ਡੇਂਗੂ ਤੋਂ ਬਚਣ ਲਈ ਸਕੂਲੀ ਬੱਚਿਆਂ ਨੂੰ ਕੀਤਾ ਜਾਵੇ ਜਾਗਰੂਕ
ਅੰਮ੍ਰਿਤਸਰ, 19 ਸਤੰਬਰ (ਸੁਖਬੀਰ ਸਿੰਘ) – ਜਿਲ੍ਹੇ ਵਿਚ ਡੇਂਗੂ ਨੂੰ ਫੈਲਣ ਤੋਂ ਰੋਕਣ ਅਤੇ ਇਸ ਦਾ ਕਾਰਨ ਬਣਦੇ ਮੱਛਰ ਨੂੰ ਖਤਮ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਡੇਂਗੂ ਟਾਸਕ ਫੋਰਸ ਦੀ ਮੀਟਿੰਗ ਹੋਈ।ਮੀਟਿੰਗ ਦੀ ਅਗਵਾਈ ਕਰਦੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡੇਗੂ ਤੋ ਬਚਣ ਲਈ ਹਰ ਸ਼ੁਕਰਵਾਰ ਡਰਾਈ ਡੇਅ ਵਜੋਂ ਮਨਾਇਆ ਜਾਵੇ ਅਤੇ ਜਿੰਨ੍ਹਾਂ ਸਥਾਨਾਂ ਤੇ ਡੇਂਗੂ ਦਾ ਲਾਰਵਾ ਮਿਲਦਾ ਹੈ ਦੇ ਚਲਾਨ ਕੀਤੇ ਜਾਣ।ਉੁਨ੍ਹਾਂ ਸਿਹਤ, ਨਗਰ ਨਿਗਮ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਵਾਰ ਡੇਂਗੂ ਦੇ ਡੰਗ ਨੂੰ ਫੈਲਣ ਤੋਂ ਹਰ ਹਾਲ ਵਿਚ ਰੋੋਕਿਆ ਜਾਵੇ ਅਤੇ ਪਿਛਲੇ ਸਾਲ ਪ੍ਰਭਾਵਿਤ ਹੋਏ ਇਲਾਕਿਆਂ ਵਿੱਚ ਦਵਾਈ ਦੀ ਸਪਰੇਅ ਦਾ ਵੱਧ ਜੋਰ ਦਿੱਤਾ ਜਾਵੇ।ਉਨ੍ਹਾਂ ਸਿੱਖਿਆ ਵਿਭਾਗ ਨੂੰ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਡੇਂਗੂ ਦੇ ਲੱਛਣ ਅਤੇ ਬਚਾਅ ਤੋਂ ਜਾਗਰੂਕ ਕਰਨ ਲਈ ਵੀ ਕਿਹਾ।
ਉਨਾਂ ਕਿਹਾ ਰਿਕਾਰਡ ਦੱਸਦਾ ਹੈ ਕਿ ਡੇਂਗੂ ਪਿੰਡਾਂ ਦੇ ਮੁਕਾਬਲੇ ਸ਼ਹਿਰ ਵਿੱਚ ਵੱਧ ਫੈਲਦਾ ਹੈ, ਇਸ ਲਈ ਨਗਰ ਨਿਗਮ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਾਣੀ ਖੜਾ ਨਾ ਹੋਣ ਦੇਵੇ ਅਤੇ ਜਿਥੇ ਪਾਣੀ ਖੜਦਾ ਹੈ, ਉਥੇ ਸਮੇਂ-ਸਮੇਂ ਦਵਾਈ ਦੀ ਸਪਰੇਅ ਕਰਵਾਵੇ।
ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਸਾਲ 2022 ਦੇ ਇਸ ਮਹੀਨੇ ਤੱਕ ਕੁੱਲ 780 ਸ਼ੱਕੀ ਕੇਸ ਪਾਏ ਗਏ ਹਨ।ਜਿਨ੍ਹਾਂ ਵਿਚੋਂ 15 ਕੇਸ ਪਾਜਟਿਸ ਪਾਏ ਗਏ ਹਨ।ਉਨਾਂ ਦੱਸਿਆ ਕਿ ਹੁਣ ਤੱਕ 1762 ਚਾਲਾਨ ਵੀ ਕੀਤੇ ਗਏ ਹਨ।ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਡੇਂਗੂ ਦਾ ਲਾਰਵਾ ਮਿਲਣ ਤੇ 500 ਰੁਪਏ ਦਾ ਚਾਲਾਨ ਵੀ ਕੀਤਾ ਜਾਂਦਾ ਹੈ।
ਡਾ. ਮਦਨ ਨੇ ਅਪੀਲ ਕੀਤੀ ਕਿ ਆਪਣੇ ਘਰ ਜਾਂ ਵਪਾਰਕ ਸੰਸਥਾਵਾਂ ’ਤੇ ਟੁੱਟੇ ਬਰਤਨ, ਗਮਲੇ, ਕੂਲਰ, ਖਰਾਬ ਟਾਇਰ, ਗਟਰ ਦੇ ਢੱਕਣ ਵਿਚ ਬਣੇ ਛੋਟੇ ਹੋਲ, ਪੰਛੀਆਂ ਲਈ ਰੱਖਿਆ ਪਾਣੀ ਨਾ ਖੜਾ ਨਾ ਰਹਿਣ ਦਈਏ ਤੇ ਕੂਲਰ ਆਦਿ ਦਾ ਪਾਣੀ ਵੀ ਹਰ 7 ਦਿਨਾਂ ਦੇ ਵਿਚ ਬਦਲੀਏ।
ਇਸ ਮੌਕੇ ਜ਼ਿਲਾ ਟੀਕਾਕਰਣ ਅਫਸਰ ਡਾ: ਕੰਵਲਜੀਤ ਸਿੰਘ, ਡਾ: ਰਾਘਵ ਗੁਪਤਾ, ਡਾ: ਮਦਨ ਮੋਹਨ, ਡਾ: ਇਸ਼ੀਤਾ, ਡਾ: ਸੁਮਿਤ, ਅਮਨਦੀਪ ਸਿੰਘ ਜਿਲ੍ਹਾ ਮੀਡੀਆ ਮਾਸ ਅਫ਼ਸਰ, ਰਾਜੇਸ਼ ਸ਼ਰਮਾ ਜਿਲਾ ਸਿੱਖਿਆ ਅਫ਼ਸਰ, ਸ: ਮਨਜਿੰਦਰ ਸਿੰਘ ਜਿਲ੍ਹਾ ਪ੍ਰੋਗਰਾਮ ਅਫ਼ਸਰ, ਰਾਜੀਵ ਦੇਵਗਨ ਪ੍ਰਿੰਸੀਪਲ ਮੈਡੀਕਲ ਕਾਲਜ, ਸਤੀਸ਼ ਕੁਮਾਰ ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਇਕਬਾਲ ਸਿੰਘ ਡੀ.ਐਸ.ਪੀ ਅਤੇ ਵੱਖ-ਵੱਖ ਬਲਾਕਾਂ ਦੇ ਸੀਨੀਅਰ ਮੈਂਡੀਕਲ ਅਫ਼ਸਰ, ਪੁਲਿਸ ਵਿਭਾਗ, ਸਿੱਖਿਆ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।