Friday, October 16, 2026

ਪੰਜਾਬ ਵਿਧਾਨ ਸਭਾ ਚੋਣਾਂ ਲਈ ਕਪੂਰਥਲਾ ‘ਚ 65.7 ਫੀਸਦੀ ਪੋਲਿੰਗ

ਸੁਲਤਾਨਪੁਰ ਲੋਧੀ ਹਲਕੇ ਵਿਚ ਹੋਈ ਸਭ ਤੋਂ ਵੱਧ 71.3 ਫੀਸਦੀ ਵੋਟਿੰਗ

ਕਪੂਰਥਲਾ, 21 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿਧਾਨ ਸਭਾ ਚੋਣਾਂ ਲਈ ਕਪੂਰਥਲਾ ਹਲਕੇ ਵਿਚ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਨ ਤੇ ਨਿਰਪੱਖ ਤਰੀਕੇ ਨੇਪਰੇ ਚੜ੍ਹਿਆ, ਜਿਸ ਦੌਰਾਨ ਜਿਲ੍ਹੇ ਵਿੱਚ ਕੁੱਲ 65.7 ਫੀਸਦੀ ਵੋਟਿੰਗ ਹੋਈ।
              ਜਿਲ੍ਹੇ ਦੇ ਕਪੂਰਥਲਾ ਹਲਕੇ ਅੰਦਰ 64.1 ਫੀਸਦੀ, ਭੁਲੱਥ ਹਲਕੇ ਅੰਦਰ 65 ਫੀਸਦੀ, ਸੁਲਤਾਨਪੁਰ ਲੋਧੀ ਹਲਕੇ ਅੰਦਰ 71.3 ਫੀਸਦੀ ਤੇ ਫਗਵਾੜਾ (ਰਾਖਵੇਂ) ਹਲਕੇ ਅੰਦਰ 63.3 ਫੀਸਦੀ ਵੋਟਿੰਗ ਹੋਈ ਹੈ।
              ਜਿਲ੍ਹਾ ਚੋਣ ਅਫਸਰ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਅੱਜ ਸਵੇਰੇ ਵੋਟਿੰਗ ਸ਼ੁਰੂ ਹੁੰਦਿਆਂ ਹੀ ਕਪੂਰਥਲਾ ਹਲਕੇ ਦੇ 132 ਨੰਬਰ ਬੂਥ ਦਾ ਦੌਰਾ ਕਰਨ ਦੇ ਨਾਲ-ਨਾਲ ਆਪਣੀ ਵੋਟ ਵੀ ਪਾਈ ਗਈ।ਉਨ੍ਹਾਂ ਪਹਿਲੀ ਵਾਰ ਵੋਟ ਪਾ ਰਹੇ 18 ਤੋਂ 19 ਸਾਲ ਉਮਰ ਵਰਗ ਦੇ ਵੋਟਰਾਂ ਦਾ ਪ੍ਰਸ਼ੰਸ਼ਾ ਪੱਤਰਾਂ ਨਾਲ ਸਨਮਾਨ ਵੀ ਕੀਤਾ।
ਵੋਟਰਾਂ ਵਿੱਚ ਉਤਸ਼ਾਹ ਪੈਦਾ ਕਰਨ ਤੇ ਵੋਟਿੰਗ ਨੂੰ ਤਿਉਹਾਰ ਵਜੋਂ ਮਨਾਉਣ ਦੇ ਮਕਸਦ ਨਾਲ 24 ਮਾਡਲ ਪੋਲਿੰਗ ਸਟੇਸ਼ਨਾਂ, 20 ‘ਪਿੰਕ ਬੂਥਾਂ ’ਤੇ ਵੋਟਰਾਂ ਦਾ ਢੋਲ ਵਜਾ ਕੇ, ਫੁੱਲ ਦੇ ਕੇ ਸਵਾਗਤ ਕੀਤਾ ਗਿਆ।ਇਸ ਤੋਂ ਇਲਾਵਾ ਬਜ਼ੁਰਗ ਵੋਟਰਾਂ ਦਾ ਵੀ ਗੁਲਦਸਤਿਆਂ ਨਾਲ ਸਵਾਗਤ ਕੀਤਾ ਗਿਆ ਅਤੇ ਬਜ਼ੁਰਗ ਤੇ ਸਰੀਰਕ ਤੌਰ ’ਤੇ ਅਸਮਰੱਥ ਵੋਟਰਾਂ ਨੂੰ ਵੋਟ ਪਾਉਣ ਵਿੱਚ ਸਹਾਇਤਾ ਲਈ ਆਵਾਜਾਈ ਦੀ ਸਹੂਲਤ ਵੀ ਦਿੱਤੀ ਗਈ।
               ਜਿਲ੍ਹਾ ਚੋਣ ਅਫਸਰ ਵਲੋਂ ਆਪਣੀ ਵੋਟ ਪਾਉਣ ਵੇਲੇ ਪੋਲਿੰਗ ਬੂਥ ਉਪਰ ਸਥਾਪਿਤ ਕੀਤੇ ਗਏ ‘ਸ਼ੇਰਾ’ ਦੇ ਕੱਟ ਆਊਟ ਨਾਲ ਸੈਲਫੀ ਵੀ ਲਈ ਗਈ।ਨੌਜਵਾਨਾਂ ਤੇ ਲੜਕੀਆਂ ਵਲੋਂ ਪੋਲਿੰਗ ਬੂਥਾਂ ਉਪਰ ਬਣਾਏ ਗਏ ਸੈਲਫੀ ਪੁਆਇੰਟਾਂ ਵਿਖੇ ਤਸਵੀਰਾਂ ਲੈ ਕੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਗਿਆ। ਜਿਲ੍ਹਾ ਚੋਣ ਅਫਸਰ ਵਲੋਂ ਵੋਟਿੰਗ ਦਾ ਕੰਮ ਸ਼ਾਂਤੀਪੂਰਨ ਤਰੀਕੇ ਨਾਲ ਮੁਕੰਮਲ ਹੋਣ ’ਤੇ ਚੋਣ ਅਮਲ, ਸੁਰੱਖਿਆ ਦਸਤਿਆਂ ਤੇ ਵਿਸ਼ੇਸ਼ ਕਰਕੇ ਵੋਟਰਾਂ ਦਾ ਧੰਨਵਾਦ ਕੀਤਾ ਗਿਆ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …