ਅੰਮ੍ਰਿਤਸਰ, 5 ਮਈ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸਵਰਨਜੀਤ ਸਵੀ ਦੀਆਂ ਤਿੰਨ ਪੁਸਤਕਾਂ ‘ਮਨ ਦੀ
ਚਿੱਪ’, ‘ਉਦਾਸੀ ਦਾ ਲਿਬਾਸ’ ਅਤੇ ‘ਖੁਸ਼ੀਆਂ ਦਾ ਪਾਸਵਰਡ’ ਬਾਰੇ ਵਿਚਾਰ ਗੋਸ਼ਟੀ ਰੱਖੀ ਗਈ।ਪੰਜਾਬੀ ਵਿਭਾਗ ਦੇ ਕਾਨਫਰੰਸ ਹਾਲ ਵਿੱਚ ਹੋਈ ਇਸ ਵਿਚਾਰ ਗੋਸ਼ਟੀ ਵਿੱਚ ਪਹੁੰਚੇ ਮਹਿਮਾਨਾਂ ਅਤੇ ਵਿਦਵਾਨਾਂ ਨੂੰ ‘ਜੀ ਆਇਆਂ’ ਆਖਦਿਆਂ ਪੰਜਾਬੀ ਵਿਭਾਗ ਦੇ ਮੁੱਖੀ ਡਾ. ਆਤਮ ਸਿੰਘ ਰੰਧਾਵਾ ਕਿਹਾ ਕਿ ਸਵੀ ਲੰਮੇ ਸਮੇਂ ਤੋਂ ਕਾਵਿ ਸਿਰਜਣਾ ਕਰ ਰਿਹਾ ਹੈ ਅਤੇ ਉਸ ਦੀ ਕਵਿ ਰਚਨਾ ਵਿਚ ਲਗਾਤਾਰ ਉਸਾਰੂ ਤਬਦੀਲੀ ਆਈ ਹੈ।ਜਿਸ ਕਾਰਨ ਉਸ ਦੀ ਕਾਵਿ ਰਚਨਾ ਨੇ ਵਿਦਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਖ਼ਾਲਸਾ ਕਾਲਜ ਹਮੇਸ਼ਾਂ ਤੋਂ ਪੰਜਾਬੀ ਸਾਹਿਤਕਾਰਾਂ ਅਤੇ ਸਾਹਿਤਕ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ।ਅੱਜ ਦੇ ਸਮੇਂ ਵਿਚ ਵੀ ਏਥੇ ਹਰ ਸਾਲ ਲਗਦੇ ਪੁੱਸਤਕ ਮੇਲੇ ਅਤੇ ਏਥੇ ਹੁੰਦੇ ਸਮਾਗਮਾਂ ਨੇ ਪੂਰੇ ਵਿਸ਼ਵ ਵਿਚ ਰਹਿ ਰਹੇ ਪੰਜਾਬੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।ਉਹਨਾਂ ਇਹ ਵੀ ਕਿਹਾ ਕਿ ਸਵੀ ਅਜੋਕੇ ਸਮੇਂ ਦੇ ਕਵੀਆਂ ਵਿਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਿਚ ਕਾਮਯਾਬ ਹੋਇਆ ਹੈ।
ਇਸ ਵਿਚਾਰ ਗੋਸ਼ਟੀ ਵਿਚ ਸਵੀ ਦੀਆਂ ਨਵ ਪ੍ਰਕਾਸ਼ਿਤ ਪੁਸਤਕਾਂ ਬਾਰੇ ਪੰਜਾਬ ਯੂਨੀਵਰਸਿਟੀ ਰੀਜ਼ਨਲ ਸੈਂਟਰ ਮੁਕਤਸਰ ਦੇ ਪ੍ਰੋਫੈਸਰ ਡਾ. ਪਰਮਜੀਤ ਸਿੰਘ ਢੀਂਗਰਾ ਨੇ ਵਿਡੀਓ ਕਾਨਫਰੰਸ ਰਾਹੀਂ ਦੱਸਿਆ ਕਿ ਸਵੀ ਇਤਿਹਾਸ ਮਿਥਿਹਾਸ ਵਿਚੋਂ ਤੱਥ ਲੈ ਕੇ ਵਿਅੰਗ ਦੀ ਜੁਗਤ ਨਾਲ ਉਹਨਾਂ ਨੂੰ ਪੇਸ਼ ਕਰਦਾ ਹੈ। ਸਵੀ ਨੇ ਸਾਡੀ ਨਿਆਂ ਵਿਵਸਥਾ ਦੇ ਸੱਚ ਨੂੰ ਵੀ ਪੇਸ਼ ਕੀਤਾ ਹੈ।ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਫਾਰ ਵੁਮੈਨ ਦੇ ਪ੍ਰੋਫੈਸਰ ਡਾ. ਅਕਾਲ ਅੰਮ੍ਰਿਤ ਕੌਰ ਨੇ ਕਿਹਾ ਕਿ ਟੈਕਨਾਲੋਜੀ ਲਗਾਤਾਰ ਮਨੁੱਖ ਨੂੰ ਗੁਲਾਮ ਬਣਾ ਰਹੀ ਹੈ ਅਤੇ ਆਰਟੀਫੀਸ਼ਲ ਇੰਟੈਲੀਜੈਂਸ ਵੱਲ ਵਧ ਰਿਹਾ ਵਿਗਿਆਨ ਇਕ ਦਿਨ ਮਨੁੱਖ ਨੂੰ ਬੇਕਾਰ ਕਰ ਦੇਵੇਗਾ।ਕਾਰੋਪੋਰੇਟ ਜਗਤ ਵਿਚ ਮਨੁੱਖ ਬੇਰੁਜ਼ਗਾਰ ਹੀ ਨਹੀਂ ਸਗੋਂ ਗੈਰਪ੍ਰਸੰਗਕ ਵੀ ਮਹਿਸੂਸ ਕਰ ਰਿਹਾ ਹੈ।ਸਵੀ ਕਾਵਿ ਇਹਨਾਂ ਸਾਰੇ ਮੁੱਦਿਆਂ ਨੂੰ ਪੇਸ਼ ਕਰਨ ਕਰਕੇ ਸਮੇਂ ਦੇ ਹਾਣ ਦਾ ਹੈ। ਉਹਨਾਂ ਕਿਹਾ ਕਿ ਗੁਰਬਾਣੀ ਸਾਨੂੰ ਇਸ ਗੁਲਾਮੀ ਤੋਂ ਬਚਣ ਦਾ ਰਾਹ ਦੱਸਦੀ ਹੈ।
ਪਬਲਿਕ ਕਾਲਜ ਸਮਾਣਾ ਤੋਂ ਡਾ. ਅਰਵਿੰਦਰ ਕੌਰ ਕਾਕੜਾ ਨੇ ਆਪਣੇ ਪ੍ਰਵਚਨ ਵਿਚ ਕਿਹਾ ਕਿ ‘ਮਨ ਦੀ ਚਿੱਪ’ ਪੁਸਤਕ ਨਵੀਂ ਕਿਸਮ ਦੇ ਸੰਵਾਦ ਰਾਹੀਂ ਦੱਸਦੀ ਹੈ ਕਿ ਪੂੰਜੀਵਾਦ ਮਨੁੱਖ ਨੂੰ ਕਿਵੇਂ ਖਤਮ ਕਰ ਰਿਹਾ ਹੈ। ਪੂੰਜੀਵਾਦ ਸੰਵਾਦ ਖਤਮ ਕਰ ਰਿਹਾ ਹੈ।ਪਰ ਇਹ ਪੁਸਤਕ ਹਾਲਾਤ ਨਾਲ ਸੰਵਾਦ ਰਚਾ ਰਹੀ ਹੈ।ਸਾਨੂੰ ਸਮਝਣਾ ਚਾਹੀਦਾ ਹੈ ਕਿ ਤਕਨੀਕ ਨੂੰ ਸਰਮਾਏਦਾਰੀ ਨੇ ਪੈਦਾ ਕੀਤਾ ਹੈ ਅਤੇ ਇਹ ਬੇਰੁਜ਼ਗਾਰੀ ਪੈਦਾ ਕਰਨ ਦੇ ਨਾਲ ਨਾਲ ਕਿਰਤ ਦੀ ਲੁੱਟ ਵੀ ਕਰ ਰਹੀ ਹੈ।ਗੁਰੂ ਨਾਨਕ ਕਾਲਜ ਬੁਢਲਾਡਾ ਤੋਂ ਡਾ. ਗੁਰਦੀਪ ਸਿੰਘ ਢਿਲੋਂ ਨੇ ਕਿਹਾ ਕਿ ਕਿਸੇ ਵੀ ਪੁਸਤਕ ਦੀ ਭੂਮਿਕਾ ਪਾਠਕ ਦੀ ਸੋਚ ਨੂੰ ਇਕ ਵਿਸ਼ੇਸ਼ ਦਿਸ਼ਾ ਵੱਲ ਮੋੜ ਦਿੰਦੀ ਹੈ।ਜਿਸ ਕਾਰਨ ਪਾਠਕ ਆਪਣੇ ਮਨ ਚਾਹੇ ਅਰਥ ਲੈਣ ਤੋਂ ਖੁੰਝ ਜਾਂਦਾ ਹੈ।ਉਹਨਾਂ ਕਿਹਾ ਕਿ ਸਰਮਾਏਦਾਰੀ ਵੀ ਇਸੇ ਤਰ੍ਹਾਂ ਆਪਣੇ ਸੰਚਾਰ ਸਾਧਨਾਂ ਨਾਲ ਲੋਕ ਮਾਨਸਿਕਤਾ ਨੂੰ ਪ੍ਰਭਾਵਿਤ ਕਰਦੀ ਹੈ।
ਕਾਲਜ ਦੇ ਪੰਜਾਬੀ ਵਿਭਾਗ ਦੇ ਡਾ. ਕੁਲਦੀਪ ਸਿੰਘ ਨੇ ਬੱਚਿਆਂ ਬਾਰੇ ਪੰਜਾਬੀ ਵਿੱਚ ਹੁਣ ਤੱਕ ਹੋਏ ਕੰਮ ਦਾ ਵੇਰਵਾ ਦਿੰਦਿਆਂ ਕਿਹਾ ਕਿ ਖੁਸ਼ੀਆਂ ਦਾ ਪਾਸਵਰਡ ਬੱਚਿਆਂ ਦੀ ਮਾਨਸਿਕਤਾ ਨੂੰ ਪੇਸ਼ ਕਰਨ ਵਾਲੀ ਪੁਸਤਕ ਹੈ। ਬੱਚਿਆਂ ਦੀ ਅਣਭੋਲ ਮਾਨਸਿਕਤਾ ਹਰ ਵਸਤ ਨਾਲ ਖੇਡ ਸਕਦੀ ਹੈ, ਪਰ ਅਸੀਂ ਜਿਵੇਂ ਜਿਵੇਂ ਸਿਆਣੇ ਹੋ ਰਹੇ ਹਾਂ, ਉਵੇਂ ਉਵੇਂ ਖੇਡਣਾ ਭੁੱਲ ਰਹੇ ਹਾਂ।ਮਸੂਮੀਅਤ ਮਨੁੱਖਤਾ ਦਾ ਸਭ ਤੋਂ ਮਹਿੰਗਾ ਅਹਿਸਾਸ ਹੁੰਦੀ ਹੈ।
ਇਸ ਮੌਕੇ ਸ਼ਾਇਰ ਅੰਬਰੀਸ਼, ਸ਼ਾਇਰ ਸ਼ਿਵਦੀਪ ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਭੁਪਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਜਸਬੀਰ ਸਿੰਘ, ਡਾ. ਗੁਰਿੰਦਰ ਕੌਰ, ਡਾ. ਅਮਨਦੀਪ ਕੌਰ ਥਿੰਦ, ਡਾ. ਗੁਰਸ਼ਿੰਦਰ ਕੌਰ, ਡਾ. ਰਜਨੀਸ਼ ਕੌਰ, ਡਾ. ਚਿਰਜੀਵਨ ਕੌਰ, ਡਾ. ਨਵਜੋਤ ਕੌਰ, ਪ੍ਰੋ. ਗੁਰਸ਼ਰਨ ਸਿੰਘ, ਪੋ.੍ਰ ਬਲਜਿੰਦਰ ਸਿੰਘ, ਪ੍ਰੋ. ਹਰਵਿੰਦਰ ਕੌਰ, ਪ੍ਰੋ. ਅੰਮ੍ਰਿਤਪਾਲ ਕੌਰ ਅਤੇ ਵੱਖ-ਵੱਖ ਕਾਲਜਾਂ ਤੋਂ ਆਏ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media