ਅਜੋਕਾ ਯੁੱਗ ਪ੍ਰੋਫ਼ੈਸ਼ਨਲ ਵਿੱਦਿਆ ਦਾ, ਨੌਜਵਾਨਾਂ ਨੂੰ ਭਵਿੱਖਵਾਦੀ ਸੋਚ ਰੱਖਣੀ ਜ਼ਰੂਰੀ – ਗੁਨਬੀਰ ਸਿੰਘ
ਮੋਹਾਲੀ, 5 ਫਰਵਰੀ (ਪੰਜਾਬ ਪੋਸਟ ਬਿਊਰੋ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਫ਼ਲਤਾਪੂਰਵਕ ਚੱਲ ਰਹੀ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ (ਅੰਮ੍ਰਿਤਸਰ) ਆਫ਼ ਟੈਕਨਾਲੋਜੀ ਐਂਡ ਬਿਜ਼ਨਸ ਮੈਨੇਜਮੈਂਟ ਵਿਖੇ ਅੱਜ ਪਲੇਠੀ ਦੀ ਸਾਲਾਨਾ ਕਨਵੋਕੇਸ਼ਨ ਦੌਰਾਨ ਕਰੀਬ 250 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।ਮੁੱਖ ਮਹਿਮਾਨ ਵਜੋਂ ਪੁੱਜੇ ਕੌਂਸਲ ਦੇ ਸੰਯੁਕਤ ਸਕੱਤਰ (ਫ਼ਾਈਨਾਂਸ) ਗੁਨਬੀਰ ਸਿੰਘ ਨੇ ਨੌਜਵਾਨਾਂ ਨੂੰ ਭਵਿੱਖਵਾਦੀ ਸੋਚ ਰੱਖਣ ਲਈ ਪ੍ਰੇਰਿਤ ਕਰਦੇ ਹੋਏ ਪ੍ਰੋਫੈਸ਼ਨਲ ਵਿੱਦਿਆ ਹਾਸਲ ਕਰਨ ’ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਦੁਨੀਆ ’ਚ ਬਦਲਾਅ ਦੀ ਪ੍ਰਕਿਰਿਆ ਤੇਜ਼ੀ ਗਤੀ ਨਾਲ ਹੋ ਰਹੀ ਹੈ, ਜਿਸ ਦੇ ਲਈ ਤਿਆਰ ਰਹਿਣਾ ਨੌਜਵਾਨ ਵਰਗ ਨੂੰ ਲਾਜ਼ਮੀ ਬਣ ਗਿਆ ਹੈ।ਵਿੱਦਿਆ ਦੇ ਸਿਲੇਬਸਾਂ ਨੂੰ ਉਦਯੋਗਿਕ ਲੋੜਾਂ ਅਤੇ ਮੌਜ਼ੂਦਾ ਨੌਕਰੀ ਬਜ਼ਾਰ ਦੇ ਨਾਲ ਤਾਲਮੇਲ ਬਣਾਉਣ ਦੀ ਜ਼ਰੂਰਤ ਹੈ।ਉਨ੍ਹਾਂ ਨੇ ‘ਮੈਟਾਵਰਸ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੁਨੀਆਂ ਕ੍ਰਾਂਤੀਕਾਰੀ ਬਦਲਾਵਾਂ ਲਈ ਅਗਰਸਰ ਹੈ ਕਿਉਂਕਿ ਨਵੇਂ ਉਦਯੋਗਾਂ ਲਈ ਨਵੇਂ ਮਨੁੱਖੀ ਸਰੋਤਾਂ ਦੀ ਲੋੜ ਹੈ।ਉਨ੍ਹਾਂ ਨੌਜਵਾਨਾਂ ਨੂੰ ਅਜੋਕੇ ਕੁਆਂਟਮ ਤਕਨਾਲੋਜੀ ਦੇ ਯੁੱਗ ’ਚ ਖ਼ੁਦ ਨੂੰ ਤਿਆਰ ਕਰਨ ਲਈ ਵੀ ਉਤਸ਼ਾਹਿਤ ਕੀਤਾ।
ਆਪਣੇ ਪ੍ਰੇਰਨਾਦਾਇਕ ਕਾਨਵੋਕੇਸ਼ਨਲ ਭਾਸ਼ਣ ’ਚ ਗੁਨਬੀਰ ਸਿੰਘ ਨੇ ਕਿਹਾ ਕਿ ਚੰਗੀ ਗੁਣਵੱਤਾ ਵਾਲੇ ਅਧਿਆਪਕ ਉਤਪਨ ਕਰਨ ਲਈ ਲੰਬੀ ਪ੍ਰਕਿਰਿਆ ਅਪਨਾਉਣੀ ਪੈਂਦੀ ਹੈ, ਜਿਸ ’ਚ ਨਵੀਨਤਮ ਤਕਨਾਲੋਜੀ, ਕਿੱਤਾਮੁੱਖੀ ਸਿੱਖਿਆ ਅਤੇ ਨਵੇਂਂ ਹੁਨਰਾਂ ਨੂੰ ਅਪਣਾ ਕੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਕਰਨ ਦੀ ਲੋੜ ਹੈ।ਉਨ੍ਹਾਂ ਨੇ ਇਤਿਹਾਸਕ ਗਵਰਨਿੰਗ ਕੌਂਸਲ ਦੇ 1892 ਤੋਂ ਲੈ ਕੇ ਹੁਣ ਤੱਕ ਦੇ ਸ਼ਾਨਦਾਰ ਇਤਿਹਾਸ ਦੇ ਸਫ਼ਰ ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਹੁਣ 19 ਵਿੱਦਿਅਕ ਸੰਸਥਾਵਾਂ ਨੂੰ ਚਲਾ ਰਹੀ ਹੈ ਅਤੇ ਭਵਿੱਖ ’ਚ ਖ਼ਾਲਸਾ ਮੈਡੀਕਲ ਕਾਲਜ ਸਮੇਤ ਕਈ ਵੱਡੇ ਪ੍ਰੋਜੈਕਟਾਂ ਉਲੀਕ ਰਹੀ ਹੈ।
ਉਨ੍ਹਾਂ ਨੇ ਅਮਰੀਕੀ ਲੇਖਕ ਅਤੇ ਭਵਿੱਖਵਾਦੀ ਚਿੰਤਕ ਐਲਵਿਨ ਟੌਫਲਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਅੱਜ ਤਬਦੀਲੀ ਬਹੁਤ ਤੇਜ਼ ਹੈ ਅਤੇ ਸਮਾਜ ’ਚ ਗਿਆਨ ਦੀ ਪ੍ਰਕਿਰਿਆ ਵੀ ਤੇਜ਼ੀ ਨਾਲ ਬਦਲ ਰਹੀ ਹੈ।ਜਿਸ ਨਾਲ ਸਮਾਜਿਕ-ਰਾਜਨੀਤਿਕ ਅਤੇ ਆਰਥਿਕ ਤਬਦੀਲੀਆਂ ਆਉਣੀਆਂ ਲਾਜ਼ਮੀ ਹਨ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੂਚਨਾ ਅਤੇ ਸੰਚਾਰ ਤਕਨਾਲੋਜੀ ਦੇ ਇਸ ਦੌਰ ’ਚ ਨਿਰੰਤਰ ਵਿਕਾਸ ਨਾਲ ਤਾਲਮੇਲ ਬਣਾ ਕੇ ਰੱਖਣ ਦੀ ’ਤੇ ਵੀ ਜ਼ੋਰ ਦਿੱਤਾ।
ਡਿਗਰੀਆਂ ਪ੍ਰਾਪਤ ਕਰਨ ਵਾਲੇ ਗਰੈਜੂਏਟ ਅਤੇ ਪੋਸਟ-ਗਰੈਜੂਏਟ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਅੰਤਰਰਾਸ਼ਟਰੀ ਮਾਪਦੰਡਾਂ ’ਤੇ ਖਰਾ ਉਤਰਦੀ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੀ ਲੋੜ ਹੈ ਤਾਂ ਜੋ ਸਾਡੇ ਨੌਜਵਾਨ ਵਿਦੇਸ਼ ਜਾਣ ਦੀ ਚੋਣ ਨਾ ਕਰ ਸਕਣ।
ਇਸ ਤੋਂ ਪਹਿਲਾਂ ਪ੍ਰਿੰ: ਡਾ. ਹਰੀਸ਼ ਕੁਮਾਰੀ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹਦਿਆਂ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਸਮੇਤ ਵੱਖ-ਵੱਖ ਖੇਤਰਾਂ ’ਚ ਫੈਕਲਟੀ ਅਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਕੌਂਸਲ ਦੇ ਮੈਂਬਰ ਸਵਰਨ ਸਿੰਘ, ਜੇ.ਐਸ ਗਿੱਲ, ਸੇਵਾਮੁਕਤ ਡੀ.ਐਫ ਓ ਤੇਜਿੰਦਰ ਸਿੰਘ, ਡੀਨ ਬਲਵੀਰ ਕੌਰ, ਅੰਡਰ ਸੈਕਟਰੀ ਡੀ.ਐਸ ਰਟੌਲ ਅਤੇ ਸੀਨੀਅਰ ਫੈਕਲਟੀ ਹਾਜ਼ਰ ਸਨ।