Monday, April 6, 2026

ਬਿਆਸ ਦਰਿਆ ਦੀ ਮਾਰ ਤੋਂ ਬਚਾਉਣ ਲਈ 1.36 ਕਰੋੜ ਨਾਲ ਲੱਗੇ 7 ਸਟੱਡ

ਡਿਪਟੀ ਕਮਿਸ਼ਨਰ ਵਲੋਂ ਭੁਲੱਥ ਤੇ ਸੁਲਤਾਨਪੁਰ ਲੋਧੀ ਵਿਖੇ ਕੰਮ ਦਾ ਜਾਇਜ਼ਾ

ਕਪੂਰਥਲਾ, 5 ਜੂਨ (ਪੰਜਾਬ ਪੋਸਟ ਬਿਊਰੋ) – ਸਾਲ 1999 ਤੋਂ 22 ਸਾਲ ਬਾਅਦ ਵਰਤਮਾਨ ਸਾਲ ਵਿਚ ਕਪੂਰਥਲਾ ਜਿਲ੍ਹੇ ਦੇ ਮੰਡ ਖੇਤਰ ਦੇ ਲੋਕਾਂ ਦੀ ਹਜ਼ਾਰਾਂ ਏਕੜ ਜ਼ਮੀਨ, ਘਰ-ਬਾਰ ਨੂੰ ਅਗਾਮੀ ਸੀਜ਼ਨ ਦੌਰਾਨ ਹੜ੍ਹਾਂ ਤੋਂ ਬਚਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਕਪੂਰਥਲਾ ਨੇ ਵੱਡੀ ਪੁਲਾਂਘ ਪੁੱਟਦਿਆਂ 1.36 ਕਰੋੜ ਰੁਪੈ ਦੀ ਲਾਗਤ ਨਾਲ ਭੁਲੱਥ ਤੇ ਸੁਲਤਾਨਪੁਰ ਤਹਿਸੀਲਾਂ ਅੰਦਰ ਬਿਆਸ ਦਰਿਆ ਦੇ ਕੰਢੇ ਪੱਥਰ ਦੇ 7 ਸਟੱਡ ਲਾਉਣ ਦਾ ਕੰਮ ਮੁਕੰਮਲ ਕਰ ਲਿਆ ਹੈ।
ਇਸ ਨਾਲ ਨਾ ਸਿਰਫ ਇਨ੍ਹਾਂ ਦੋਹਾਂ ਤਹਿਸੀਲਾਂ ਦੀ ਮੰਡ ਖੇਤਰ ਅੰਦਰ 13,000 ਏਕੜ ਉਪਜਾਊ ਜ਼ਮੀਨ ਹੜ੍ਹਾਂ ਦੀ ਸਿੱਧੀ ਮਾਰ ਤੋਂ ਬਚ ਸਕੇਗੀ, ਸਗੋਂ ਡੇਰਿਆਂ ਤੇ ਢਾਣੀਆਂ ਬਣਾਕੇ ਮੰਡ ਖੇਤਰ ਅੰਦਰ ਵਸੇ ਲੋਕਾਂ ਦੇ ਜਾਨ-ਮਾਲ ਦੀ ਰਾਖੀ ਵਿੱਚ ਵੀ ਸਹਾਇਤਾ ਮਿਲੇਗੀ।
               ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਵਿਸ਼ੇਸ਼ ਪਹਿਲਕਦਮੀ ਕਰਦੇ ਹੋਏ ਮਨਰੇਗਾ ਤਹਿਤ ਇਹ ਸਟੱਡ ਲਗਵਾਉਣ ਦਾ ਕੰਮ ਕਰਵਾਇਆ ਹੈ।ਜਿਸ ਨਾਲ ਨਾ ਸਿਰਫ ਕੋਵਿਡ ਦੌਰਾਨ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਿਆ ਸਗੋਂ ਕੰਮ ਵੀ ਤੇਜ਼ੀ ਨਾਲ ਮੁਕੰਮਲ ਹੋਇਆ।
                 ਉਨ੍ਹਾਂ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨਾਲ ਬਿਆਸ ਦਰਿਆ ਦੇ ਕੰਢੇ ਭੁਲੱਥ ਤਹਿਸੀਲ ਵਿਖੇ ਮੰਡ ਕੁੱਲਾ ਤੇ ਸੁਲਤਾਨਪੁਰ ਤਹਿਸੀਲ ਵਿਖੇ ਡੇਰਾ ਹਰੀ ਸਿੰਘ ਵਿਖੇ ਸਟੱਡਾਂ ਦੇ ਕੰਮ ਦਾ ਜਾਇਜ਼ਾ ਲਿਆ।
                    ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਨੇ ਕੁੱਝ ਸਮਾਂ ਪਹਿਲਾਂ ਬਿਆਸ ਦਰਿਆ ਵਿਚ ਹੜ੍ਹ ਕਾਰਨ ਤਬਾਹੀ ਦਾ ਮੰਜ਼ਰ ਦੇਖਣ ਵਾਲੇ ਭੁਲੱਥ ਤੇ ਸੁਲਤਾਨਪੁਰ ਲੋਧੀ ਹਲਕਿਆਂ ਵਿੱਚ ਬਿਆਸ ਦਰਿਆ ਦੁਆਰਾ ਜ਼ਮੀਨ ਨੂੰ ਢਾਹ ਲਾਉਣ ਕਰਕੇ ਕਮਜ਼ੋਰ ਥਾਵਾਂ ਦੀ ਪਛਾਣ ਕਰਕੇ ਇਸ ਵਾਰ ਅਗਾਊਂ ਕੰਮ ਸ਼ੁਰੂ ਕੀਤਾ, ਜਿਸ ਕਰਕੇ ਹੁਣ ਤੱਕ ਅਹਿਮ ਥਾਵਾਂ ’ਤੇ 7 ਸਟੱਡ ਲੱਗ ਗਏ ਹਨ।
                        ਸਿੰਚਾਈ ਵਿਭਾਗ ਦੇ ਐਕਸੀਅਨ ਗੁਰਤੇਜ ਸਿੰਘ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਦੇ ਕਰਮੂਵਾਲਾ ਪੱਤਣ ਵਿਖੇ 4 ਸਟੱਡ ਲਾਏ ਗਏ ਹਨ, ਜਿਨ੍ਹਾਂ ਦੀ ਲਾਗਤ 78.99 ਲੱਖ ਹੈ।ਇਸ ਨਾਲ ਬੂਲੈ, ਕਰਮੂਵਾਲਾ, ਕਬੀਰਪੁਰ ਤੇ ਹਜ਼ਾਰਾ ਆਦਿ ਪਿੰਡਾਂ ਦੀ 6000 ਏਕੜ ਵਾਹੀਯੋਗ ਜ਼ਮੀਨ ਹੜ੍ਹ ਤੇ ਖੋਰੇ ਦੀ ਮਾਰ ਤੋਂ ਬਚੇਗੀ।
                    ਇਸ ਤੋਂ ਇਲਾਵਾ ਆਹਲੀ ਕਲਾਂ ਵਿਖੇ ਵੀ 2 ਸਟੱਡ ਲਾਏ ਗਏ ਹਨ, ਜਿਨ੍ਹਾਂ ਦੀ ਲਾਗਤ 39.65 ਲੱਖ ਹੈ, ਜਿਸ ਨਾਲ ਆਹਲੀ, ਜਾਮੇਵਾਲ, ਗੁੱਦੇ ਤੇ ਫਤਹਿਵਾਲ ਦੀ ਲਗਭਗ 5000 ਏਕੜ ਜ਼ਮੀਨ ਦਾ ਹੜ੍ਹ ਤੋਂ ਬਚਾਅ ਹੋਵੇਗਾ।
                    ਇਸ ਤੋਂ ਇਲਾਵਾ ਭੁਲੱਥ ਦੇ ਬਾਘੂਆਣਾ ਪੱਤਣ ਵਿਖੇ 18.31 ਲੱਖ ਰੁਪੈ ਦੀ ਲਾਗਤ ਨਾਲ ਸਟੱਡ ਲਾਇਆ ਗਿਆ ਹੈ।ਜਿਸ ਨਾਲ ਬਾਘੂਵਾਲ, ਮੰਡ ਦੇਸਲ, ਕੰਮੇਵਾਲ ਤੇ ਅੰਮ੍ਰਿਤਪੁਰ ਪਿੰਡਾਂ ਦੀ 2000 ਏਕੜ ਜ਼ਮੀਨ ਦਾ ਬਚਾਅ ਹੋਵੇਗਾ ਇਸ ਮੌਕੇ ਗੁਰਚਰਨ ਸਿੰਘ ਐਸ.ਡੀ.ਓ ਵੀ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …