ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ।
ਇਸ ਸਬੰਧ ਵਿਚ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਉਪਰੰਤ ਭਾਈ ਸੁਰਿੰਦਰ ਸਿੰਘ ਦੇ ਰਾਗੀ ਜਥੇ ਨੇੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ।ਅਰਦਾਸ ਭਾਈ ਬਲਜੀਤ ਸਿੰਘ ਨੇ ਕੀਤੀ ਅਤੇ ਸੰਗਤ ਨੂੰ ਪਾਵਨ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਰਾਜਦੀਪ ਨੇ ਸਰਵਣ ਕਰਵਾਇਆ।
ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਭਗਤ ਨਾਮਦੇਵ ਜੀ ਦੇ ਜੀਵਨ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਪ੍ਰੇਰਣਾ ਕੀਤੀ।ਉਨ੍ਹਾਂ ਆਖਿਆ ਕਿ ਭਗਤ ਨਾਮਦੇਵ ਜੀ ਦੀ ਬਾਣੀ ਮਨੁੱਖਤਾ ਲਈ ਚਾਨਣ ਮੁਨਾਰਾ ਹੈ, ਜਿਸ ਵਿੱਚੋਂ ਰੱਬੀ ਅਤੇ ਮਨੁੱਖੀ ਏਕਤਾ ਦੀ ਸੇਧ ਮਿਲਦੀ ਹੈ।ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਇਤਿਹਾਸ ਦੇ ਅਹਿਮ ਦਿਹਾੜਿਆਂ ਨੂੰ ਮਨਾਉਣ ਦੀ ਸ਼ਲਾਘਾ ਕਰਦਿਆਂ ਸੰਗਤ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਦੀ ਪ੍ਰੇਰਣਾ ਕੀਤੀ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਗੁਰਿੰਦਰ ਸਿੰਘ ਮਥਰੇਵਾਲ, ਮੀਤ ਸਕੱਤਰ ਨਿਰਵੈਲ ਸਿੰਘ, ਸੁਪ੍ਰਿੰਟੈਂਡੈਂਟ ਮਲਕੀਤ ਸਿੰਘ ਬਹਿੜਵਾਲ, ਮੈਨੇਜਰ ਬਘੇਲ ਸਿੰਘ ਤੇ ਨਿਸ਼ਾਨ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media