ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਵਿਕਾਸ ਮੰਚ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦਿੱਲੀ ਵਾਂਗ ਵੱਖ-ਵੱਖ ਸ਼ਹਿਰਾਂ

ਨੂੰ ਬੱਸਾਂ ਚਲਾਉਣ ਦੀ ਮੰਗ ਕੀਤੀ ਹੈ।ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਅੰਮ੍ਰਿਤਸਰ ਤੋਂ ਵਿਧਾਇਕਾ ਸ੍ਰੀਮਤੀ ਜੀਵਨ ਜੋਤਤ ਕੌਰ, ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਭੇਜੀ ਈ ਮੇਲ ਰਾਹੀ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਹੈ ਕਿ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਰ ਸਾਲ ਲੱਖਾਂ ਲੋਕ ਪੰਜਾਬ, ਹਿਮਾਚਲ, ਜੰਮੂ-ਕਸ਼ਮੀਰ ਤੇ ਰਾਜਸਥਾਨ ਤੋਂ ਵਿਦੇਸ਼ਾਂ ਨੂੰ ਜਾਂਦੇ ਅਤੇ ਉਥੋਂ ਆਉਂਦੇ ਹਨ।ਪਰ ਅਫ਼ਸੋਸ ਦੀ ਗੱਲ ਹੈ ਕਿ ਅਜੇ ਤੀਕ ਕਿਸੇ ਵੀ ਸਰਕਾਰ ਨੇ ਦਿੱਲੀ ਵਾਂਗ ਵੱਖ-ਵੱਖ ਸ਼ਹਿਰਾਂ ਨੂੰ ਬੱਸਾਂ ਚਲਾਉਣ ਦੀ ਖੇਚਲ ਨਹੀਂ ਕੀਤੀ।ਯਾਤਰੂਆਂ ਨੂੰ ਨਿੱਜੀ ਗੱਡੀਆਂ ਲੈ ਕੇ ਆਉਣਾ ਜਾਣਾ ਪੈਂਦਾ ਹੈ।ਇਸ ਲਈ ਪੰਜਾਬ ਰੋਡਵੇਜ਼ ਤੇ ਪੈਪਸੂ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਲਗ਼ਜ਼ਰੀ ਬੱਸਾਂ ਦਿੱਲੀ ਵਾਂਗ ਚਲਾਉਣ ਦੀ ਖੇਚਲ ਕੀਤੀ ਜਾਵੇ ਤਾਂ ਜੋ ਯਾਤਰੂਆਂ ਨੂੰ ਨਿੱਜੀ ਗੱਡੀਆਂ ਦੀ ਖ਼ਜਲ ਖ਼ੁਆਰੀ ਤੋਂ ਨਿਜ਼ਾਤ ਮਿਲ ਸਕੇ।ਮੰਚ ਆਗੂ ਨੇ ਹਵਾਈ ਅੱਡੇ ਤੋਂ ਘਿਉ ਮੰਡੀ ਤੀਕ ਲੋਕਲ ਬੱਸਾਂ ਚਲਾਉਣ ਦੀ ਵੀ ਮੰਗ ਕੀਤੀ ਹੈ ਤਾਂ ਜੋ ਜਿਹੜੇ ਯਾਤਰੂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਣਾ ਚਾਹੁੰਦੇ ਹਨ, ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਉਨਾਂ ਕਿਹਾ ਕਿ ਮੰਚ ਵੱਲੋਂ 5 ਮਈ 2022 ਨੂੰ ਮੁੱਖ ਮੰਤਰੀ ਤੇ ਟਰਾਂਸਪੋਰਟ ਮੰਤਰੀ ਨੂੰ ਇਸ ਸਬੰਧੀ ਪੱਤਰ ਭੇਜੇ ਗਏ ਸਨ, ਪਰ ਅਫਸੋਸ ਹੈ ਕਿ ਉਨਾਂ ਬੱਸਾਂ ਕੀ ਚਲਾਉਣੀਆਂ ਸਨ, ਕਿਸੇ ਨੇ ਵੀ ਇਨ੍ਹਾਂ ਪੱਤਰਾਂ ਦਾ ਜਵਾਬ ਦੇਣ ਭੇਜਣ ਦੀ ਖੇਚਲ ਤਕ ਨਹੀਂ ਕੀਤੀ।
Punjab Post Daily Online Newspaper & Print Media