ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਬਠਿੰਡਾ-ਚੰਡੀਗੜ੍ਹ ਸਟੇਟ ਹਾਈਵੇ ਸਥਿਤ ਪਿੰਡ ਮਾਡਲ ਟਾਊਨ ਨੰਬਰ 1 (ਸੇਰੋਂ) ਦੇ ਨਿਵਾਸੀਆਂ ਨੇ ਅੱਜ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਬੱਸਾਂ ਨਾ ਰੁੱਕਣ ‘ਤੇ ਰੋਡ ਜਾਮ ਕਰਕੇ ਧਰਨਾ ਦਿੱਤਾ ਗਿਆ।ਧਰਨੇ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜ਼ਲੀ ਨੇ ਕਿਹਾ ਕਿ ਇਥੇ ਬੱਸਾਂ ਨਾ ਰੁਕਣ ਦੇ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਪਹਿਲਾਂ ਵੀ ਤਹਿਸੀਲਦਾਰ ਸੁਨਾਮ ਰਾਹੀਂ ਐਸ.ਡੀ.ਐਮ ਸੁਨਾਮ ਨੂੰ ਮੰਗ ਪੱਤਰ ਦਿੱਤਾ ਗਿਆ ਸੀ।ਜਿਸ ਤੋਂ ਬਾਅਦ ਅਜੇ ਤੱਕ ਵੀ ਇਥੇ ਬੱਸਾਂ ਨਹੀਂ ਰੁਕੀਆਂ।ਜਿਸ ਕਾਰਨ ਮੁੜ ਰੋਡ ਜਾਮ ਕਰਕੇ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਪਿੰਡ ਵਿੱਚ ਬੱਸਾਂ ਨਾ ਰੁਕਣ ਕਾਰਨ ਜਿੱਥੇ ਸਵਾਰੀਆਂ ਤੇ ਪੜਣ ਵਾਲੇ ਬੱਚਿਆਂ ਦੇ ਭਵਿੱਖ ਨੂੰ ਵੀ ਖਤਰਾ ਬਣਿਆ ਹੋਇਆ ਹੈ।ਆਵਾਜਾਈ ਦੇ ਸਾਧਨ ਨਾ ਹੋਣ ਕਾਰਨ ਬਹੁਤੇ ਮਜ਼ਦੂਰ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਈ ਅੱਧਵਾਟੇ ਛੱਡਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ । ਕਾਮਰੇਡ ਛਾਜਲੀ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਸ ਮਸਲੇ ਦਾ ਜਲਦ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਵਿੱਢ ਕੇ ਮਸਲਾ ਹੱਲ ਕਰਵਾਇਆ ਜਾਵੇਗਾ।
ਮਜ਼ਦੂਰ ਮੁਕਤੀ ਮੋਰਚੇ ਦੇ ਜਿਲ੍ਹਾ ਸਕੱਤਰ ਪ੍ਰੇਮ ਸਿੰਘ ਖਡਿਆਲੀ, ਪਿੰਡ ਇਕਾਈ ਪ੍ਰਧਾਨ ਰਾਜਵਿੰਦਰ ਕੌਰ, ਪ੍ਰਧਾਨ ਨਿਰਭੈ ਸਿੰਘ ਤੇ ਅਮਰਜੀਤ ਸਿੰਘ ਮੁਨਸ਼ੀਵਾਲਾ ਨੇ ਆਪਣੇ ਸੰਬੋਧਨ ਦੌਰਾਨ ਪੰਜਾਬ ਸਰਕਾਰ ਖਿਲਾਫ਼ ਵਿਰੋਧ ਜਤਾਉਂਦੇ ਹੋਏ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਸਮੇਂ ਧਰਨੇ ਦੇ ਆਖਿਰ ਵਿੱਚ ਬੀ.ਡੀ.ਪੀ.ਓ ਸੁਨਾਮ ਵਲੋਂ ਇਹ ਮੰਗ ਪੂਰੀ ਕਰਨ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ।
ਇਸ ਮੌਕੇ ਜਥੇਬੰਦੀ ਦੇ ਆਗੂ ਰਾਣੀ ਕੌਰ ਸੁਨਾਮ, ਅੰਗਰੇਜ ਕੌਰ, ਸੁਖਵਿੰਦਰ ਕੌਰ, ਕਰਮਜੀਤ ਕੌਰ, ਪੱਪੂ ਸਿੰਘ, ਪ੍ਰੀਤਮ ਸਿੰਘ, ਜਸਵੀਰ ਕੌਰ, ਗੁਰਤੇਜ ਸਿੰਘ, ਬਿੰਦਰ ਸਿੰਘ, ਪਰਮਜੀਤ ਕੌਰ, ਕਰਨੈਲ ਸਿੰਘ, ਸੁਖਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਪਿੰਡ ਨਿਵਾਸੀ ਹਾਜ਼ਰ ਸਨ।
Punjab Post Daily Online Newspaper & Print Media