Saturday, May 23, 2026

ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ ਸ਼ਹੀਦਾਂ ਦੀ ਸ਼ਹੀਦੀ ਸ਼ਤਾਬਦੀ ਮੌਕੇ ਸਮਾਗਮ

ਸਾਕਾ ਤਰਨ ਤਾਰਨ ਸਾਹਿਬ ਦੇ ਭਾਈ ਹਜ਼ਾਰਾ ਸਿੰਘ ਤੇ ਭਾਈ ਹੁਕਮ ਸਿੰਘ ਨੇ ਪਾਈਆਂ ਸਨ ਸ਼ਹੀਦੀਆਂ

ਅੰਮ੍ਰਿਤਸਰ, 28 ਜਨਵਰੀ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ ਸ਼ਹੀਦ ਭਾਈ ਹਜ਼ਾਰਾ ਸਿੰਘ ਅਲਾਦੀਨਪੁਰ ਤੇ ਭਾਈ ਹੁਕਮ ਸਿੰਘ ਵਸਾਊਕੋਟ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਦੋ ਦਿਨਾਂ ਗੁਰਮਤਿ ਸਮਾਗਮਾਂ ਦੀ ਆਰੰਭਤਾ ਅੱਜ ਨਗਰ ਅਲਾਦੀਨਪੁਰ (ਤਰਨ ਤਾਰਨ) ਵਿਖੇ ਕੀਤੀ ਗਈ। ਭਾਈ ਹਜ਼ਾਰਾ ਸਿੰਘ ਅਤੇ ਭਾਈ ਹੁਕਮ ਸਿੰਘ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਨੂੰ ਮਹੰਤਾਂ ਪਾਸੋਂ ਅਜ਼ਾਦ ਕਰਵਾਉਣ ਲਈ ਆਪਣੀ ਸ਼ਹਾਦਤ ਦਿੱਤੀ ਸੀ।ਇਸ ਸਾਕੇ ਦੇ 100 ਸਾਲਾ ਦਿਹਾੜੇ ਸਬੰਧੀ ਮਹਾਨ ਸ਼ਹੀਦਾਂ ਨੂੰ ਸਮਰਪਿਤ ਅਯੋਜਿਤ ਕੀਤੇ ਗਏ ਸਮਾਗਮਾਂ ਦੇ ਪਹਿਲੇ ਦਿਨ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।ਉਨ੍ਹਾਂ ਆਪਣੇ ਸੰਬੋਧਨ ਦੌਰਾਨ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਬੇਹੱਦ ਸ਼ਾਨਾਮੱਤਾ ਹੈ, ਜਿਸ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ।ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦਾ ਪ੍ਰਬੰਧ ਪੰਥਕ ਹੱਥਾਂ ਵਿਚ ਲੈਣ ਲਈ ਸਿੱਖ ਕੌਮ ਦੇ ਇਨ੍ਹਾਂ ਦੋ ਮਹਾਨ ਯੋਧਿਆਂ ਦੀਆਂ ਸ਼ਹਾਦਤਾਂ ਨੂੰ ਭੁਲਾਇਆ ਨਹੀਂ ਜਾ ਸਕਦਾ।ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਅਤੇ ਨੌਜੁਆਨਾਂ ਨੂੰ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਨਾਲ ਜੋੜਨ ਲਈ ਅੱਗੇ ਆਉਣ।ਉਨਾਂ ਨੇ ਸੰਗਤ ਨੂੰ ਸਿੱਖ ਰਹਿਤ ਮਰਯਾਦਾ ਦ੍ਰਿੜ੍ਹ ਕਰਨ ਅਤੇ ਬੱਚਿਆਂ ਨੂੰ ਪੜ੍ਹਾਉਣ ਦੀ ਵੀ ਅਪੀਲ ਕੀਤੀ।
                ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬੀਬੀ ਕਿਰਨਜੋਤ ਕੌਰ ਅਤੇ ਇਸਤਰੀ ਅਕਾਲੀ ਦਲ ਤਰਨ ਤਾਰਨ ਦੇ ਪ੍ਰਧਾਨ ਬੀਬੀ ਰਪਿੰਦਰ ਕੌਰ ਬ੍ਰਹਮਪੁਰਾ ਨੇ ਵੀ  ਵਿਚਾਰ ਸਾਂਝੇ ਕੀਤੇ।ਇਸ ਤੋਂ ਪਹਿਲਾਂ ਰਾਗੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਤੇ ਢਾਡੀ ਤੇ ਕਵੀਸ਼ਰ ਜਥਿਆਂ ਵੱਲੋਂ ਇਤਿਹਾਸ ਸਾਂਝਾ ਕੀਤਾ ਗਿਆ।ਪ੍ਰਧਾਨ ਬੀਬੀ ਜਗੀਰ ਕੌਰ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦਿੱਤੇ ਗਏ।
                  ਸਮਾਗਮ ਸਮੇਂ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ, ਬਾਬਾ ਜਗਤਾਰ ਸਿੰਘ ਕਾਰਸੇਵਾ ਤਰਨ ਤਾਰਨ ਵਾਲੇ, ਮੈਂਬਰ ਭਾਈ ਮਨਜੀਤ ਸਿੰਘ, ਖੁਸ਼ਵਿੰਦਰ ਸਿੰਘ ਭਾਟੀਆ, ਭਾਈ ਅਜਾਇਬ ਸਿੰਘ ਅਭਿਆਸੀ, ਅਮਰਜੀਤ ਸਿੰਘ ਬੰਡਾਲਾ, ਬਾਬਾ ਨਿਰਮਲ ਸਿੰਘ ਨੌਸ਼ਿਹਰਾ ਢਾਲਾ, ਬੀਬੀ ਕਿਰਨਜੋਤ ਕੌਰ, ਬੀਬੀ ਹਰਜਿੰਦਰ ਕੌਰ ਪੱਟੀ, ਗੁਰਦੁਆਰਾ ਡੇਰਾ ਸਾਹਿਬ ਲੋਹਾਰ ਦੇ ਪ੍ਰਧਾਨ ਗੁਰਿੰਦਰ ਸਿੰਘ ਟੋਨੀ, ਬੀਬੀ ਕੁਲਵਿੰਦਰ ਕੌਰ ਸ੍ਰੀ ਅਨੰਦਪੁਰ ਸਾਹਿਬ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਮੀਤ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਸਿਮਰਜੀਤ ਸਿੰਘ ਕੰਗ, ਬਲਵਿੰਦਰ ਸਿੰਘ ਕਾਹਲਵਾਂ, ਓਐਸਡੀ ਡਾ. ਸੁਖਬੀਰ ਸਿੰਘ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਭਾਈ ਜਸਵਿੰਦਰ ਸਿੰਘ ਸ਼ਹੂਰ, ਭਾਈ ਸਰਬਜੀਤ ਸਿੰਘ ਢੋਟੀਆਂ, ਬੀਬੀ ਹਰਪ੍ਰੀਤ ਕੌਰ, ਭਾਈ ਜੱਜ ਸਿੰਘ, ਭਾਈ ਲਖਮੀਰ ਸਿੰਘ, ਮੈਨੇਜਰ ਕੁਲਦੀਪ ਸਿੰਘ, ਗੁਰਸੇਵਕ ਸਿੰਘ ਸ਼ੇਖ, ਗੁਰਿੰਦਰ ਸਿੰਘ ਲੋਹੇਵਾਲੇ, ਭਾਗ ਸਿੰਘ, ਸੂਬਾ ਸਿੰਘ, ਕੁਲਦੀਪ ਸਿੰਘ, ਅਜਾਇਬ ਸਿੰਘ, ਰਣਜੀਤ ਸਿੰਘ, ਬਚਿੱਤਰ ਸਿੰਘ, ਵਿਰਸਾ ਸਿੰਘ, ਹੀਰਾ ਸਿੰਘ ਭੈਲ ਆਦਿ ਮੌਜੂਦ ਸਨ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …