ਨਵਾਂਸ਼ਹਿਰ, 3 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਖੇਤੀ ਖੇਤਰ ਵਿਚ ਵਿਭਿੰਨਤਾ ਲਿਆਉਣ ਦੇ ਮਕਸਦ ਨਾਲ ਅਨੁਸੂੂਚਿਤ ਜਾਤੀ ਦੇ
ਲਾਭਪਾਤਰੀਆਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆਂ ਵੱਲ ਪ੍ਰੇਰਿਤ ਕਰਨ ਲਈ ‘ਸਕੀਮ ਫਾਰ ਪ੍ਰਮੋਸ਼ਨ ਆਫ ਡੇਅਰੀ ਫਾਰਮਿੰਗ ਐਜ਼ ਲਿਵਲੀਹੁੱਡ ਫਾਰ ਐਸ. ਸੀ ਬੈਨੀਫਿਸ਼ਰੀਜ਼’ ਦੀ ਸ਼ੁਰੂਆਤ ਪੂਰੇ ਪੰਜਾਬ ਵਿਚ ਕੀਤੀ ਗਈ ਹੈ। ਇਸ ਤਹਿਤ ਡੇਅਰੀ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਐਸ.ਸੀ ਸਿਖਿਆਰਥੀਆਂ ਵਾਸਤੇ ਮੁਫ਼ਤ ਡੇਅਰੀ ਸਿਖਲਾਈ ਕੋਰਸ 15 ਫਰਵਰੀ 2021ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸਕੀਮ ਅਧੀਨ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਦੋ ਹਫ਼ਤੇ ਦੀ ਮੁਫ਼ਤ ਡੇਅਰੀ ਸਿਖਲਾਈ ਦੇ ਨਾਲ-ਨਾਲ ਫ਼ਜੀਫਾ ਵੀ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਲਾਭਪਾਤਰੀ ਦਫ਼ਤਰ ਡੇਅਰੀ ਵਿਕਾਸ ਅਫ਼ਸਰ, ਵੈਟਰਨਰੀ ਪੋਲੀਕਲੀਨਿਕ, ਬੰਗਾ ਰੋਡ, ਮਹਾਲੋਂ ਵਿਖੇ 11 ਫਰਵਰੀ 2021 ਤੱਕ ਆਪਣੇ ਫਾਰਮ ਜਮ੍ਹਾਂ ਕਰਵਾ ਸਕਦੇ ਹਨ।ਡੇਅਰੀ ਵਿਕਾਸ ਅਫ਼ਸਰ ਹਰਵਿੰਦਰ ਸਿੰਘ ਨੇ ਕਿਹਾ ਕਿ ਡੇਅਰੀ ਦਾ ਕਿੱਤਾ ਕਰਨ ਦੇ ਚਾਹਵਾਨ ਅਨੁਸੂਚਿਤ ਜਾਤੀ ਨਾਲ ਸਬੰਧਤ ਉਮੀਦਵਾਰ 18 ਤੋਂ 50 ਸਾਲ ਤੱਕ ਦੀ ਉਮਰ ਦੇ, ਪੰਜਾਬ ਦੇ ਵਸਨੀਕ, ਪੇਂਡੂ ਪਿਛੋਕੜ ਵਾਲੇ ਅਤੇ ਘੱਟੋ-ਘੱਟ ਪੰਜਵੀਂ ਪਾਸ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਕੋਲ ਘੱਟੋ-ਘੱਟ ਦੋ ਦੁਧਾਰੂ ਪਸ਼ੂ ਰੱਖਣ ਦਾ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ।ਚਾਹਵਾਨ ਉਮੀਦਵਾਰ ਪੜ੍ਹਾਈ ਸਬੰਧੀ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਧਾਰ ਕਾਰਡ ਅਤੇ ਤਾਜ਼ਾ ਪਾਸਪੋਰਟ ਸਾਈਜ਼ ਫੋਟੋ ਸਮੇਤ ਦਫ਼ਤਰ ਡੇਅਰੀ ਵਿਕਾਸ ਅਫ਼ਸਰ ਵਿਖੇ ਸੰਪਰਕ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਫੋਨ ਨੰ: 01823-225050 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
Punjab Post Daily Online Newspaper & Print Media