗ਼ਦਰੀ ਫੌਜੀਆਂ ਦੀਆਂ ਅਸਥੀਆਂ ਸਨਮਾਨਯੋਗ ਢੰਗ ਨਾਲ ਸਸ਼ੋਭਤ ਕੀਤੀਆਂ ਜਾਣਗੀਆਂ ਜਿਨਖ਼ਾਂ ਨੂੰ 31 ਜੁਲਾਈ-1 ਅਗਸਤ 1857 ਦੀ ਰਾਤ ਅੰਗਰੇਜ਼ੀ ਹਕੂਮਤ ਨੇ ਗੋਲੀਆਂ ਨਾਲ ਉਡਾ ਕੇ ਅਜਨਾਲਾ ਵਿਖੇ ਖੂਹ ਵਿੱਚ ਦੱਬ ਦਿੱਤਾ ਸੀ।
ਉਹਨਾਂ ਦੱਸਿਆ ਮੇਲੇ ਵਿੱਚ ਕਾਮਾਗਾਟਾ ਮਾਰੂ ਦੇ ਸ਼ਹੀਦਾਂ/ਮੁਸਾਫ਼ਰਾਂ ਦੇ ਪਰਿਵਾਰਾਂ ਅਤੇ ਉਹਨਾਂ ਦੇ ਨਗਰਾਂ ਦਾ ਸਨਮਾਨ ਕੀਤਾ ਜਾਏਗਾ। ਉਹਨਾਂ ਦੱਸਿਆ ਕਿ ਮੇਲਾ ਬੀਤੇ ਵਰੇਖ਼ ਭਰ ਦੀ ਯਾਦਗਾਰ ਹਾਲ ਦੇ ਅੰਦਰ, ਪੰਜਾਬ ਅਤੇ ਬਦੇਸ਼ਾਂ ਅੰਦਰ ਕਾਮਾਗਾਟਾ ਮਾਰੂ ਨੂੰ ਸਮਰਪਤ ਸਰਗਰਮੀਆਂ ਦੀ ਲੜੀ ਦਾ ਦਿਲਕਸ਼ ਸਿਖ਼ਰ ਹੋਏਗਾ।
ਉਹਨਾਂ ਦੱਸਿਆ ਕਿ ਮੇਲੇ ਦੇ ਸਿਖ਼ਰਲੇ ਦਿਨ 1 ਨਵੰਬਰ ਸਵੇਰੇ 10 ਵਜੇ ਗ਼ਦਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਗੁਰਮੀਤ ਢੱਡਾ ਅਤੇ ਇਸ ਮੌਕੇ ਉਹਨਾਂ ਦਾ ਮੁੱਖ ਤਕਰੀਰ ਹੋਏਗੀ। ਇਸ ਮੌਕੇ ਹੀ ਮੇਲੇ ਦੀ ਅਹਿਮ ਕਲਾ ਕਿਰਤ, ਕਮੇਟੀ ਵੱਲੋਂ ਲਗਾਈ ਵਰਕਸ਼ਾਪ ਵਿੱਚ ਤਿਆਰ ਅਮੋਲਕ ਸਿੰਘ ਦਾ ਲਿਖਿਆ ‘ਝੰਡੇ ਦਾ ਗੀਤ’ 100 ਤੋਂ ਵੱਧ ਲੜਕੇ ਲੜਕੀਆਂ ਸੰਗੀਤ-ਨਾਟ ਦੇ ਰੂਪ ਵਿੱਚ ਖੁੱਲੇਖ਼ ਘਾਹ ਪਾਰਕ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ ‘ਤੇ ਪੇਸ਼ ਕਰਨਗੇ।
1 ਨਵੰਬਰ ਹੀ ਦਿਨੇ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ, ਡਾ. ਪਰਮਿੰਦਰ ਸਿੰਘ ਅਤੇ ਵਿਚਾਰ-ਚਰਚਾ ਮੌਕੇ ਸ਼ਾਮ 4 ਵਜੇ ਡਾ. ਕਮਲ ਨੈਣ ਕਾਬਰਾ, ਉੱਘੇ ਅਰਥ ਸ਼ਾਸਤਰੀ, ਸਾਬਕਾ ਪ੍ਰੋਫੈਸਰ, ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਐਡਮਿਸਟਰੇਸ਼ਨ, ਨਵੀਂ ਦਿੱਲੀ, ‘ਨਵ-ਉਦਾਰਵਾਦੀ ਨੀਤੀਆਂ, ਮਿਹਨਤਕਸ਼ ਲੋਕ ਅਤੇ ਜਮਹੂਰੀ ਹੱਕ’ ਵਿਸ਼ੇ ‘ਤੇ ਕੁੰਜ਼ੀਵਤ ਭਾਸ਼ਣ ਦੇਣਗੇ।
ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ ਨੇ ਦੱਸਿਆ ਕਿ 1 ਨਵੰਬਰ ਹੀ ਸੋਵੀਨਰ ਅਤੇ ਪੁਸਤਕਾਂ ਮੇਲਿਆਂ ਨੂੰ ਸਮਰਪਤ ਗੀਤਾਂ ਦੀ ਲੜੀ ‘ਝੰਡੇ ਦੇ ਗੀਤ’ ਲੇਖਕ: ਅਮੋਲਕ ਸਿੰਘ, ‘ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ, ਜੀਵਨ ਲਿਖਤਾਂ’ ਲੇਖਕ: ਚਰੰਜੀ ਲਾਲ ਕੰਗਣੀਵਾਲ ਰੀਲੀਜ਼ ਕੀਤੀਆਂ ਜਾਣਗੀਆਂ।
ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਪਹਿਲੀ ਨਵੰਬਰ ਦੀ ਰਾਤ ਡਾ. ਸਵਰਾਜਵੀਰ ਦੀ ਰਚਨਾ ਕੇਵਲ ਧਾਲੀਵਾਲ ਦੁਆਰਾ ਪੇਸ਼ ਹੋਏਗੀ ‘ਪੁਲ ਸੀਰਾਤ’, ਅਮੋਲਕ ਸਿੰਘ ਦੀ ਰਚਨਾ ‘ਸ਼ਹੀਦੀ ਖੂਹ ਦੀ ਆਵਾਜ਼’, ਚੇਤਨਾ ਕਲਾ ਕੇਂਦਰ ਬਰਨਾਲਾ (ਹਰਵਿੰਦਰ ਦੀਵਾਨਾ), ਡਾ. ਸਾਹਿਬ ਸਿੰਘ ਦੀ ਰਚਨਾ ‘ਆ ਗਲਵੱਕੜੀ ਪਾ ਸੱਜਣਾ’, ਸੰਗੀਤਾ ਗੁਪਤਾ ਚੰਡੀਗੜਖ਼ ਵੱਲੋਂ ‘ਮਾਂ’ ਨਾਟਕ ਹੋਏਗਾ।
ਇੱਕ ਨਵੰਬਰ ਰਾਤ ਨੂੰ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਅਮਰਜੀਤ ਪਰਦੇਸੀ ਤੇ ਸਵਰਨ ਰਸੂਲਪੁਰੀ, ਕੰਵਰ ਬਹਾਰ, ਨਵਦੀਪ ਧੌਲਾ, ਜੁਗਰਾਜ ਧੌਲਾ, ਮਾਸਟਰ ਰਾਮ ਕੁਮਾਰ, ਇਕਬਾਲ ਉਦਾਸੀ, ਵਿਕਟਰ, ਨਰਿੰਦਰ ਕਾਲਾ ਸੰਘਿਆ, ਗੀਤ-ਸੰਗੀਤ ਪੇਸ਼ ਕਰਨਗੇ।
ਪਹਿਲੀ ਨਵੰਬਰ ਦੀ ਸ਼ਾਮ ਗੁਰਸ਼ਰਨ ਭਾਅ ਜੀ ਸਮੇਂ ਦੀ ਤਰਜ਼ ਮੁਤਾਬਕ ਹੀ ਸ਼ਾਮ ਨੂੰ ਚੰਡੀਗੜਖ਼ ਸਕੂਲ ਆਫ਼ ਡਰਾਮਾ ‘ਦਿੱਤੂ ਮਜ਼ਖ਼ਬੀ’ ਨਾਟਕ ਖੇਡਣਗੇ। ਕਾਮਰੇਡ ਮੰਗਤ ਰਾਮ ਪਾਸਲਾ, ਅਜਮੇਰ ਸਿੰਘ ਅਤੇ ਜਗਰੂਪ ਸ਼ਰਧਾਂਜ਼ਲੀ ਦੇਣਗੇ। ਦਿਨ ਭਰ ਦੇ ਸਮਾਗਮ ਵਿੱਚ ਨਾਮਵਰ ਕਵੀਸ਼ਰ ਗੁਰਮੁਖ ਸਿੰਘ ਐਮ.ਏ. ਦਾ ਜੱਥਾ, ਨਿਰਮਾਣ, ਦੇਸ ਰਾਜ ਛਾਜਲੀ, ਜਗਸੀਰ ਜੀਦਾ ਸੰਗੀਤਕ ਰੰਗ ਭਰਨਗੇ।
30 ਅਕਤੂਬਰ ਦੀ ਸ਼ਾਮ ਦਸਤਾਵੇਜ਼ੀ ਫ਼ਿਲਮ ਸ਼ੋਅ ਮੌਕੇ ‘ਕਾਮਾਗਾਟਾ ਮਾਰੂ ਦੇ ਦ੍ਰਿਸ਼’, ‘ਬਾਬਾ ਭਕਨਾ ਦੇ ਬੋਲ’, ‘ਹਮ ਮਜ਼ਦੂਰ ਹੈ’ (ਪਾਕਿਸਤਾਨ ਅਤੇ ਭਾਰਤ ਦਾ ਸਾਂਝਾ ਦਰਦ) ਅਤੇ ‘ਹਵਾ ਵਿੱਚ ਮੋਮਬੱਤੀਆਂ’ ਫ਼ਿਲਮਾਂ ਦਿਖਾਈਆਂ ਜਾਣਗੀਆਂ। ਇਸ ਸ਼ਾਮ ਮੀਤ ਪ੍ਰਧਾਨ ਅਜਮੇਰ ਸਿੰਘ ਸੰਬੋਧਨ ਕਰਨਗੇ।
31 ਅਕਤੂਬਰ ਦੀ ਸ਼ਾਮ ‘ਜਿੱਥੇ ਕਵਿਤਾ ਖ਼ਤਮ ਹੁੰਦੀ ਹੈ’, ‘ਜੇਲਖ਼ ਬਰੇਕ’, ‘ਚੰਨ ਜਦੋਂ ਰੋਟੀ ਲੱਗਦਾ ਹੈ’, ਡਾ. ਅੰਕੁਰ ਸ਼ਰਮਾ, ਨੀਰਜ ਕੌਸ਼ਿਕ ਅਤੇ ਸੁਮਨ ਲਤਾ ਵੱਲੋਂ ਨਾਟਕ ਹੋਣਗੇ ਅਤੇ ਕਮੇਟੀ ਵੱਲੋਂ ਸੁਰਿੰਦਰ ਜਲਾਲਦੀਵਾਲ ਸੰਬੋਧਨ ਕਰਨਗੇ।
ਮੇਲੇ ਦਾ ਆਗਾਜ਼ 30 ਅਕਤੂਬਰ 10 ਵਜੇ ਸ਼ਮਖ਼ਾਂ ਰੌਸ਼ਨ ਕਰਨ ਨਾਲ ਹੋਏਗਾ।ਇਸ ਰੋਜ਼ ਗਾਇਨ ਅਤੇ ਭਾਸ਼ਣ ਮੁਕਾਬਲੇ, 31 ਅਕਤੂਬਰ ਕੁਇਜ਼ ਅਤੇ ਚਿੱਤਰਕਲਾ ਮੁਕਾਬਲੇ ਤੋਂ ਇਲਾਵਾ ਸ਼ਾਮ 4 ਵਜੇ ਕਵੀ ਦਰਬਾਰ ਹੋਏਗਾ।ਮੇਲੇ ਵਿੱਚ ਆਪਣੇ ਆਪ ਵਿੱਚ ਇਕ ਹੋਰ ਮੇਲਾ ਹੋਏਗਾ ‘ਪੁਸਤਕ ਮੇਲਾ’ ਜਿਸ ਵਿੱਚ ਵੱਡੀ ਗਿਣਤੀ ਵਿੱਚ ਨਵੀਆਂ ਪੁਸਤਕਾਂ ਪਾਠਕਾਂ ਦੀ ਨਜ਼ਰ ਹੋਣਗੀਆਂ।
Punjab Post Daily Online Newspaper & Print Media