ਪਾਜ਼ਟੀਵਿਟੀ ਦਰ ਘਟ ਕੇ ਡੇਢ ਫੀਸਦੀ ’ਤੇ ਆਈ
ਕਪੂਰਥਲਾ, 16 ਜੂਨ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਕਿਹਾ ਹੈ ਕਿ ਜਿਲ੍ਹਾ ਕਪੂਰਥਲਾ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸਿਹਤ ਸਕਰੀਨਿੰਗ ਦਾ ਕੰਮ 17 ਜੂਨ ਤੋਂ ਸ਼ੁਰੂ ਕੀਤਾ ਜਾਵੇਗਾ।ਜਿਸ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਬੱਚਿਆਂ ਦੀ ਜਾਂਚ ਕਰਨਗੀਆਂ ਤਾਂ ਜੋ ਕੋਵਿਡ ਦੀ ਸੰਭਾਵੀ ਤੀਜ਼ੀ ਲਹਿਰ ਤੋਂ ਪਹਿਲਾਂ-ਪਹਿਲਾਂ ਬੱਚਿਆਂ ਦੀ ਸਿਹਤ ਜਾਂਚ ਕੀਤੀ ਜਾ ਸਕੇ।
ਜਿਲਾ ਸਿਹਤ ਸੋਸਾਇਟੀ ਦੀ ਇੱਕ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮੁਹਿੰਮ ਮਿਸ਼ਨ ਫਤਹਿ-2 ਦੀ ਤਰਜ਼ ’ਤੇ ਕੀਤੀ ਜਾਵੇਗੀ ਜਿਸ ਤਹਿਤ ਹਰ ਘਰ ਵਿੱਚ ਪਹੁੰਚ ਕੀਤੀ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਰਾਜੀਵ ਵਰਮਾ, ਐਸ.ਡੀ.ਐਮ ਵਰਿੰਦਰਪਾਲ ਸਿੰਘ ਬਾਜਵਾ, ਸਿਵਲ ਸਰਜਨ ਡਾ. ਪਰਮਿੰਦਰ ਕੌਰ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਮੁਫਤ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ ਤੇ ਪਿਛਲੇ ਮਹੀਨੇ ਦੌਰਾਨ ਕੀਤੇ ਗਏ ਕੰਮਾਂ ਦਾ ਨਿਰੀਖਣ ਕੀਤਾ ਗਿਆ।
27 ਜੂਨ ਤੋਂ ਲੈ ਕੇ 29 ਜੂਨ ਤੱਕ ਚੱਲਣ ਵਾਲੀ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ’ਤੇ ਵੀ ਚਰਚਾ ਕੀਤੀ ਗਈ, ਜਿਸ ਦੌਰਾਨ ਮਾਈਗ੍ਰੇਟਰੀ ਆਬਾਦੀ ਦਾ 0-5 ਸਾਲ ਦਾ ਕੋਈ ਵੀ ਬੱਚਾ ਪਲਸ ਪੋਲੀਓ ਦੀਆਂ ਬੂੰਦਾਂ ਪੀਣ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।ਉਨ੍ਹਾਂ ਹੋਰਨਾਂ ਵਿਭਾਗਾਂ ਨੂੰ ਵੀ ਇਸ ਮੁਹਿੰਮ ਨੂੰ ਸਫਲ ਕਰਨ ਵਿਚ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਵਲੋਂ ਅਨੀਮੀਆ ਮੁਕਤ ਭਾਰਤ ਸਕੀਮ ਦੇ ਬਾਰੇ ਵੀ ਚਰਚਾ ਕੀਤੀ ਗਈ ਤੇ ਕਿਹਾ ਗਿਆ ਕਿ ਜਿਲ੍ਹੇ ਵਿਚ ਖੁਨ ਦੀ ਕਮੀ ਨਾਲ ਪੀੜ੍ਹਤ ਬੱਚਿਆਂ, ਕਿਸ਼ੋਰਾਂ ਅਤੇ ਮਹਿਲਾਵਾਂ ਦਾ ਬਿਓਰਾ ਇਕੱਠਾ ਕੀਤਾ ਜਾਏ ਤੇ ਇਸ ਸੰਬੰਧੀ ਜਰੂਰੀ ਕਦਮ ਚੁੱਕੇ ਜਾਣ।
ਇਸ ਤੋਂ ਇਲਾਵਾ ਸਰਬਤ ਸਿਹਤ ਬੀਮਾ ਯੋਜਨਾ ’ਤੇ ਵੀ ਚਰਚਾ ਕੀਤੀ ਗਈ, ਜਿਸ ਤਹਿਤ ਲਾਭਪਾਤਰੀ ਅਤੇ ਉਸ ਦੇ ਪਰਿਵਾਰ ਨੂੰ 5 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ।ਜਿਲ੍ਹੇ ਅੰਦਰ ਇਸ ਯੋਜਨਾ ਤਹਿਤ ਹੁਣ ਤੱਕ 74.05 ਫੀਸਦੀ ਪਰਿਵਾਰ ਕਵਰ ਕੀਤੇ ਜਾ ਚੁੱਕੇ ਹਨ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅਨੂ ਸ਼ਰਮਾ, ਜਿਲਾ ਪਰਿਵਾਰ ਭਲਾਈ ਅਫਸਰ ਡਾ.ਰਾਜ ਕਰਨੀ, ਜਿਲਾ ਟੀਕਾਕਰਨ ਅਫਸਰ ਡਾ. ਰਣਦੀਪ ਸਿੰਘ, ਡਿਪਟੀ ਮੈਡੀਕਲ ਕਮਿਸਨਰ ਡਾ. ਸਾਰਿਕਾ ਦੁੱਗਲ, ਸੀਨੀਅਰ ਮੈਡੀਕਲ ਅਫਸਰ ਡਾ. ਸੰਦੀਪ ਧਵਨ, ਡਾ.ਰਾਜੀਵ ਭਗਤ, ਡਾ.ਸੁਖਵਿੰਦਰ ਕੌਰ, ਰਵਿੰਦਰ ਜੱਸਲ ਹਾਜ਼ਰ ਸਨ।