ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਵਿਕਾਸ ਮੰਚ (ਰਜਿ.) ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਕਿਹਾ ਕਿ ਉਨ੍ਹਾਂ ਮਹਾਰਾਜਾ

ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ ਇਤਿਹਾਸਕ ਰਾਮ ਬਾਗ ਨੂੰ ਵੀ ਨਜਾਇਜ਼ ਕਬਜਿਆਂ ਤੋਂ ਛੁਟਕਾਰਾ ਦਿਵਾਉਣ ਲਈ 7 ਮਈ 2022 ਨੂੰ ਇਕ ਈ ਮੇਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪ੍ਰਿੰਸੀਪਲ ਸਕੱਤਰ ਸਥਾਨਕ ਸਰਕਾਰ ਵਿਵੇਕ ਪ੍ਰਤਾਪ ਸਿੰਘ ਆਈ.ਏ.ਐਸ, ਮੇਅਰ ਕਰਮਜੀਤ ਸਿੰਘ ਰਿੰਟੂ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਭੇਜੀ ਸੀ।ਜਿਸ ਵਿੱਚ ਲਿਖਿਆ ਸੀ ਕਿ ਭਾਰਤ ਦੇ ਰਾਸ਼ਟਰਪਤੀ ਅਤੇ ਪੰਜਾਬ ਦੇ ਗਵਰਨਰ ਦਰਮਿਆਨ 4 ਦਸੰਬਰ 2018 ਨੂੰ ਹੋਏ ਸਮਝੋਤੇ ਅਧੀਨ ਇਸ ਬਾਗ ਵਿਚੋਂ ਮਹਾਰਾਜਾ ਰਣਜੀਤ ਸਿੰਘ ਵਲੋਂ ਉਸਾਰੀਆਂ ਇਮਾਰਤਾਂ ਨੂੰ ਛੱਡ ਕੇ ਬਾਕੀ ਉਸਾਰੀਆਂ ਨਗਰ ਨਿਗਮ ਦਾ ਐਸ.ਡੀ.ਓ ਦਫ਼ਤਰ, ਖਾਣ ਪੀਣ ਵਾਲਾ ਖੋਖਾ, ਲਾਅਨ ਟੈਨਿਸ ਤੇ ਸਕੇਟਿੰਗ ਰਿੰਕ ਆਦਿ ਸ਼ਾਮਲ ਹਨ ਢਾਹੁਣੀਆਂ ਸਨ, ਜੋ ਨਹੀਂ ਢਾਹੀਆਂ ਗਈਆਂ।ਬਾਗ਼ ਅੰਦਰ ਸ਼ਰਾਬ ਦੀ ਵਰਤੋਂ ਕਰਨ ਅਤੇ ਹੋਰ ਵਪਾਰਕ ਕੰਮ ਕਰਨ ਦੀ ਮਨਾਹੀ ਕੀਤੀ ਗਈ ਹੈ, ਜੋ ਅਜੇ ਵੀ ਜਾਰੀ ਹੈ।
ਸਮਝੌਤੇ ਵਿਚ ਬਾਗ਼ ਅੰਦਰ ਚਾਰ ਪਹੀਆ ਗੱਡੀਆਂ ਤੇ ਭਾਰੀ ਗੱਡੀਆਂ ਦੇ ਦਾਖ਼ਲੇ ਦੀ ਮਨਾਹੀ ਕੀਤੀ ਗਈ ਹੈ।ਜਿੱਥੋਂ ਤੀਕ ਕਲੱਬਾਂ ਦੀ ਲੀਜ਼ ਦਾ ਸਬੰਧ ਹੈ, ਇਸ ਬਾਰੇ ਕਿਹਾ ਗਿਆ ਹੈ ਕਿ ਜੇ ਕਲੱਬਾਂ ਵਾਲੇ ਨਜਾਇਜ਼ ਉਸਾਰੀਆਂ ਢਾਹ ਦੇਂਦੇ ਹਨ ਤੇ ਸ਼ਰਾਬ ਦੀ ਵਰਤੋਂ ਨਹੀਂ ਕਰਦੇ ਤਾਂ ਇਨ੍ਹਾਂ ਦੀ ਲੀਜ਼ ਵੱਧ ਤੋਂ ਵੱਧ ਪੰਜ ਸਾਲ ਵਧਾਈ ਜਾਵੇਗੀ।ਇਸ ਸਮਝੌਤੇ ਨੂੰ ਹੋਇਆਂ ਤਕਰੀਬਨ 4 ਸਾਲ ਹੋ ਗਏ ਹਨ ਲੇਕਿਨ ਨਗਰ ਨਿਗਮ,ਅੰਮ੍ਰਿਤਸਰ ਨੇ ਬਣਦੀ ਕਾਰਵਾਈ ਨਹੀਂ ਕੀਤੀ।ਇਸ ਤਰ੍ਹਾਂ ਇਹ ਅਧਿਕਾਰੀ ਭਾਰਤ ਦੇ ਰਾਸ਼ਟਰਪਤੀ ਅਤੇ ਗਵਰਨਰ ਪੰਜਾਬ ਦੇ ਹੁਕਮਾਂ ਨੂੰ ਟਿੱਚ ਸਮਝ ਰਹੇ ਹਨ।ਮੰਚ ਆਗੂ ਨੇ ਸਾਬਕਾ ਆਈ.ਪੀ.ਐਸ ਤੇ ਮੌਜ਼ੂਦਾ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਦਖਲ ਮੰਗਿਆ ।
Punjab Post Daily Online Newspaper & Print Media