Tuesday, March 31, 2026

ਖਾਲਸਾ ਕਾਲਜ਼ ਆਫ ਐਜੂਕੇਸ਼ਨ ਰਣਜੀਤ ਐਵਨਿਊ ਦੇ ਸਿਰ ਸੱਜਿਆ ਯੁਵਕ ਮੇਲੇ ਦਾ ਤਾਜ਼

ਸਮਰਪਣ ਭਾਵਨਾ ਨਾਲ ਕੀਤੇ ਕੰਮ ਹੀ ਬਣਦੇ ਨੇ ਸਫਲਤਾ ਦਾ ਆਧਾਰ – ਪ੍ਰੋ. ਅਨੀਸ਼ ਦੂਆ
ਅੰਮ੍ਰਿਤਸਰ, 27 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਜੂਕੇਸ਼ਨ ਕਾਲਜਾਂ ਦੇ ਦੋ ਦਿਨਾ ਯੁਵਕ ਮੇਲਾ ਅੱਜ ਗਿੱਧੇ ਦੀ ਧਮਾਲ ਨਾਲ ਸਮਾਪਤ ਹੋਇਆ ਜਿਸ ਦਾ ਤਾਜ਼ ਖਾਲਸਾ ਕਾਲਜ ਆਫ ਐਜੂਕੇਸ਼ਨ, ਰਣਜੀਤ ਐਵੀਨਊ, ਅੰਮ੍ਰਿਤਸਰ ਦੇ ਸਿਰ ਸਜਿਆ।ਜਦੋਂਕਿ ਦੂਜਾ ਸਥਾਨ ਪ੍ਰਾਪਤ ਕਰਨ ਵਿਚ ਖਾਲਸਾ ਕਾਲਜ ਆਫ ਐਜੂਕੇਸ਼ਨ, ਜੀ.ਟੀ ਰੋਡ ਅੰਮ੍ਰਿਤਸਰ ਕਾਮਯਾਬ ਰਿਹਾ।ਤੀਜ਼ਾ ਸਥਾਨ ਐਮ.ਜੀ.ਐਨ ਕਾਲਜ ਆਫ ਐਜੂਕੇਸ਼ਨ, ਜਲੰਧਰ ਨੇ ਪ੍ਰਾਪਤ ਕੀਤਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਪੂਰੇ ਜੋਸ਼-ਓ-ਖਰੋਸ਼ ਨਾਲ ਚੈਂਪੀਅਨ ਟਰਾਫੀ ਪ੍ਰਾਪਤ ਕਰਨ ਸਮੇਂ ਵਿਦਿਆਰਥੀਆਂ ਦਾ ਜੋਸ਼ ਸਿਰ ਚੜ੍ਹ ਬੋਲ ਰਿਹਾ ਸੀ। ਓਵਰਆਲ ਚੈਂਪੀਅਨਸ਼ਿਪ ਪ੍ਰਦਾਨ ਕਰਨ ਸਮੇਂ ਖਾਲਸਾ ਕਾਲਜ ਆਫ ਐਜੂਕੇਸ਼ਨ, ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕ ਸਾਹਿਬਾਨ ਵੀ ਭਾਰੀ ਗਿਣਤੀ ਵਿਚ ਹਾਜ਼ਰ ਸਨ ਜਿਨ੍ਹਾਂ ਨੂੰ ਅੱਜ ਦੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਡੀਨ ਵਿਦਿਆਰਥੀ ਭਲਾਈ ਅਤੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ, ਪ੍ਰੋ. ਅਨੀਸ਼ ਦੂਆ ਨੇ ਟਰਾਫੀ ਪ੍ਰਦਾਨ ਕੀਤੀ।ਇਸ ਸਮੇਂ ਉਨ੍ਹਾਂ ਦੇ ਨਾਲ ਯੁਵਕ ਭਲਾਈ ਵਿਭਾਗ ਦੇ ਸਲਾਹਕਾਰ ਬਲਜੀਤ ਸਿੰਘ ਸੇਖੋਂ, ਕੋਆਰਡੀਨੇਟਰ ਡਾ. ਤੇਜਵੰਤ ਸਿੰਘ ਕੰਗ ਤੋਂ ਇਲਾਵਾ ਹੋਰ ਵੀ ਸਟਾਫ ਦੇ ਮੈਂਬਰ ਹਾਜ਼ਰ ਸਨ।ਡਾ. ਅਮਨਦੀਪ ਸਿੰਘ ਨੇ ਸਵਾਗਤੀ ਭਾਸ਼ਣ ਵਿਚ ਕਿਹਾ ਕਿ ਡੀਨ ਵਿਦਿਆਰਥੀ ਭਲਾਈ ਦੀ ਸਚੁੱਜੀ ਦੇਖਰੇਖ ਹੇਠ ਹੀ ਯੁਵਕ ਮੇਲੇ ਸਫਲਤਾ ਪੂਰਵਕ ਕਰਵਾਏ ਜਾ ਰਹੇ ਹਨ।
                 ਇਸ ਤੋਂ ਪਹਿਲਾਂ ਡਾ. ਦੂਆ ਦਾ ਦਸਮੇਸ਼ ਆਡੀਟੋਰੀਅਮ ਵਿਚ ਪੁੱਜਣ `ਤੇ ਡਾ. ਕੰਗ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ।ਪ੍ਰੋ. ਦੂਆ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਜਿਥੇ ਆਪਣੇ ਵਿਦਿਆਰਥੀ ਜੀਵਨ ਸਮੇਂ ਹੁੰਦੇ ਯੁਵਕ ਮੇਲਿਆਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਉਥੇ ਉਨ੍ਹਾਂ ਨੇ ਜ਼ੋਰ ਦੇ ਕੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਜਿਸ ਵੀ ਕੰਮ ਵਿਚ ਜੁੱਟਣ ਪੂਰੀ ਸਮਰਪਿਤ ਭਾਵਨਾ ਦੇ ਨਾਲ ਜੁੱਟਣ। ਉਹ ਕੰਮ ਕਦੇ ਵੀ ਸਿਰੇ ਨਹੀਂ ਚੜ੍ਹਦੇ ਜਿਨ੍ਹਾਂ ਨੂੰ ਅੱਧਮੰਨੇ ਮਨ ਨਾਲ ਕੀਤਾ ਜਾਂਦਾ ਹੈ।ਉਨ੍ਹਾਂ ਨੇ ਦਸਮੇਸ਼ ਆਡੀਟੋਰੀਅਮ ਦੇ ਸਟੇਜ `ਤੇ ਪੇਸ਼ਕਾਰੀ ਕਰਨ ਵਾਲੇ ਉਨ੍ਹਾਂ ਵਿਦਿਆਰਥੀ ਕਲਾਕਾਰਾਂ ਬਾਰੇ ਵੀ ਦੱਸਿਆ ਜਿਨ੍ਹਾਂ ਦਾ ਅੱਜ ਫਿਲਮ ਤੇ ਟੈਲੀਵਿਜ਼ਨ ਉਦਯੋਗ ਵਿੱਚ ਨਾਂ ਬੋਲਦਾ ਹੈ।ਉਨ੍ਹਾਂ ਨੇ ਕਪਿਲ ਸ਼ਰਮਾ ਦਾ ਉਚੇਚੇ ਤੌਰ `ਤੇ ਨਾਂ ਲੈਂਦਿਆਂ ਕਿਹਾ ਕਿ ਉਹ ਵੀ ਇਸੇ ਦਸਮੇਸ਼ ਆਡੀਟੋਰੀਅਮ ਦੀ ਸਟੇਜ `ਤੇ ਆਪਣੀ ਅਦਾਕਾਰੀ ਕਰਦੇ ਰਹੇ ਹਨ ਅੱਜ ਉਨ੍ਹਾਂ ਦੀ ਪੂਰੀ ਸਮਰਪਿਤ ਭਾਵਨਾ ਦੇ ਨਾਲ ਕੀਤੇ ਗਏ ਕੰਮ ਕਰਕੇ ਕਲਾ ਜਗਤ ਵਿਚ ਨਾਂ ਬੋਲ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਇਨ੍ਹਾਂ ਤੋਂ ਸਿਖਿਆ ਲੈਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਖੇਡ, ਅਕਾਦਮਿਕ ਜਾਂ ਸਭਿਆਚਾਰਕ ਕਲਾ ਦੇ ਖੇਤਰ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਆਪਣੀਆਂ ਗਤੀਵਿਧੀਆਂ ਜਾਰੀ ਰੱਖਣੀਆਂ ਚਾਹੀਦੀਆਂ ਹਨ।ਇਹ ਗਤੀਵਿਧੀਆਂ ਉਨ੍ਹਾਂ ਨੇ ਕੈਰੀਅਰ ਨੂੰ ਬਹੁਤ ਅੱਗੇ ਲੈ ਕੇ ਜਾਂਦੀਆਂ ਹਨ।ਉਨ੍ਹਾਂ ਕਿਹਾ ਕਿ ਅੱਜ ਦੂਜਾ ਜ਼ੋਨਲ ਯੁਵਕ ਮੇਲਾ ਸਮਾਪਤ ਹੋਇਆ ਹੈ ਅਤੇ ਤੀਜਾ ਜ਼ੋਨਲ ਯੁਵਕ ਮੇਲਾ 29 ਤੋਂ 31 ਅਕਤੂਬਰ ਤਕ ਕਰਵਾਇਆ ਜਾਵੇਗਾ ਅਤੇ ਨਵੰਬਰ ਵਿਚ ਤਿੰਨ ਵੱਖ ਵੱਖ ਜ਼ੋਨਲਾਂ ਦੇ ਯੁਵਕ ਮੇਲੇ ਹੋਣਗੇ।ਜਿਸ ਦੇ ਲਈ ਵਿਦਿਆਰਥੀਆਂ ਨੂੰ ਹੁਣ ਤੋਂ ਆਪਣੀਆਂ ਤਿਆਰੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦੀ ਜਿਥੇ ਰੱਜ ਕੇ ਸ਼ਲਾਘਾ ਕੀਤੀ ਉਥੇ ਉਨ੍ਹਾਂ ਨੇ ਦਰਸ਼ਕਾਂ ਵੱਲੋਂ ਪੂਰੇ ਸੰਜਮ ਨਾਲ ਆਨੰਦ ਮਾਨਣ `ਤੇ ਵੀ ਧੰਨਵਾਦ ਕੀਤਾ।
              ਅੱਜ ਦੇ ਯੁਵਕ ਮੇਲੇ ਦੀ ਆਖਰੀ ਪੇਸ਼ਕਾਰੀ ਗਿੱਧਾ ਸੀ ਜਿਸ ਦੀ ਧਮਾਲ ਨੇ ਦਰਸਕਾਂ ਦਾ ਮਨ ਮੋਹਿਆ ਉਥੇ ਉਨ੍ਹਾਂ ਨੇ ਆਪਣੀ ਪੇਸ਼ਕਾਰੀ ਦੌਰਾਨ ਪੰਜਾਬ ਦੇ ਸਭਿਆਚਾਰ ਖਾਸ ਕਰਕੇ ਜਾਗੋ ਨੂੰ ਜੀਵਤ ਰੰਗ ਦਿੱਤਾ। ਪਹਿਰਾਵਾ ਪਰੇਡ ਵਿਚ ਵਿਦਿਆਰਥੀ ਕਲਾਕਾਰਾਂ ਨੇ ਪੰਜਾਬੀ ਜਨ ਜੀਵਨ, ਸਭਿਆਚਾਰ, ਕਿਰਸਾਨੀ ਅਤੇ ਮਜ਼ਦੂਰ ਦੀਆਂ ਪੀੜ੍ਹਾਂ ਦੀ ਪੇਸ਼ਕਾਰੀ ਕੀਤੀ ਉਥੇ ਸਕਿੱਟਾਂ ਦੇ ਵਿਚ ਮੌਜੂਦਾ ਰਾਜਨੀਤਿਕ ਮਾਹੌਲ `ਤੇ ਤੰਜ਼ ਕੀਤੇ ਗਏ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …