Friday, October 16, 2026

ਜ਼ਲ੍ਹਿਆਂਵਾਲਾ ਬਾਗ ਮਾਰਗ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਬੇਅਦਬੀ ਦਾ ਦੋਸ਼ੀ

ਅੰਮ੍ਰਿਤਸਰ, 20 ਦਸੰਬਰ (ਜਗਦੀਪ ਸਿੰਘ) – ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸੀ.ਸੀ.ਟੀ.ਵੀ ਕੈਮਰਿਆਂ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਘਟਨਾ ਵਾਲੇ ਦਿਨ ਸਵੇਰੇ 8:30 ਵਜੇ ਜ਼ਲ੍ਹਿਆਵਾਲਾ ਬਾਗ ਮਾਰਗ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਿਆ ਸੀ।ਇਸ ਦੌਰਾਨ ਉਹ ਪਹਿਲੀ ਵਾਰ ਕਰੀਬ 9 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਪਰਕਰਮਾਂ ਵਿਚ ਦਾਖਲ ਹੋਣ ਲਈ ਆਇਆ, ਪਰ ਵਾਪਸ ਮੁੜ ਗਿਆ।ਇਸ ਮਗਰੋਂ ਉਹ ਪਲਾਜ਼ਾ ਰਾਹੀਂ ਸ੍ਰੀ ਗੁਰੂ ਰਾਮਦਾਸ ਨਿਵਾਸ ਵਾਲੇ ਪਾਸੇ ਪੁੱਜਾ ਅਤੇ ਸਵੇਰੇ 9:38 ਵਜੇ ਲੰਗਰ ਘਰ ਵਿਚ ਦਾਖਲ ਹੋਇਆ।ਉਸ ਨੇ ਲੰਗਰ ਛਕਿਆ ਅਤੇ ਚਾਹ ਪੀਤੀ।ਇਥੋਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 10:19 ਵਜੇ ਪਰਕਰਮਾਂ ਵਿਚ ਦਾਖ਼ਲ ਹੋਇਆ।ਦੋਸ਼ੀ ਵਿਅਕਤੀ 10:34 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਅੰਦਰ ਪਹਿਲੀ ਵਾਰ ਪੁੱਜਾ।10:37 ’ਤੇ ਹਰਿ ਕੀ ਪਓੜੀ ਦੇ ਉਪਰ ਗਿਆ ਅਤੇ 11:45 ਵਜੇ ਬਾਹਰ ਆਇਆ।ਇਸ ਮਗਰੋਂ ਉਹ ਫਿਰ ਸੱਚਖੰਡ ਅੰਦਰ ਦਾਖਲ ਹੋਇਆ ਅਤੇ 5:46 ‘ਤੇ ਮੰਦਭਾਗੀ ਘਟਨਾ ਨੂੰ ਅੰਜ਼ਾਮ ਦਿੱਤਾ।ਐਡਵੋਕੇਟ ਧਾਮੀ ਨੇ ਦੱਸਿਆ ਕਿ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਸਪੱਸ਼ਟ ਹੋਇਆ ਕਿ ਉਹ ਡਰਿਆ ਹੋਇਆ ਸੀ ਅਤੇ ਸਾਰਾ ਦਿਨ ਮੂੰਹ ਨੀਵਾਂ ਕਰਕੇ ਚੱਲਦਾ ਰਿਹਾ।ਇਸ ਦੌਰਾਨ ਉਸ ਨੂੰ ਜੇਬ ਕਤਰਾ ਆਦਿ ਸਮਝ ਕੇ ਟਾਕਸਫੋਰਸ ਵਾਲਿਆਂ ਨੇ ਬਾਹਰ ਵੀ ਕੀਤਾ।ਉਨ੍ਹਾਂ ਕਿਹਾ ਕਿ ਸਾਫ ਨਜ਼ਰ ਆਉਂਦਾ ਹੈ ਕਿ ਦੋਸ਼ੀ ਮੰਦਭਾਵਨਾ ਨਾਲ ਹੀ ਆਇਆ ਸੀ ਅਤੇ ਪਿੱਛੋਂ ਮਿਲੀ ਟ੍ਰੇਨਿੰਗ ਅਨੁਸਾਰ ਕੰਮ ਕਰ ਰਿਹਾ ਸੀ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …