Thursday, July 23, 2026

ਸਾਲਿਡ ਵੇਸਟ ਮੈਨੇਜਮੈਂਟ ਸਬੰਧੀ ਪੰਚਾਇਤਾਂ ਲਈ ਲਗਾਇਆ ਸਿਖਲਾਈ ਕੈਂਪ

ਨਵਾਂਸ਼ਹਿਰ, 5 ਮਾਰਚ (ਪੰਜਾਬ ਪੋਸਟ ਬਿਊਰੋ) – ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਅੱਜ ਸਾਂਝੇ ਤੌਰ ’ਤੇ ਪਿੰਡ ਉਸਮਾਨਪੁਰ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਵੱਛ ਭਾਰਤ ਮਿਸ਼ਨ ਪੇਂਡੂ-ਫੇਜ਼ 2 ਤਹਿਤ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮੁੱਖ ਦਫ਼ਤਰ ਚੰਡੀਗੜ੍ਹ ਨਵਦੀਪ ਕੌਰ ਦੀ ਪ੍ਰਧਾਨਗੀ ਹੇਠ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਨੂੰ ਸਾਲਿਡ ਵੇਸਟ ਮੈਨੇਜਮੈਂਟ ਸਬੰਧੀ ਸਿਖਲਾਈ ਦੇਣ ਹਿੱਤ ਸਿਖਲਾਈ ਕੈਂਪ ਲਗਾਇਆ ਗਿਆ।ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦਾ ਮਕਸਦ ਕੂੜੇ ਦਾ ਸਹੀ ਪ੍ਰਬੰਧਨ ਕਰਨਾ ਹੈ।ਇਸ ਤਹਿਤ ਪੰਚਾਇਤਾਂ ਨੂੰ ਸੁੱਕੇ ਅਤੇ ਗਿੰਲੇ ਕੂੜੇ ਨੂੰ ਵੱਖ-ਵੱਖ ਕਰਨ ਲਈ ਦੋ ਕੂੜੇਦਾਨ ਨੀਲੇ ਅਤੇ ਹਰੇ ਦਿੱਤੇ ਜਾਂਦੇ ਹਨ।ਗਿੱਲੇ ਕੂੜੇ ਨੂੰ ਕੰਪੋਸਟ ਪਿੱਟਾਂ (ਟੋਏ) ਵਿਚ ਪਾਇਆ ਜਾਂਦਾ ਹੈ ਅਤੇ ਸੁੱਕੇ ਕੂੜੇ ਨੂੰ ਵੱਖ ਕਰ ਕੇ ਇਕੱਠਾ ਕੀਤਾ ਜਾਂਦਾ ਹੈ।ਜਦੋਂ ਦੋਵੇਂ ਟੋਏ ਭਰ ਜਾਂਦੇ ਹਨ ਤਾਂ ਇਸ ਨੂੰ ਗੋਹੇ ਨਾਲ ਢੱਕ ਦਿੱਤਾ ਜਾਂਦਾ ਹੈ ਅਤੇ ਇਸ ਨੂੰ ਖਾਦ ਬਣਨ ਲਈ 30 ਤੋਂ 45 ਦਿਨ ਲੱਗਦੇ ਹਨ।ਇਸ ਤਰ੍ਹਾਂ ਤਿਆਰ ਕੀਤੀ ਜੈਵਿਕ ਖਾਦ ਨੂੰ ਗ੍ਰਾਮ ਪੰਚਾਇਤ ਵੇਚ ਕੇ ਆਮਦਨੀ ਪ੍ਰਾਪਤ ਕਰ ਸਕਦੀ ਹੈ।
                 ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਸ.ਡੀ.ਓ ਹਰਦੀਪ ਸਿੰਘ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਅਧੀਨ ਪਖਾਨੇ ਬਣਾ ਕੇ ਪੰਚਾਇਤਾਂ ਸਰਬਸੰਮਤੀ ਨਾਲ ਮਤੇ ਪਾ ਕੇ ਇਸ ਦੀ ਦੇਖ-ਰੇਖ ਦਾ ਪ੍ਰਬੰਧ ਕਰ ਸਕਦੀਆਂ ਹਨ।ਉਨ੍ਹਾਂ ਕਿਹਾ ਕਿ ਖੁੱਲ੍ਹੇ ਵਿਚ ਸ਼ੋਚ ਮੁਕਤ ਸਥਿਤੀ ਨੂੰ ਬਣਾਏ ਰੱਖਣਾ, ਸਾਂਝੇ ਪਖਾਨਿਆਂ ਦੀ ਵੁਸਾਰੀ ਅਤੇ ਦੇਖ-ਰੇਖ ਗ੍ਰਾਮ ਪੰਚਾਇਤ ਨੂੰ ਕਰਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਦੇ ਘਰਾਂ ਵਿਚ ਪਖਾਨਾ ਬਣਾਉਣ ਵਾਸਤੇ ਥਾਂ ਨਹੀਂ ਹੈ, ਉਨ੍ਹਾਂ ਲਈ ਉਕਤ ਯੋਜਨਾ ਅਧੀਨ ਪਿੰਡਾਂ ਦੀਆਂ ਪੰਚਾਇਤਾਂ ਸਾਂਝੇ ਪਖਾਨੇ ਬਣਾ ਸਕਦੀਆਂ ਹਨ, ਜਿਨ੍ਹਾਂ ਦਾ ਲਾਭ ਪ੍ਰਵਾਸੀ ਮਜ਼ਦੂਰ ਵੀ ਲੈ ਸਕਦੇ ਹਨ।
                ਇਸ ਮੌਕੇ ਏ.ਪੀ.ਓ ਮਨਜੀਤ ਕੌਰ, ਸਕੱਤਰ ਅਮਰਜੀਤ ਸਿੰਘ, ਸਰਪੰਚ ਸੁਰਿੰਦਰ ਪਾਲ ਸਮੇਤ ਵੱਡੀ ਗਿਣਤੀ ‘ਚ ਇਲਾਕੇ ਦੇ ਸਰਪੰਚ-ਪੰਚ ਅਤੇ ਪਤਵੰਤੇ ਹਾਜ਼ਰ ਸਨ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …