ਪੰਜਾਬੀ ਕਹਾਣੀ ‘ਸੁਲਘਦੇ ਸਮਿਆਂ ਦਾ ਬਿਰਤਾਂਤ’ ਨਾਲ ਹੋਈ ਪ੍ਰੋਗਰਾਮ ਸ਼ੁਰੂਆਤ
ਅੰਮ੍ਰਿਤਸਰ, 11 ਮਾਰਚ (ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਨੈਸ਼ਨਲ ਬੁੱਕ ਟਰੱਸਟ ਇੰਡੀਆ ਦੇ ਸਹਿਯੋਗ ਨਾਲ ਚਲ ਰਹੇ ‘ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ 7ਵਾਂ ਦਿਨ ਸ਼ਹੀਦ ਭਗਤ
ਸਿੰਘ ਦੀ ਸੋਚ ਨੂੰ ਸਮਰਪਿਤ ਰਿਹਾ। ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਡਾ. ਕੇਵਲ ਧਾਲੀਵਾਲ ਦੇ ਨਿਰਦੇਸ਼ਨਾ ਹੇਠ ਪੇਸ਼ ਕੀਤੇ ਗਏ ਨਾਟਕ ‘ਬਸੰਤੀ ਚੋਲਾ’ ਰਾਹੀਂ ਨੌਜਵਾਨਾਂ ਪੀੜ੍ਹੀ ਨੂੰ ਭਗਤ ਸਿੰਘ ਦੀ ਸੋਚ ਤੇ ਵਿਚਾਰਾਂ ਨਾਲ ਜਾਣੂ ਕਰਵਾਇਆ ਗਿਆ।ਇਹ ਨਾਟਕ ਅੱਜ ਦੇ ਸਮਿਆਂ ਵਿਚ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਖਟਕੜ ਕਲਾਂ ਵਿਖੇ ਚੱਲ ਰਹੇ ਸ਼ਹੀਦਾਂ ਦੇ ਮੇਲੇ ਤੋਂ ਸ਼ੁਰੂ ਹੁੰਦਾ ਹੈ।ਇਕ ਬਜ਼ੁਰਗ ਸੂਤਰਧਾਰ ਦੇ ਰੂਪ ਵਿਚ ਨਵੀਂ ਪੀੜ੍ਹੀ ਨੂੰ ਦੇਸ਼ ਦੇ ਅਸਲੀ ਨਾਇਕਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਗਾਥਾ ਸੁਣਾਉਦਾ ਹੈ।ਨਾਟਕ ਵਿਚ ਸ਼ਹੀਦਾਂ ਦੇ ਬਚਪਨ ਤੋਂ ਲੈ ਕੇ ਫਾਂਸੀ ਦੇ ਰੱਸੇ ਨੂੰ ਚੁੰਮਣ ਤੱਕ ਦੀ ਗਾਥਾ ਸਜੀਵ ਕਰ ਦਿਖਾਈ ਗਈ।ਇਸ ਦੇ ਰਾਹੀਂ ਸ਼ਹੀਦਾਂ ਦੇ ਸੁਪਨਿਆਂ, ਮੰਗਾਂ ਤੇ ਉਦੇਸ਼ਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ।
ਭਾਰੇ ਇਕੱਠ ਵਿਚ ਨਾਟਕ ਦੇਖਦਿਆਂ ਦਰਸ਼ਕ ਕਈ ਵਾਰ ਭਾਵੁਕ ਹੋਏ।ਖ਼ਾਲਸਾ ਕਾਲਜ ਅੰਮਿ੍ਰਤਸਰ ਦੇ ਪ੍ਰਿੰਸੀਪਲ ਡਾ. ਮਾਹਲ ਸਿੰਘ ਨੇ ਕਿਹਾ ਕਿ ਨਾਟਕ ਬਹੁਤ ਹੀ ਤਾਕਤਵਰ ਮਾਧਿਅਮ ਹੈ ਜੋ ਦਰਸ਼ਕਾਂ ਨੂੰ ਸਿੱਧਾ ਪਾਤਰਾਂ ਨਾਲ ਜੋੜ ਦਿੰਦਾ ਹੈ।
7ਵੇਂ ਦਿਨ ਦੀ ਸ਼ੁਰੂਆਤ ਪੰਜਾਬੀ ਕਹਾਣੀ ਬਾਰੇ ‘ਸੁਲਘਦੇ ਸਮਿਆਂ ਦਾ ਬਿਰਤਾਂਤ’ ਪ੍ਰੋਗਰਾਮ ਅਧੀਨ ਸਮਕਾਲੀ ਪੰਜਾਬੀ ਕਹਾਣੀਕਾਰਾਂ ਅਜਮੇਰ ਸਿੱਧੂ ਨੇ ਕਿਹਾ ਕਿ ਮੈਂ ਉਸ ਦੌਰ ਵਿਚ ਕਹਾਣੀ ਲਿਖਣੀ ਸ਼ੁਰੂ ਕੀਤੀ, ਜਦੋਂ ਪ੍ਰਗਤੀਵਾਦੀ ਧਾਰਾ ਆਪਣੇ ਜ਼ੋਰ ’ਤੇ ਸੀ।ਇਸ ਦਾ ਪ੍ਰਭਾਵ ਮੇਰੇ ਮਨ ’ਤੇ ਵੀ ਪਿਆ ਤੇ ਇਹ ਮੇਰੀਆਂ ਕਹਾਣੀਆਂ ਵਿਚ ਵੀ ਨਜ਼ਰ ਆਉਦਾ ਹੈ।ਇਸ ਤਰ੍ਹਾਂ ਮੇਰੀਆਂ ਕਹਾਣੀਆਂ ਉਨ੍ਹਾਂ ਸੁਲਘਦਿਆਂ ਸਮਿਆਂ ਦਾ ਬਿਰਤਾਂਤ ਹੋ ਨਿੱਬੜਦੀਆਂ ਹਨ।ਦੇਸ ਰਾਜ ਕਾਲੀ ਨੇ ਭਗਵੰਤ ਰਸੂਲਪੁਰੀ ਦੀਆਂ ਕਹਾਣੀਆਂ ਦੇ ਹਵਾਲੇ ਨਾਲ ਪੰਜਾਬੀ ਕਹਾਣੀ ਵਿਚ ਦਲਿਤ ਵਰਗ ਦੀ ਹੋਂਦ ਤੇ ਹੋਣੀ ਦੇ ਪੇਸ਼ਕਾਰੀ ਵਿਚ ਆਈਆਂ ਤਬਦੀਲੀਆਂ ਦਾ ਜ਼ਿਕਰ ਕੀਤਾ।ਜੰਮੂ-ਕਸ਼ਮੀਰ ਤੋਂ ਆਏ ਅਦਬ ਮੈਗਜ਼ੀਨ ਦੇ ਸੰਪਾਦਕ ਤੇ ਕਹਾਣੀਕਾਰ ਬਲਜੀਤ ਰੈਨਾ ਨੇ ਕਿਹਾ ਕਿ ਉਨ੍ਹਾਂ ਦੀ ਕਹਾਣੀ ਦਾ ਘੇਰਾ ਜੰਮੂ ਤੋਂ ਲੈ ਕੇ ਕਲਕੱਤਾ ਤੱਕ ਫੈਲਿਆ ਹੋਇਆ ਹੈ।ਉਨ੍ਹਾਂ ਨੇ ਹੌਲੀ-ਹੌਲੀ ਪੰਜਾਬੀ ਸਿੱਖੀ ’ਤੇ ਪੰਜਾਬੀ ਕਹਾਣੀ ਵਿਚ ਆਪਣੇ ਸਮੇਂ ਦੇ ਅਨੁਭਵਾਂ ਨੂੰ ਪੇਸ਼ ਕੀਤਾ।ਭਗਵੰਤ ਰਸੂਲਪੁਰੀ ਨੇ ਦਲਿਤ ਸੰਵੇਦਨਾ ਦੇ ਨਿੱਜੀ ਤਜੱਰਬੇ ਤੇ ਅਧਿਐਨ ਦੇ ਆਧਾਰ ’ਤੇ ਸਿਰਜੀਆਂ ਕਹਾਣੀਆਂ ਦੀਆਂ ਵੱਖ-ਵੱਖ ਪਰਤਾਂ ਫੋਲੀਆਂ।ਦੀਪ ਦਵਿੰਦਰ ਨੇ ਕਹਾਣੀ ਅੰਦਰਲੀ ਭਾਸ਼ਾ ਤੇ ਆਪਣੇ ਭਾਸ਼ਾ ਨਾਲ ਸੰਵਾਦ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ।ਪੈਨਲ ਚਰਚਾ ਦੇ ਸੰਯੋਜਕ ਡਾ. ਬਲਦੇਵ ਧਾਲੀਵਾਲ ਨੇ ਕਿਹਾ ਕਿ ਪੰਜਾਬੀ ਕਹਾਣੀ ਨੇ ਪਹਿਲੀ ਤੋਂ ਪੰਜਵੀਂ ਪੀੜ੍ਹੀ ਤੱਕ ਲੰਮਾਂ ਪੈਂਡਾ ਤੈਅ ਕੀਤਾ ਹੈ।ਭਾਵੇਂ ਪਛਾਣ ਦੀ ਗੱਲ ਹੋਵੇ ਜਾਂ ਨਾਰੀ ਦੀ ਹੋਣੀ ਦੀ, ਭਾਵੇਂ ਵੰਡ ਦੀ ਗੱਲ ਹੋਵੇ ਜਾਂ 84 ਦੇ ਕਾਲੇ ਦੌਰ ਦੀ ਪੰਜਾਬੀ ਕਹਾਣੀ ਨੇ ਹਰ ਸੁਲਘਦੇ ਸਮੇਂ ਨੂੰ ਆਪਣੇ ਆਪ ਉੱਪਰ ਹੰਢਾਇਆ ਤੇ ਪਾਠਕਾਂ ਤੱਕ ਪਹੁੰਚਾਇਆ ਹੈ।
ਬਾਅਦ ਦੁਪਹਿਰ ਦੇ ਸੈਸ਼ਨ ਵਿਚ ਵਿਸ਼ਵ ਪ੍ਰਸਿਧ ਕੰਪਿਊਟਰ ਤਕਨੀਕ ਵਿਗਿਆਨੀ ਗੁਰਪ੍ਰੀਤ ਸਿੰਘ ਲਹਿਲ ਨੇ ਆਪਣੇ ਵਲੋਂ ਤਿਆਰ ਕੀਤੇ ਗਏ ਪੰਜਾਬੀ ਵਰਡ ਪ੍ਰੋਸੈਸਰ ਅੱਖਰ 2021 ਦੇ ਨਵੇਂ ਸੰਸਕਰਣ ਬਾਰੇ ਤਕਨੀਕੀ ਜਾਣਕਾਰੀ ਦਿੱਤੀ।ਕੰਪਿਊਟਰ ਦੇ ਵਿਦਵਾਨ ਡਾ. ਸੀ.ਪੀ ਕੰਬੋਜ ਨੇ ਪੰਜਾਬੀ ਭਾਸ਼ਾ ਅਤੇ ਕੰਪਿਊਟਰ ਤਕਨਾਲੋਜੀ ਦੇ ਵੱਖ-ਵੱਖ ਤਕਨੀਕੀ ਮਸਲਿਆਂ ਬਾਰੇ ਜਾਣਕਾਰੀ ਭਰਪੂਰ ਵਾਰਤਾ ਪੇਸ਼ ਕੀਤੀ।ਲਹਿਲ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਕੰਪਿਊਟਰ ਤੇ ਵਰਤਣ ਵੇਲੇ ਪੇਸ਼ ਆ ਰਹੀਆਂ ਅੜਚਣਾ ਨੂੰ ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਵਿਭਾਗ ਵਲੋਂ ਖੋਜ ਕਰਕੇ ਦੂਰ ਕੀਤੀਆਂ ਜਾ ਰਹੀਆਂ ਹਨ।ਰੂ-ਬਰੂ ਪ੍ਰੋਗਰਾਮ ਅਧੀਨ ਪੰਜਾਬੀ ਦੇ ਵਾਰਤਾਕਕਾਰ ਨਿੰਦਰ ਘੁਗਿਆਣਵੀਂ ਨਾਲ ਉਸ ਦੇ ਸਾਹਿਤਕ ਸਫਰ ਬਾਰੇ ਗੱਲਾਂ ਕੀਤੀਆਂ ਅਤੇ ਨਿੰਦਰ ਨੇ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਨੂੰ ਲੰਮਾ ਸਮਾਂ ਬੰਨੀ ਰੱਖਿਆ।
ਮੇਲੇ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਕੱਲ 12 ਮਾਰਚ ਨੂੰ ‘ਏਜੰਡਾ ਪੰਜਾਬ : ਚੰਗੇ ਭਵਿੱਖ ਦੀ ਤਲਾਸ਼’ ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ ਵਿੱਚ ਡਾ. ਮਨਮੋਹਨ ਸਿੰਘ ਅਤੇ ਅਮਰਜੀਤ ਸਿੰਘ ਗਰੇਵਾਲ ਹਿੱਸਾ ਲੈਣਗੇ, ਜਦਕਿ ਇਸ ਪ੍ਰੋਗਰਾਮ ਦੇ ਸੰਚਾਲਕ ਡਾ. ਜਗਰੂਪ ਸਿੰਘ ਸੇਖੋਂ ਹੋਣਗੇ।ਇਸੇ ਕਿਸਮ ਦਾ ਇਕ ਪ੍ਰੋਗਰਾਮ ‘ਇਸ਼ਕ ਕਰਨ ਤੇ ਤੇਗ ਦੀ ਧਾਰ ਕੱਪਣ’ ਕਰਵਾਇਆ ਜਾਵੇਗਾ।ਜਿਸ ਵਿਚ ਪੰਜਾਬੀ ਨਜ਼ਰੀਏ ਦੀ ਬੁਨਿਆਦ ਅਤੇ ਵੰਗਾਰਾਂ ਵਿਸ਼ੇ ਤੇ ਇਤਿਹਾਸਕਾਰ ਡਾ. ਸੁਮੇਲ ਸਿੱਧੂ ਅਤੇ ਡਾ. ਪਰਮਜੀਤ ਸਿੰਘ ਢੀਂਗਰਾ ਵਿਚਾਰ ਚਰਚਾ ਕਰਨਗੇ।ਸ਼ਾਮ ਸਮੇਂ ਕੱਵਾਲ ਅਤੇ ਆਧੁਨਿਕ ਸੂਫੀ ਗਾਇਕੀ ਪੇਸ਼ ਕੀਤੀ ਜਾਵੇਗੀ।
Punjab Post Daily Online Newspaper & Print Media