Wednesday, August 26, 2026

ਮੰਚ ਆਗੂਆਂ ਨੇ ਵਿਧਾਇਕਾ ਜੀਵਨਜੋਤ ਕੌਰ ਨੂੰ ਦੱਸੀ ਸ਼ਹਿਰ ਦੀ ਵਿਗੜੀ ਟ੍ਰੈਫਿਕ ਵਿਵੱਸਥਾ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਮਨਮੋਹਣ ਸਿੰਘ ਬਰਾੜ, ਹਰਦੀਪ ਸਿੰਘ ਚਾਹਲ, ਮਾਈਕਲ ਰਾਹੁਲ ਅਤੇ ਦਲਜੀਤ ਸਿੰਘ ਕੋਹਲੀ ‘ਤੇ ਅਧਾਰਿਤ ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਤੀਨਿਧ ਮੰਡਲ ਨੇ ਸਥਾਨਕ ਵਿਧਾਨ ਸਭਾ ਪੂਰਬੀ ਤੋਂ ‘ਆਪ’ ਵਿਧਾਇਕਾ ਬੀਬੀ ਜੀਵਨਜੋਤ ਕੌਰ ਨੂੰ ਮਿਲ ਕੇ ਗੁਰੂ ਨਗਰੀ ਅੰਮ੍ਰਿਤਸਰ ਦੀ ਵਿਗੜੀ ਹੋਈ ਟ੍ਰੈਫਿਕ ਵਿਵੱਸਥਾ ਤੋਂ ਜਾਣੂ ਕਰਵਾਉਣ ਲਈ ਇੱਕ ਮੰਗ ਪੱਤਰ ਸੌਂਪਿਆ।ਉਨਾਂ ਨੇ ਇਸ ਗੰਭੀਰ ਹੋ ਚੁੱਕੀ ਸਮੱਸਿਆ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਜਲਦ ਹੱਲ ਕਰਨ ਦੀ ਮੰਗ ਕੀਤੀ।ਜਿਕਰਯੋਗ ਹੈ ਕਿ ਸਿੱਖ ਧਰਮ ਦੇ ਕੇਂਦਰੀ ਅਸਥਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਇੱਕ ਲੱਖ ਤੋਂ ਵੱਧ ਸ਼ਰਧਾਲੂ ਦੇਸ਼ ਵਿਦੇਸ਼ ਤੋਂ ਨਤਮਸਤਕ ਹੋਣ ਲਈ ਪਹੁੰਚਦੇ ਹਨ।ਪ੍ਰੰਤੂ ਕਾਬੂ ਤੋਂ ਬਾਹਰ ਹੋਈ ਟਰੈਫਿਕ ਸਮੱਸਿਆ ਕਾਰਨ ਸ਼ਰਧਾਲੂਆਂ ਤੇ ਯਾਤਰੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਟ੍ਰੈਫਿਕ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਯਾਤਰੂਆਂ ਤੇ ਸ਼ਰਧਾਲੂਆਂ ਦੇ ਮਨਾਂ ‘ਤੇ ਆਵਾਜਾਈ ਸਬੰਧੀ ਨਾਕਾਰਾਤਮਕ ਪਹੁੰਚ ਸ਼ਹਿਰ ਦੇ ਪ੍ਰਾਹੁਣਚਾਰੀ ਕਾਰੋਬਾਰ ‘ਤੇ ਮਾਰੂ ਪ੍ਰਭਾਵ ਪਾ ਰਹੀ ਹੈ ।
                   ਵਫਦ ਨੇ ਵਿਧਾਇਕਾ ਦੇ ਧਿਆਨ ਵਿੱਚ ਲਿਆਂਦਾ ਕਿ ਉਨ੍ਹਾਂ ਦੇ ਦਫ਼ਤਰ ਦੇ ਬਾਹਰਵਾਰ ਸ਼ਹਿਰ ਦੇ ਪ੍ਰਵੇਸ਼ ਸਥਾਨ ਜੀ.ਟੀ ਰੋਡ ‘ਤੇ ਰੇਤ ਬੱਜ਼ਰੀ ਦੀ ਹੋ ਰਹੀ ਖਰੀਦ-ਓ-ਫਰੋਖਤ ਰਾਹਗੀਰਾਂ ਖਾਸ ਕਰਕੇ ਦੋ ਪਹੀਆ ਵਾਹਨਾਂ ‘ਤੇ ਸਵਾਰਾਂ ਲਈ ਦੁਰਘਟਨਾਵਾਂ ਦਾ ਬਾਇਸ ਹੈ।ਇਸ ਸਮੱਸਿਆਂ ਦੇ ਹੱਲ ਲਈ ਜਰੂਰੀ ਕਾਰਵਾਈ ਕਰਦਿਆਂ ਰੇਤ ਬੱਜ਼ਰੀ ਦੀ ਖਰੀਦ-ਓ-ਫਰੋਖਤ ਲਈ ਕੋਈ ਹੋਰ ਢੁੱਕਵਾਂ ਸਥਾਨ ਨਿਸਚਿਤ ਕੀਤੇ ਕੀਤਾ ਜਾਵੇ।
                  ਉਨਾਂ ਨੇ ਐਲੀਵੇਟਡ ਰੋਡ ਤੋਂ ਹਾਲ ਗੇਟ ਨੂੰ ਜਾਣ ਵਾਲੀ ਸੜਕ ‘ਤੇ ਭੰਡਾਰੀ ਪੁੱਲ ‘ਤੇ ਲੱਗੇ ਬੈਰੀਕੇਡਾਂ ਨੂੰ ਹਟਾਉਣ ਦੀ ਮੰਗ ਵੀ ਕੀਤੀ, ਕਿਉਂਕਿ ਐਲੀਵੇਟਿਡ ਰੋਡ ਤੋਂ ਹਾਲ ਗੇਟ ਨੂੰ ਜਾਣ ਵਾਲੇ ਰਾਹਗੀਰਾਂ ਨੂੰ ਰੇਲਵੇ ਸਟੇਸ਼ਨ ਰਸਤਿਓਂ ਕੁਈਨਜ਼ ਰੋਡ ਅਤੇ ਕੂਪਰ ਰੋਡ ਦਾ ਚੱਕਰ ਲਗਾਉਣਾ ਪੈਂਦਾ ਹੈ।ਇਸ ਨਾਲ ਕੁਈਨਜ਼ ਰੋਡ ਤੇ ਕੂਪਰ ਰੋਡ ‘ਤੇ ਅਕਸਰ ਜਾਮ ਲੱਗੇ ਰਹਿੰਦੇ ਹਨ।ਭੰਡਾਰੀ ਪੁੱਲ ਦਾ ਵਿਸਤਾਰ ਹੋਣ ਤੋਂ ਬਾਅਦ ਤਾਂ ਇਹ ਬੈਰੀਕੇਡ ਬਿਲਕੁੱਲ ਬੇਲੋੜੇ ਹਨ।
ਵਫਦ ਨੇ ਅੰਮ੍ਰਿਤਸਰ ਸ਼ਹਿਰ ਦੇ ਬਾਈਪਾਸ ਦੇ ਅੰਦਰ ਸਭ ਕਿਸਮ ਦੇ ਟਰੱਕਾਂ ਦੇ ਦਾਖ਼ਲੇ ‘ਤੇ ਸਵੇਰ ਦੇ 5.00 ਵਜੇ ਤੋਂ ਰਾਤ ਦੇ 10.00 ਵਜੇ ਤੱਕ ਪੂਰਨ ਪਾਬੰਦੀ ਦੀ ਮੰਗ ਕੀਤੀ।ਹੁਣ ਦਿਨ ਦੇ ਸਮੇਂ ਵਕਤ ਸ਼ੇਰਾਂ ਵਾਲੇ ਗੇਟ ਅਤੇ ਘਿਓ ਮੰਡੀ ਗੇਟ ਅੰਦਰ ਟਰੱਕਾਂ ਦੇ ਦਾਖ਼ਲੇ ਕਾਰਨ ਯਾਤਰੂਆਂ, ਸ਼ਰਧਾਲੂਆਂ, ਵਿਦਿਆਰਥੀਆਂ ਤੇ ਸ਼ਹਿਰੀਆਂ ਨੂੰ ਲੰਮੇ ਜਾਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
                    ਵਫਦ ਨੇ ਹੋਰ ਕਿਹਾ ਕਿ ਬੱਸ ਅੱਡੇ ਦੇ ਬਾਹਰ ਬੱਸਾਂ ਰੋਕ ਕੇ ਸਵਾਰੀਆਂ ਲਾਹੁਣ ਕਾਰਣ ਉਥੇ ਈ-ਰਿਕਸ਼ਾ ਅਤੇ ਥ੍ਰੀ-ਵ੍ਹੀਲਰਾਂ ਦੇ ਜਮਘਟਾ ਗੰਭੀਰ ਮਸਲੇ ਦਾ ਕਾਰਨ ਬਣ ਰਿਹਾ ਹੈ।ਇਸ ਸਮੱਸਿਆ ਦੇ ਹੱਲ ਲਈ ਬੱਸ ਅੱਡੇ ਦੇ ਬਾਹਰ ਲੋੜੀਂਦੀ ਗਿਣਤੀ ‘ਚ ਟਰੈਫਿਕ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣ ਤਾਂ ਜੋ ਸਾਰੀਆਂ ਬੱਸਾਂ ਬੱਸ ਅੱਡੇ ਦੇ ਅੰਦਰ ਦਾਖਲ ਹੋ ਕੇ ਹੀ ਸਵਾਰੀਆਂ ਬਿਠਾਉਣ ‘ਤੇ ਉਤਾਰਨ।
                    ਆਗੂਆਂ ਨੇ ਕਿਹਾ ਕਿ ਵਿਧਾਇਕਾ ਬੀਬੀ ਜੀਵਨਜੋਤ ਕੌਰ ਨੇ ਅੰਮ੍ਰਿਤਸਰ ਵਿਕਾਸ ਮੰਚ ਦੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਟ੍ਰੈਫਿਕ ਸੁਚਾਰੂ ਢੰਗ ਨਾਲ ਚਲਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਜਰੂਰੀ ਹਦਾਇਤਾਂ ਦਿੱਤੀਆਂ ਜਾਣਗੀਆਂ ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …