ਧੂਰੀ, 24 ਮਾਰਚ (ਪ੍ਰਵੀਨ ਗਰਗ) – ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਚੁੱਪ ਚਪੀਤੇ ਪੰਜਾਬ ਡਿਵੈਲਪਮੈਂਟ ਫੰਡ ਦੇ ਨਾਂ ‘ਤੇ ਇੱਕ ਨਵਾਂ ਟੈਕਸ ਵਪਾਰੀਆਂ ਉਪਰ
ਥੋਪਿਆ ਗਿਆ ਹੈ ਜਿਸ ਦੇ ਵਿਰੋਧ ਵਿੱਚ ਅੱਜ ਧੂਰੀ ਵਪਾਰ ਮੰਡਲ ਧੂਰੀ ਅਤੇ ਵੱਖ-ਵੱਖ ਵਪਾਰਕ ਐਸੋਸੀਏਸ਼ਨਾਂ ਦੇ ਆਗੂਆਂ ਵੱਲੋਂ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ ਗਿਆ।
ਵਪਾਰ ਮੰਡਲ ਧੂਰੀ ਦੇ ਪ੍ਰਧਾਨ ਵਿਕਾਸ ਜੈਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਪਾਰੀਆਂ ਨੂੰ ਮਾਰਣ ‘ਤੇ ਤੁਲੀ ਹੋਈ ਹੈ, ਪਹਿਲਾਂ ਨੋਟਬੰਦੀ, ਫਿਰ ਜੀ.ਐਸ.ਟੀ, ਉਸ ਤੋਂ ਬਾਅਦ ਕੋਰੋਨਾ ਮਹਾਂਮਾਰੀ ਅਤੇ ਕਿਸਾਨ ਅੰਦੋਲਨ ਕਰਕੇ ਵਪਾਰੀ ਤਾਂ ਪਹਿਲਾਂ ਹੀ ਆਰਥਿਕ ਮੰਦੀ ਵਿੱਚੋਂ ਗੁਜਰ ਰਿਹਾ ਹੈ, ਵਪਾਰੀਆਂ ਨੂੰ ਰਾਹਤ ਦੇਣ ਦੀ ਬਜਾਏ ਇਹ ਨਵੇਂ ਟੈਕਸ ਲਗਾ ਕੇ ਵਪਾਰੀਆਂ ਦਾ ਗਲਾ ਘੋਟਿਆ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਪੰਜਾਬ ਡਿਵੈਲਪਮੈਂਟ ਫੰਡ (ਟੈਕਸ) ਦੇ ਨਾਂ ‘ਤੇ ਪੰਜਾਬ ਸਰਕਾਰ ਵੱਲੋਂ ਚੁੱਪ-ਚਪੀਤੇ 2.50 ਲੱਖ ਰੁਪਏ ਸਲਾਨਾ ਤੋਂ ਵੱਧ ਆਮਦਨ ਵਾਲੇ ਵਪਾਰੀਆਂ ਉੱਪਰ 2400 ਰੁਪਏ ਦਾ ਲੱਗਿਆ ਇਹ ਟੈਕਸ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਹੁਣ ਤਾਂ ਸਰਕਾਰਾਂ ਵਪਾਰੀਆਂ ਨੂੰ ਜਹਿਰ ਦੀਆਂ ਗੋਲੀਆਂ ਦੇ ਦੇਵੇ ਤਾਂ ਜੋ ਵਪਾਰੀ ਇਹ ਗੋਲੀਆਂ ਖਾ ਕੇ ਖਤਮ ਹੀ ਹੋ ਜਾਵੇ।ਵਪਾਰ ਮੰਡਲ ਦੇ ਜਨਰਲ ਸਕੱਤਰ ਹੰਸ ਰਾਜ ਬਜਾਜ ਨੇ ਕਿਹਾ ਕਿ ਇਹ ਟੈਕਸ ਵਪਾਰੀ ਨੂੰ ਕਿਸੇ ਵੀ ਕੀਮਤ ‘ਤੇ ਮੰਨਜ਼ੂਰ ਨਹੀਂ ਹੈ, ਜੇਕਰ ਇਹ ਨਾਦਰਸ਼ਾਹੀ ਫਰਮਾਨ ਜਲਦ ਵਾਪਸ ਨਾ ਲਿਆ ਗਿਆ ਤਾਂ ਵਪਾਰੀ ਸੰਘਰਸ਼ ਦੀ ਰਾਹ ‘ਤੇ ਚੱਲਣ ਲਈ ਮਜਬੂਰ ਹੋ ਜਾਵੇਗਾ।
ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਮੰਗ ਪੱਤਰ ਲੈਣ ਉਪਰੰਤ ਗਲੱਬਾਤ ਕਰਦਿਆਂ ਕਿਹਾ ਕਿ ਉਹ ਵਪਾਰੀਆਂ ਦੀ ਇਹ ਮੰਗ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਉਣਗੇ।
ਇਸ ਮੌਕੇ ਪਵਨ ਗਰਗ, ਹੰਸ ਰਾਜ ਬਜਾਜ, ਦੀਪਕ ਜੈਨ ਲਾਡੀ, ਖਰੈਤੀ ਰਾਮ ਬਾਂਸਲ, ਸੁਰੇਸ਼ ਬਾਂਸਲ, ਹਜ਼ਾਰੀ ਲਾਲ, ਗਿਆਨ ਚੰਦ, ਵਿਜੈ ਕੁਮਾਰ, ਪਰਦੀਪ ਖੰਨਾ, ਸੁਦੇਸ਼ ਵਰਮਾ, ਰਾਜੇਸ਼ ਖੰਨਾ, ਵੇਦ ਪ੍ਰਕਾਸ਼, ਰਾਕੇਸ਼ ਕੁਮਾਰ ਅਤੇ ਸੋਮ ਪ੍ਰਕਾਸ਼ ਪੰਮੀ ਆਦਿ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media