Tuesday, June 16, 2026

ਰਾਜਪਾਲ ਵੱਲੋਂ ਪੰਜਾਬ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਦੇ ਕੰਮ ਦੀ ਸ਼ਲਾਘਾ

ਨਸ਼ੇ ਦੇ ਖਾਤਮੇ ਲਈ ਸਰਹੱਦੀ ਪੱਟੀ ਵਿੱਚ ‘ਵਿਲੇਜ਼ ਡਿਫੈਂਸ ਕਮੇਟੀ’ ਬਨਾਉਣ ਦਾ ਕੀਤਾ ਐਲਾਨ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਰਾਜਪਾਲ ਪੰਜਾਬ ਬਨਵਾਰੀ ਲਾਲ ਪਰੋਹਿਤ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਸ਼ੇ ਅਤੇ ਤਸਕਰਾਂ ਦੇ ਖਾਤਮੇ ਲਈ ਪੰਜਾਬ ਸਰਕਾਰ, ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇੰਨਾਂ ਦੀ ਬਦੌਲਤ ਸਰਹੱਦ ਪਾਰੋਂ ਹੁੰਦੀ ਨਸ਼ਾ ਤਸਕਰੀ ਦਾ ਲੱਕ ਟੁੱਟ ਗਿਆ ਹੈ ਅਤੇ ਆਸ ਹੈ ਕਿ ਨਿਕਟ ਭਵਿੱਖ ਵਿੱਚ ਅਸੀਂ ਇਸ ਉਤੇ ਪੂਰੀ ਤਰਾਂ ਰੋਕ ਲਗਾ ਦਿਆਂਗੇ।ਉਨਾਂ ਕਿਹਾ ਕਿ ਉਕਤ ਸਾਰੇ ਵਿਭਾਗਾਂ ਤੇ ਏਜੰਸੀਆਂ ਦੀ ਬਦੌਲਤ ਗੁਆਂਢੀ ਦੇਸ਼ ਵੱਲੋਂ ਨਸ਼ੇ ਤੇ ਹਥਿਆਰਾਂ ਦੇ ਭੇਜੇ ਜਾ ਰਹੇ ਡਰੋਨਾਂ ਨੂੰ ਸੁਟਿਆ ਜਾ ਰਿਹਾ ਹੈ, ਜੋ ਕਿ ਸਾਡੀ ਵੱਡੀ ਕਾਮਯਾਬੀ ਹੈ।
ਉਨਾਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ 6 ਸਰਹੱਦੀ ਜਿਲਿਆਂ ਵਿੱਚ ਭਾਰਤ-ਪਾਕਿ ਸਰਹੱਦ ਦੇ 10 ਕਿਲੋਮੀਟਰ ਘੇਰੇ ਦੇ ਪਿੰਡਾਂ ਵਿੱਚ ‘ਵਿਲੇਜ ਡਿਫੈਂਸ ਕਮੇਟੀਆਂ’ ਬਨਾਉਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਕਤ ਕਮੇਟੀਆਂ ਵਿਚੋਂ ਜਿਹੜੀ ਕਮੇਟੀ ਆਪਣੇ ਪਿੰਡ ਜਾਂ ਇਲਾਕੇ ਵਿਚੋਂ ਨਸ਼ੇ ਨੂੰ ਖਤਮ ਕਰਨ ਲਈ ਸਭ ਤੋਂ ਵੱਧ ਸਰਗਰਮੀ ਨਾਲ ਕੰਮ ਕਰੇਗੀ ਨੂੰ ਆ ਰਹੀ 26 ਜਨਵਰੀ ਦੇ ਰਾਜ ਪੱਧਰੀ ਸਮਾਗਮ ਵਿੱਚ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ ਜਾਵੇਗਾ।ਇਸ ਤਰਾਂ ਹਰੇਕ ਜਿਲ੍ਹੇ ਵਿਚੋਂ ਪਹਿਲੇ ਨੰਬਰ ‘ਤੇ ਆਉਣ ਵਾਲੇ ਨੂੰ ਤਿੰਨ ਲੱਖ, ਦੂਜੇ ਨੰਬਰ ’ਤੇ 2 ਲੱਖ ਅਤੇ ਤੀਜੇ ਨੰਬਰ ਤੇ ਆਉਣ ਵਾਲੇ 1 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।
ਇਸ ਦੌਰਾਨ ਉਨਾਂ ਨੇ ਡੀ.ਆਈ.ਜੀ ਬਾਰਡਰ ਰੇਂਜ ਨਰਿੰਦਰ ਭਾਰਗਵ ਵੱਲੋਂ ਬੀਤੇ ਦਿਨ ਪਠਾਨਕੋਟ ਦੀ ਸਰਹੱਦੀ ਪੱਟੀ ਵਿੱਚ ਡਰੋਨ ਰਾਹੀਂ ਹੁੰਦੀ ਤਸਕਰੀ ਰੋਕਣ ਲਈ ਸ਼ੁਰੂ ਕੀਤੇ ਗਏ ‘ਡਰੋਨ ਐਮਰਜੈਂਸੀ ਰਿਸਪਾਂਸ ਸਿਸਟਮ’ ਦੀ ਸਰਾਹਨਾ ਕਰਦੇ ਇਸ ਸਿਸਟਮ ਨੂੰ ਸਮੁੱਚੀ ਸਰਹੱਦੀ ਪੱਟੀ ਵਿਚ ਲਾਗੂ ਕਰਨ ਦੀ ਹਦਾਇਤ ਕੀਤੀ।ਉਨਾਂ ਦੱਸਿਆ ਕਿ ਇਸ ਫਾਰਮੁੱਲੇ ਤਹਿਤ ਪੁਲਿਸ ਵੱਲੋਂ ਸਰਹੱਦੀ ਪੱਟੀ ਦੇ ਪਿੰਡ ਵਿੱਚ ਤਾਇਨਾਤ ਕੀਤਾ ‘ਵਿਲੇਜ਼ ਪੁਲਿਸ ਅਫਸਰ’ ਅਤੇ ਵਿਲੇਜ਼ ਡਿਫੈਂਸ ਕਮੇਟੀ ਦੇ 2 ਮੈਂਬਰ ਸਾਰੀ ਰਾਤ ਪਹਿਰੇ ‘ਤੇ ਰਹਿਣਗੇ ਅਤੇ ਜਦੋਂ ਵੀ ਡਰੋਨ ਦੀ ਹਰਕਤ ਨਜ਼ਰ ਆਈ ਤਾਂ ਉਹ ਸਾਰੇ ਕਮੇਟੀ ਮੈਂਬਰਾਂ ਨੂੰ ਉਠਾ ਕੇ ਡਰੋਨ ਹੇਠਲੇ ਖੇਤਰ ਦੀ ਨਿਗਰਾਨੀ ਕਰਦੇ ਹੋਏ ਨੇੜਲੇ ਪੁਲਿਸ ਥਾਣੇ ਅਤੇ ਕੰਟਰੋਲ ਰੂਮ ਨੂੰ ਸੂਚਿਤ ਕਰਨਗੇ।ਇਸ ਤਰਾਂ ਡਰੋਨ ਤੋਂ ਸੁੱਟੀ ਗਈ ਖੇਪ ਵੀ ਬਰਾਮਦ ਕੀਤੀ ਜਾ ਸਕੇਗੀ ਅਤੇ ਉਸ ਨੂੰ ਲੈਣ ਆਇਆ ਤਸਕਰ ਵੀ ਪੁਲਿਸ ਦੇ ਅੜਿਕੇ ਆ ਜਾਵੇਗਾ।ਉੁਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਹੱਦੀ ਖੇਤਰਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਵੀ ਲਗਾਏ ਜਾਣਗੇ।
ਰਾਜਪਾਲ ਪੰਜਾਬ ਨੇ ਕਿਹਾ ਕਿ ਉਨ੍ਹਾਂ ਦੀ ਫੇਰੀ ਦਾ ਮੁੱਖ ਮਕਸਦ ਰਾਜ ਅਤੇ ਕੇਂਦਰੀ ਏਜੰਸੀਆਂ ਨਾਲ ਮੀਟਿੰਗ ਕਰਕੇ ਫੀਡ ਬੈਕ ਲੈਣਾ ਹੈ ਅਤੇ ਇਨ੍ਹਾਂ ਵਿੱਚ ਆਪਸੀ ਤਾਲਮੇਲ ਨੂੰ ਵਧੀਆ ਬਣਾਉਣਾ ਹੈ, ਜੋ ਕਿ ਸਰਹੱਦ ਪਾਰ ਤੋਂ ਹੁੰਦੀ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਿਆ ਜਾ ਸਕੇ।ਉਨਾਂ ਪੰਜਾਬ ਦੇ ਬਹਾਦਰ ਜਵਾਨਾਂ ਤੇ ਮਿਹਨਤੀ ਕਿਸਾਨਾਂ ਦੀ ਸਿਫਤ ਕਰਦੇ ਕਿਹਾ ਕਿ ਤੁਹਾਡੀ ਬਦੌਲਤ ਦੇਸ਼ ਦੇ ਅੰਨ ਭੰਡਾਰ ਭਰੇ ਹਨ ਅਤੇ ਹੁਣ ਤੁਹਾਡੀ ਮਦਦ ਰਾਜ ਨੂੰ ਨਸ਼ਾ ਮੁੱਕਤ ਕਰਨ ਲਈ ਚਾਹੀਦੀ ਹੈ।
ਰਾਜਪਾਲ ਨੇ ਦੱਸਿਆ ਕਿ ਸਰਕਾਰ ਵੱਲੋਂ ਬਾਰਡਰ ਤੇ ਨਵੀਂ ਤਕਨੀਕ ਸਥਾਪਤ ਕੀਤੀ ਜਾਵੇਗੀ, ਜਿਸ ਨਾਲ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨਾਂ ਰਾਹੀਂ ਹੋ ਗਤੀਵਿਧੀਆਂ ‘ਤੇ ਰੋਕ ਲੱਗੇਗੀ।ਉਨ੍ਹਾਂ ਕਿਹਾ ਕਿ ਸਾਡਾ ਗੁਆਂਢੀ ਮੁਲਕ ਸਿੱਧੇ ਤੌਰ ਤੇ ਸਾਡੇ ਨਾਲ ਯੁੱਧ ਤਾਂ ਨਹੀਂ ਕਰ ਸਕਦਾ ਪਰ ਉਹ ਸਾਡੇ ਨੌਜਵਾਨਾਂ ਨੂੰ ਹਥਿਆਰ ਤੇ ਨਸ਼ਾ ਦੇ ਕੇ ਵਰਗਲਾ ਰਿਹਾ ਹੈ ਅਤੇ ਛੁੱਪ ਕੇ ਯੁੱਧ ਲੜਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਨੂੰ ਠੱਲ ਪਾਉਣ ਲਈ ਸਾਨੂੰ ਇਕਜੁੱਟ ਹੋ ਕੇ ਹੰਭਲਾ ਮਾਰਣਾ ਪੈਣਾ ਹੈ।
ਬੀਤੇ ਕੱਲ ਸਰਹੱਦੀ ਖੇਤਰ ਦੇ ਮੋਹਤਬਰਾਂ ਦੀ ਮੀਟਿੰਗ ਦੌਰਾਨ ਖੇਮਕਰਨ ਇਲਾਕੇ ਦੇ ਇਕ ਸਰਪੰਚ ਵੱਲੋਂ ਉਠਾਏ ਗਏ ਮੁੱਦੇ ‘ਤੇ ਤਰੁੰਤ ਗੌਰ ਕਰਦੇ ਰਾਜਪਾਲ ਪੰਜਾਬ ਨੇ ਸਰਹੱਦੀ ਪੱਟੀ ਦੇ ਨੌਜਵਾਨਾਂ ਦੀ ਵਿਗਿਆਨਕ ਢੰਗ ਨਾਲ ਸਿਖਿਆ ਨੂੰ ਵਧਾਉਣ ਲਈ ਸਰਹੱਦੀ ਖੇਤਰਾਂ ਵਿੱਚ ਇੱਕ ਮੋਬਾਇਲ ਸਾਇੰਸ ਲੈਬ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਤਾਂ ਜੋ ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਸਾਇੰਸ ਦੇ ਖੇਤਰ ਵਿੱਚ ਮਜ਼ਬੂਤ ਬਣਾਇਆ ਜਾ ਸਕੇ।ਉਨ੍ਹਾਂ ਦੱਸਿਆ ਕਿ ਇਸ ਨਾਲ ਨੌਜਵਾਨਾਂ ਦੇ ਵਿਗਿਆਨਕ ਗਿਆਨ ਵਿੱਚ ਵਾਧਾ ਹੋਵੇਗਾ।
ਇਸ ਮੌਕੇ ਮੁੱਖ ਸਕੱਤਰ ਪੰਜਾਬ ਵਿਜੈ ਕੁਮਾਰ ਜੰਜੂਆਂ, ਡੀ:ਜੀ:ਪੀ ਪੰਜਾਬ ਗੌਰਵ ਯਾਦਵ, ਪ੍ਰਭਾਰੀ ਸਕੱਤਰ ਰਮੇਸ਼ ਕੁਮਾਰ ਗੈਂਟਾ, ਪੁਲਿਸ ਕਮਿਸ਼ਨਰ ਨੋਨਿਹਾਲ ਸਿੰਘ, ਡੀ.ਆਈ.ਜੀ ਬਾਰਡਰ ਰੇਂਜ ਨਰਿੰਦਰ ਭਾਰਗਵ, ਡਿਪਟੀ ਕਮਿਸ਼ਨਰ ਅਮਿਤ ਤਲਵਾੜ, ਡਿਪਟੀ ਕਮਿਸ਼ਨਰ ਤਰਨਤਾਰਨ ਸੰਦੀਪ ਰਿਸ਼ੀ, ਵਾਇਸ ਚਾਂਸਲਰ ਜਸਪਾਲ ਸਿੰਘ ਸੰਧੂ, ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਤੋਂ ਇਲਾਵਾ ਹੋਰ ਉਚ ਅਧਿਕਾਰੀ ਹਾਜ਼ਰ ਸਨ।

Check Also

ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …