ਅੰਮ੍ਰਿਤਸਰ, 7 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਨੇ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਗੁੰਡਾਗਰਦੀ ਨੂੰ ਸਖ਼ਤੀ ਨਾਲ ਨੱਥ ਪਾਉਣ ਦੀ ਮੰਗ
ਕੀਤੀ ਹੈ।ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰਧਾਨ ਹਰਦੀਪ ਸਿੰਘ ਚਾਹਲ ਤੇ ਜਨਰਲ ਸਕੱਤਰ ਰਾਜਵਿੰਦਰ ਸਿੰਘ ਗਿੱਲ ਨੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਮੋਟਰਸਾਈਕਲ ਸਵਾਰਾਂ ਵਲੋਂ ਲੁੱਟਾਂ ਖੋਹਾਂ ਕਰਨਾ ਆਮ ਗੱਲ ਹੋ ਗਈ ਹੈ।
ਏਥੇ ਹੀ ਬੱਸ ਨਹੀਂ ਬਹੁਤੇ ਮੋਟਰਸਾਈਕਲਾਂ ਵਾਲਿਆਂ ਨੇ ਦਹਿਸ਼ਤ ਪੈਦਾ ਕੀਤੀ ਹੋਈ ਹੈ।ਤਿੰਨ-ਤਿੰਨ, ਚਾਰ-ਚਾਰ ਮੁੰਡੇ ਸੜਕਾਂ ‘ਤੇ ਵੱਖ-ਵੱਖ ਆਬਾਦੀਆਂ ਵਿੱਚ ਪਟਾਕੇ ਪਾਉਂਦੇ ਤੇ ਕੱਟੇ ਹੋਏ ਸਲੰਸਰਾਂ ਨਾਲ ਤੇਜ਼ ਰਫਤਾਰ ਨਾਲ ਹਰਲ ਹਰਲ ਕਰਦੇ ਆਮ ਵੇਖੇ ਜਾ ਸਕਦੇ ਹਨ।ਸ਼ਹਿਰ ਦੀਆਂ ਬਾਹਰਲੀਆਂ ਆਬਾਦੀਆਂ ਜਿਵੇਂ ਅਜੀਤ ਨਗਰ, ਈਸਟ ਮੋਹਨ ਨਗਰ, ਕੋਟ ਬਾਬਾ ਦੀਪ ਸਿੰਘ ਆਦਿ ‘ਚ ਅੱਧੀ-ਅੱਧੀ ਰਾਤ ਤੀਕ ਮੋਟਰਸਾਈਕਲਾਂ ਵਾਲੇ ਪਟਾਕੇ ਪਾਉਂਦੇ ਹਨ।ਇਨ੍ਹਾਂ ਨੇ ਲੋਕਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ, ਲੇਕਿਨ ਟ੍ਰੈਫਿਕ ਪੁਲੀਸ ਬਣਦੀ ਕਾਰਵਾਈ ਨਹੀਂ ਕਰ ਰਹੀ।
ਮੰਚ ਆਗੂਆਂ ਨੇ ਸੂਦਨ ਨੂੰ ਬੇਨਤੀ ਹੈ ਕਿ ਉਹ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਨੂੰ ਹਦਾਇਤ ਕਰਨ ਦੀ ਖੇਚਲ ਕਰਨ ਕਿ ਉਹ ਕਾਨੂੰਨ ਦੀਆਂ ਧੱਜੀਆਂ ਉਡਾਣ ਵਾਲਿਆਂ ਵਿਰੁੱਧ ਬਣਦੀ ਸਖ਼ਤ ਕਾਰਵਾਈ ਕਰਨ।