Sunday, December 22, 2024

ਸਮਾਜਿਕ ਤੇ ਆਰਥਿਕ ਤੌਰ ‘ਤੇ ਗੁਲਾਮ ਬਹੁਜਨ ਸਮਾਜ ਲਈ ਆਜ਼ਾਦੀ ਆਉਣੀ ਬਾਕੀ – ਜਸਵੀਰ ਸਿੰਘ ਗੜ੍ਹੀ

ਸੰਗਰੂਰ, 18 ਸਤੰਬਰ (ਜਗਸੀਰ ਲੌਂਗੋਵਾਲ) – ਬਹੁਜਨ ਸਮਾਜ ਪਾਰਟੀ ਨੇ ਸੰਗਰੂਰ ਵਿਖੇ ਵਿਸ਼ਾਲ ਰੋਸ਼ ਪ੍ਰਦਰਸ਼ਨ ਤੇ ਰੋਸ ਮਾਰਚ ਕੀਤਾ।ਅਗਸਤ 15 ਤੋਂ ਸ਼ੁਰੂ ਕੀਤੇ ਬਸਪਾ ਦੇ ਇਸ ਅੰਦੋਲਨ ਦਾ 18ਵਾਂ ਰੋਸ ਮਾਰਚ ਸੀ, ਜੋਕਿ ਪੰਜਾਬ ਦੇ ਵੱਖ-ਵੱਖ ਜਿਲ੍ਹਾ ਹੈਡ ਕੁਆਰਟਰਾਂ ‘ਤੇ ਰਾਸ਼ਟਰਪਤੀ ਦੇ ਨਾਮ ਮੈਮੋਰੰਡਮ ਭੇਜੇ ਜਾ ਰਹੇ ਹਨ।ਬਸਪਾ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਅਜ਼ਾਦੀ ਦੇ 75 ਸਾਲਾਂ ਵਿੱਚ ਪੰਜਾਬ ਵਿੱਚ ਬਹੁਜਨ ਸਮਾਜ ਦੀ ਇੰਨੀ ਦੁਰਗਤੀ ਹੋ ਰਹੀ ਹੈ ਕਿ ਆਜ਼ਾਦੀ ‘ਚ ਵੀ ਉਹ ਗੁਲਾਮੀ ਭਰਿਆ ਜੀਵਨ ਬਤੀਤ ਕਰ ਰਹੇ ਹਨ।ਮਜ਼ਦੂਰਾਂ ਲਈ ਮਨਰੇਗਾ ਤਹਿਤ 100 ਦਿਨਾਂ ਕੰਮ ਵੀ ਪੂਰਾ ਨਹੀਂ ਮਿਲ ਰਿਹਾ ਨਾ ਹੀ ਸਰਕਾਰ ਵਲੋਂ ਨਿਯਤ ਕੀਤੀ ਦਿਹਾੜੀ।ਜਦੋਂਕਿ ਮਜ਼ਦੂਰ 800 ਰੁਪਏ ਦਿਹਾੜੀ ਮੰਗ ਰਹੇ ਹਨ।ਉਨਾਂ ਕਿਹਾ ਕਿ ਅਨੁਸੂਚਿਤ ਜਾਤੀਆਂ ਦੀ ਪੰਚਾਇਤੀ ਜਮੀਨ ਵਿੱਚ ਇਕ ਤਿਹਾਈ ਹਿੱਸਾ ਜ਼ਮੀਨ ਦਾ ਹੱਕ ਮਾਰਿਆ ਜਾ ਰਿਹਾ ਹੈ।ਅਨੁਸੂਚਿਤ ਜਾਤੀ ਲਈ ਲਾਅ ਅਫਸਰਾਂ ਦੀਆਂ 58 ਪੋਸਟਾਂ ਵਿੱਚ ਸਰਕਾਰ ਦੀ ਧੋਖਾਧੜੀ ਤੇ ਰਾਖਵਾਂਕਰਨ ਐਕਟ 2006 ਦੀ ਉਲੰਘਣਾ ਹੋ ਰਹੀ ਹੈ।ਦਲਿਤ ਵਰਗ ਦੇ ਮੁਲਾਜ਼ਮਾਂ ਲਈ 85ਵੀਂ ਸੰਵਿਧਾਨਿਕ ਸੋਧ ਤੇ 10/10/14 ਦਾ ਪੱਤਰ ਗੁਲਾਮੀ ਵੱਲ ਧੱਕ ਰਿਹਾ ਹੈ।ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤੇ ਰੋਕੀਆਂ ਡਿਗਰੀਆਂ ਦਾ ਮੁੱਦਾ, ਪੱਛੜੀਆਂ ਸ਼੍ਰੇਣੀਆਂ ਲਈ ਮੰਡਲ ਕਮਿਸ਼ਨ ਰਿਪੋਰਟ ਨੂੰ ਅਣਗੌਲਿਆ ਕਰਨਾ ਧੋਖਾਧੜੀ ਹੈ।
ਗੜ੍ਹੀ ਨੇ ਆਮ ਆਦਮੀ ਪਾਰਟੀ ਦੇ ਬਖੀਏ ਉਧੇੜਦਿਆਂ ਕਿਹਾ ਕਿ 7 ਰਾਜ ਸਭਾ ਮੈਂਬਰ ਦੀ ਚੋਣ ਵਿੱਚ ਇੱਕ ਵੀ ਅਨੁਸੂਚਿਤ ਜਾਤੀ ਦਾ ਨਹੀਂ ਚੁਣਿਆ।ਉਨਾਂ ਕਿਹਾ ਕਿ ਜਗਰਾਉਂ ਵਿਖੇ ਅਨੁਸੂਚਿਤ ਜਾਤੀਆਂ ਦੀ ਔਰਤ (ਆਮ ਆਦਮੀ ਪਾਰਟੀ ਦੀ ਜਿਲਾ ਜੁਆਇੰਟ ਸਕੱਤਰ) ਨੂੰ ਥਾਣੇ ਵਿਚ ਬੇਪੱਤ ਕਰਨਾ, ਮਾਲੇਰਕੋਟਲਾ ਦੇ ਅਬਦੁਲਪੁਰ ਪਿੰਡ ਚ ਮਜ਼੍ਹਬੀ ਸਿੱਖ ਭਾਈਚਾਰੇ ਦੇ ਗ੍ਰੰਥੀ ਸਿੰਘ ਨਾਲ ਜਿਆਦਤੀ ਦੀ ਵੀਡਿਓ ਦਾ ਵਾਇਰਲ ਹੋਣਾ ਦਲਿਤਾਂ ‘ਤੇ ਜੁਲਮਾਂ ਦੀ ਦਾਸਤਾਨ ਹੈ।
ਬਹੁਜਨ ਸਮਾਜ ਪਾਰਟੀ ਵਲੋਂ ਵਿਸ਼ਾਲ ਰੋਸ ਮਾਰਚ ਕੱੱਢਿਆ ਗਿਆ।ਦਾਣਾ ਮੰਡੀ ਦੇ ਮੁੱਖ ਬਾਜ਼ਾਰ ਤੋਂ ਹੁੰਦੇ ਹੋਏ ਡਿਪਟੀ ਕਮਿਸ਼ਨਰ ਦੇ ਦਫਤਰ ਪਹੁੰਚ ਕੇ ਪ੍ਰਸ਼ਾਸ਼ਨਿਕ ਅਧਿਕਾਰੀ ਸੰਦੀਪ ਸਿੰਘ ਨੂੰ ਰਾਸ਼ਟਰਪਤੀ ਦੇ ਨਾਮ ਮੈਮੋਰੰਡਮ ਦਿੱਤਾ ਗਿਆ।ਸਟੇਜ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਸੰਭਾਲੀ।
ਇਸ ਮੌਕੇ ਸੂਬਾ ਸਕੱਤਰ ਦਰਸ਼ਨ ਸਿੰਘ ਝਲੂਰ, ਸੂਬਾ ਸਕੱਤਰ ਗੁਰਮੀਤ ਸਿੰਘ ਚੋਬਦਾਰਾਂ, ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਕੈਂਥ, ਰਣਧੀਰ ਸਿੰਘ ਨਾਗਰਾ, ਨਿਰਮਲ ਸਿੰਘ ਮੱਟੂ, ਚੰਦ ਸਿੰਘ ਰਾਮਪੁਰਾ, ਕਸ਼ਮੀਰ ਸਿੰਘ ਲੌਂਗੋਵਾਲ, ਭੋਲਾ ਸਿੰਘ ਧਰਮਗੜ੍ਹ, ਬੰਤਾ ਸਿੰਘ ਕੈਂਪਰ, ਹੰਸ ਰਾਜ ਭਵਾਨੀਗੜ੍ਹ, ਅਜਾਇਬ ਸਿੰਘ ਦੁੱਗ, ਓਮ ਪ੍ਰਕਾਸ਼, ਹਰਬੰਸ ਸਿੰਘ ਲੌਂਗੋਵਾਲ, ਰਾਮਪਾਲ ਸਿੰਘ ਮਹਿਲਾ, ਪਵਿੱਤਰ ਸਿੰਘ, ਗੁਰਮੇਲ ਸਿੰਘ ਰੰਗੀਲਾ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …