Saturday, November 23, 2024

ਜਨਰਲ ਅਬਜ਼ਰਵਰ ਵਲੋਂ ਸੰਗਰੂਰ ਦੀ ਉਪ ਚੋਣ ਦੇ ਪ੍ਰਬੰਧਾਂ ਬਾਰੇ ਸਮੀਖਿਆ ਮੀਟਿੰਗ

ਸੰਗਰੂਰ, 19 ਜੂਨ (ਜਗਸੀਰ ਲੌਂਗੋਵਾਲ) – ਚੋਣ ਕਮਿਸ਼ਨ ਵਲੋਂ ਲੋਕ ਸਭਾ ਹਲਕਾ ਸੰਗਰੂਰ ਦੀ ਉਪ ਚੋਣ ਲਈ ਤਾਇਨਾਤ ਜਨਰਲ ਅਬਜ਼ਰਵਰ ਮੁਹੰਮਦ ਜ਼ੁਬੇਰ ਅਲੀ ਹਾਸ਼ਮੀ ਵਲੋਂ ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਦੀ ਹਾਜ਼ਰੀ ਵਿੱਚ ਜ਼ਿਲਾ ਸੰਗਰੂਰ, ਜ਼ਿਲਾ ਬਰਨਾਲਾ ਤੇ ਵਿਧਾਨ ਸਭਾ ਹਲਕਾ ਮਲੇਰਕੋਟਲਾ ਦੇ ਸਾਰੇ ਸਹਾਇਕ ਰਿਟਰਨਿੰਗ ਅਫ਼ਸਰਾਂ, ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨਾਲ ਉਪ ਚੋਣ ਦੀਆਂ ਤਿਆਰੀਆਂ ਸਬੰਧੀ ਸਮੀਖਿਆ ਮੀਟਿੰਗ ਕੀਤੀ।ਉਨਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਉਪ ਚੋਣ ਤੋਂ 72 ਘੰਟੇ ਪਹਿਲਾਂ, 48 ਘੰਟੇ ਪਹਿਲਾਂ ਤੇ 24 ਘੰਟੇ ਪਹਿਲਾਂ ਲਈ ਜਾਰੀ ਸਾਰੇ ਐਸ.ਓ.ਪੀ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਪੂਰੀ ਚੌਕਸੀ ਰੱਖਦੇ ਹੋਏ ਸਮੁੱਚੇ ਪ੍ਰਬੰਧਾਂ ਨੂੰ ਸਫ਼ਲਤਾਪੂਰਵਕ ਨੇਪਰੇ ਚੜਾਇਆ ਜਾਵੇ।
                 ਜਨਰਲ ਅਬਜ਼ਰਵਰ ਹਾਸ਼ਮੀ ਨੇ ਕਿਹਾ ਕਿ ਲੋਕ ਸਭਾ ਉਪ ਚੋਣ ਨੂੰ ਪੂਰੀ ਤਰਾਂ ਸੁਰੱਖਿਅਤ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਨੇਪਰੇ ਚੜਾਉਣ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰਾਂ ਮੁਸਤੈਦ ਰਹੇ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਅਮਨ ਕਾਨੂੰਨ ਭੰਗ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।ਉਨਾਂ ਕਿਹਾ ਕਿ ਵੋਟਰਾਂ ਨੂੰ ਨਕਦੀ, ਸ਼ਰਾਬ ਜਾਂ ਮੁਫ਼ਤ ਚੀਜ਼ਾਂ ਦੇਣਾ ਕਾਨੂੰਨੀ ਜ਼ੁਰਮ ਹੈ ਜਿਸ ਤਹਿਤ ਆਈ.ਪੀ.ਸੀ ਅਧੀਨ ਸਜ਼ਾ ਜਾਂ ਜੁਰਮਾਨਾ ਜਾਂ ਦੋਵੇਂ ਹੀ ਹੋ ਸਕਦੇ ਹਨ।
                ਰਿਟਰਨਿੰਗ ਅਧਿਕਾਰੀ ਜਤਿੰਦਰ ਜੋਰਵਾਲ ਨੇ ਕਿਹਾ ਕਿ ਲੋਕ ਸਭਾ ਉਪ ਚੋਣ ਦੇ ਸਮੁੱਚੇ ਅਮਲ ਨੂੰ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਮਨ ਅਮਾਨ ਨਾਲ ਨੇਪਰੇ ਚੜਾਉਂਦੇ ਹੋਏ ਹਰ ਵੋਟਰ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ ਅਤੇ ਸਾਰੇ ਨਾਗਰਿਕ ਬਿਨਾਂ ਕਿਸੇ ਡਰ ਅਤੇ ਭੈਅ ਤੋਂ ਆਪਣੇ ਵੋਟ ਦੇ ਅਧਿਕਾਰ ਦੀ ਲਾਜ਼ਮੀ ਤੌਰ ’ਤੇ ਵਰਤੋਂ ਕਰਨ।ਉਨਾਂ ਕਿਹਾ ਕਿ ਗੈਰ ਸਮਾਜੀ ਅਨਸਰਾਂ ਨੂੰ ਸਖ਼ਤੀ ਨਾਲ ਠੱਲ ਪਾਈ ਜਾਵੇ ਅਤੇ ਪੁਲਿਸ ਤੇ ਸਿਵਲ ਪ੍ਰਸਾਸ਼ਨ ਆਪਸ ਵਿੱਚ ਪੂਰੀ ਤਰਾਂ ਤਾਲਮੇਲ ਰੱਖੇ।
            ਮੀਟਿੰਗ ਦੌਰਾਨ ਵਧੀਕ ਜ਼ਿਲਾ ਚੋਣ ਅਫ਼ਸਰ ਅਨਮੋਲ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਤੋਂ ਇਲਾਵਾ ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀ, ਸਹਾਇਕ ਕਮਿਸ਼ਨਰ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਵੀ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …