ਸ਼ਨੀਵਾਰ ਨੂੰ ਕੇਜਰੀਵਾਲ ਦੇ ਘਰ ਦੇ ਬਾਹਰ ਹੋਵੇਗਾ ਵਿਰੋਧ ਪ੍ਰਦਰਸ਼ਨ
ਨਵੀਂ ਦਿੱਲੀ, 4 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਰਕਾਰ ਦੇ ਸਜ਼ਾ ਸਮੀਖਿਆ ਬੋਰਡ ਵਲੋਂ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਪੰਜਵੀਂ ਵਾਰ
ਟਾਲਣ ਦੇ ਵਿਰੋਧ ਵਿੱਚ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ ਦਿੱਲੀ ਵਲੋਂ ਸ਼ਨੀਵਾਰ 5 ਮਾਰਚ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ।
ਰਿਹਾਈ ਮੋਰਚਾ ਦੇ ਅੰਤ੍ਰਿੰਗ ਬੋਰਡ ਮੈਂਬਰਾਂ ਡਾ: ਪਰਮਿੰਦਰ ਪਾਲ ਸਿੰਘ, ਅਵਤਾਰ ਸਿੰਘ ਕਾਲਕਾ, ਦਲਜੀਤ ਸਿੰਘ ਅਤੇ ਸੰਗਤ ਸਿੰਘ ਨੇ ਦੱਸਿਆ ਕਿ ਇਸ ਪ੍ਰਦਰਸ਼ਨ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵਲੋਂ ਲਿਖਿਤ ਪੁਸਤਕ ‘ਸਵਰਾਜ’ ਦੀ ਕਾਪੀ ਵੀ ਸਾੜੀ ਜਾਵੇਗੀ, ਕਿਉਂਕਿ `ਸਵਰਾਜ` ਦੇ ਨਾਂ `ਤੇ ਲੋਕਾਂ ਦਾ ਰਾਜ ਸਥਾਪਤ ਕਰਨ ਦਾ ਐਲਾਨ ਕਰਕੇ ਸੱਤਾ `ਚ ਆਏ ਕੇਜਰੀਵਾਲ ਦਾ ਅੱਜਕਲ `ਸਵਰਾਜ` ਦਾ ਮਤਲਬ ਸਿਰਫ਼ ਆਪਣੇ ਕੰਮਾਂ ਨੂੰ ਹੀ ਪ੍ਰਮੁੱਖਤਾ ਦੇਣ ਦਾ ਕੰਮ ਚੱਲ ਰਿਹਾ ਹੈ। ਕੇਂਦਰ ਸਰਕਾਰ ਨੇ ਅਕਤੂਬਰ 2019 ਵਿੱਚ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਮਨਜ਼ੂਰੀ ਦੇ ਦਿੱਤੀ ਸੀ ਅਤੇ ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਵਲੋਂ ਸੁਪਰੀਮ ਕੋਰਟ ਵਿੱਚ ਰਿਹਾਈ ਨੂੰ ਰੋਕਣ ਲਈ ਦਾਇਰ ਪਟੀਸ਼ਨ ਦਾ ਵੀ 9 ਦਸੰਬਰ 2021 ਨੂੰ ਨਿਪਟਾਰਾ ਹੋ ਚੁੱਕਿਆ ਹੈ। ਪਰ ਸਜ਼ਾ ਸਮੀਖਿਆ ਬੋਰਡ ਨੇ ਕਾਨੂੰਨੀ ਵਿਵਸਥਾਵਾਂ ਨੂੰ ਛਿੱਕੇ ਟੰਗਦੇ ਹੋਏ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਤਜਵੀਜ਼ ਨੂੰ 4 ਵਾਰ ਰੱਦ ਕਰ ਦਿੱਤਾ ਅਤੇ ਇੱਕ ਵਾਰ ਮੁਲਤਵੀ ਕਰ ਦਿੱਤਾ ਹੈ।
ਰਿਹਾਈ ਮੋਰਚਾ ਆਗੂਆਂ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੇ ਬੇਟੇ ਦੇ ਵਿਆਹ ਸਮਾਗਮ ਵਿੱਚ ਕਾਲਕਾ ਦੀ ਬਿੱਟਾ ਨੂੰ ਜੱਫੀ ਪਾਉਣ ਦੀ ਫੋਟੋ ਦਿਖਾਉਂਦੇ ਹੋਏ ਕਿਹਾ ਕਿ ਦਿੱਲੀ ਕਮੇਟੀ ਦੱਸੇ ਕਿ ਉਹ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੇ ਨਾਲ ਹੈ ਜਾਂ ਉਨ੍ਹਾਂ ਦੀ ਰਿਹਾਈ ਵਿੱਚ ਰੁਕਾਵਟ ਪਾਉਣ ਵਾਲੇ ਬਿੱਟਾ ਦੇ ਨਾਲ?
Punjab Post Daily Online Newspaper & Print Media