
ਅੰਮ੍ਰਿਤਸਰ, 17 ਨਵੰਬਰ (ਸੁਖਬੀਰ ਸਿੰਘ) – ਸ਼੍ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਮਿਹਨਤੀ ਵਰਕਰਾਂ ਦੀ ਬਦੌਲਤ ਨਵਜੋਤ ਸਿੰਘ ਸਿੱਧੂ ਲੋਕ ਸਭਾ ਮੈਂਬਰ ਬਣਦਾ ਰਿਹਾ ਸੀ ਅੱਜ ਉਨ੍ਹਾਂ ਜੁਝਾਰੂ ਵਰਕਰਾਂ ਖਿਲਾਫ ਸਿੱਧੂ ਜੋੜੇ ਦੀ ਗਲਤ ਬਿਆਨਬਾਜ਼ੀ ਸਭ ਤੋਂ ਮਾੜੀ ਅਤੇ ਮੰਦਭਾਗੀ ਹੈ। ਲੋਕ ਸਮਝਦਾਰ ਹਨ ਅਤੇ ਇਹ ਚੰਗੀ ਤਰਾਂ ਜਾਣਦੇ ਹਨ ਕਿ ਇਹ ਕੀ ਅਤੇ ਕਿਉਂ ਕਿਹਾ ਜਾ ਰਿਹਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਰੈਵੀਨਿਊ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਮਾਰਕਿਟ ਕਮੇਟੀ ਦਫਤਰ ਅੰਮ੍ਰਿਤਸਰ ਵਿਖੇ ਨਵੇਂ ਨਿਯੁਕਤ ਚੇਅਰਮੈਨ ਸ. ਗੁਰਪ੍ਰੀਤ ਸਿੰਘ ਨੂੰ ਆਹੁਦੇ ‘ਤੇ ਬਿਠਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸ. ਮਜੀਠੀਆ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਸੀਟ ਖੁਸਣ ਕਾਰਨ ਨਿਰਾਸ਼ ਹਨ, ਜਦਕਿ ਇਹ ਨਿਰਣਾ ਭਾਜਪਾ ਹਾਈਕਮਾਨ ਵੱਲੋਂ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਸ. ਸਿੱਧੂ ਇਹ ਮਾਮਲਾ ਆਪਣੀ ਪਾਰਟੀ ਹਾਈਕਮਾਨ ਨਾਲ ਵਿਚਾਰਦੇ ਨਾ ਕਿ ਆਪਣੀ ਨਿੱਜੀ ਨਿਰਾਸ਼ਾ ਕਾਰਨ ਇਸ ਤਰਾਂ ਗੁੰਮਰਾਹਕਰਨ ਬਿਆਨਬਾਜ਼ੀ ਕਰਦੇ। ਸਿੱਧੂ ਜੋੜੇ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਬਾਰੇ ਪੁੱਛੇ ਇਕ ਸੁਆਲ ਸਬੰਧੀ ਸ. ਮਜੀਠੀਆ ਨੇ ਕਿਹਾ ਕਿ ਸਿੱਧੂ ਜੋੜੇ ਦੀ ਬਿਆਨਬਾਜ਼ੀ ਦਾ ਅਕਾਲੀ-ਭਾਜਪਾ ਗਠਜੋੜ ਉਪਰ ਕੋਈ ਅਸਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਅਤੇ ਅਟਲ ਬਿਹਾਰੀ ਵਾਜਪਾਈ ਨੇ ਉਸ ਸਮੇਂ ਅਕਾਲੀ-ਭਾਜਪਾ ਦਾ ਗਠਜੋੜ ਕੀਤਾ ਹੈ ਜਦੋਂ ਦੋਵੇਂ ਸੁਮਦਾਇ ਔਖੀ ਘੜ੍ਹੀ ‘ਚੋਂ ਗੁਜ਼ਰ ਰਹੇੇ ਸਨ। ਉਨ੍ਹਾਂ ਕਿਹਾ ਕਿ ਜਦੋਂ ਸ੍ਰੀ ਨਰਿੰਦਰ ਮੋਦੀ ਨੂੰ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਆਹੁਦੇ ਦਾ ਉਮੀਦਵਾਰ ਐਲਾਨਿਆ ਗਿਆ ਸੀ ਤਾਂ ਉਸ ਸਮੇਂ ਵੀ ਅਕਾਲੀ ਦਲ ਨੇ ਸਭ ਤੋਂ ਪਹਿਲਾਂ ਇਸਦੀ ਹਮਾਇਤ ਕੀਤੀ ਸੀ। ਸ. ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਬਹੁਤ ਗਹਿਰਾ ਸਬੰਧ ਹੈ ਅਤੇ ਇਹ ਹਮੇਸ਼ਾਂ ਕਾਇਮ ਰਹੇਗਾ।
ਸਾਲਡ ਵੇਸਟ ਮੈਨਜਮੈਂਟ ਪਲਾਂਟ ਬਾਰੇ ਪੁੱਛੇ ਇੱਕ ਸੁਆਲ ਦਾ ਜੁਆਬ ਦੇਣ ਤੋਂ ਨਾਂਹ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਇਸ ਪ੍ਰੋਜੈਕਟ ਦੀ ਜਿਆਦਾ ਸਹੀ ਜਾਣਕਾਰੀ ਇਸ ਵਿਭਾਗ ਦੇ ਮੰਤਰੀ ਸ੍ਰੀ ਅਨਿਲ ਜੋਸ਼ੀ ਹੀ ਦੇ ਸਕਦੇ ਹਨ। ਭਗਤਾਂ ਵਾਲਾ ਡੰਪ ਬਾਰੇ ਉਨ੍ਹਾਂ ਕਿਹਾ ਕਿ ਇਹ ਲੋਕਾਂ ਦੀ ਸਿਹਤ ਨਾਲ ਜੁੜਿਆ ਸੰਵੇਦਨਸ਼ੀਲ ਤੇ ਗੰਭੀਰ ਮੁੱਦਾ ਹੈ ਅਤੇ ਨਗਰ ਨਿਗਮ ਨੂੰ ਇਸਦੇ ਹੱਲ ਲਈ ਵਸੋਂ ਤੋਂ ਦੂਰ ਬਦਲਵੀਂ ਥਾਂ ਲੱਭਣੀ ਚਾਹੀਦੀ ਹੈ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media