ਬੀ.ਐਸ.ਐਫ ਅਤੇ ਕਿਸਾਨਾਂ ਨੂੰ ਮਿਲ ਕੇ ਸੁਣੀਆਂ ਮੁਸ਼ਿਕਲਾਂ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਸਿਵਲ, ਪੁਲਿਸ ਅਤੇ ਬੀ.ਐਸ.ਐਫ ਦੇ ਅਧਿਕਾਰੀਆਂ ਨਾਲ ਅਜਨਾਲਾ ਦੀ
ਸਰਹੱਦੀ ਪੱਟੀ ਦਾ ਦੌਰਾ ਕਰਕੇ ਜਿਥੇ ਵੱਖ-ਵੱਖ ਵਿਭਾਗਾਂ ਵਲੋਂ ਕੀਤੇ ਜਾ ਰਹੇ ਕੰਮਾਂ ਦਾ ਨਿਰੀਖਣ ਕੀਤਾ, ਉਥੇ ਕਿਸਾਨਾਂ ਤੇ ਬੀ.ਐਸ.ਐਫ ਦੀਆਂ ਲੋੜਾਂ ਦਾ ਹੱਲ ਲੱਭਣ ਲਈ ਵਿਚਾਰ-ਚਰਚਾ ਕੀਤੀ। ਐਸ ਡੀ ਐਮ ਅਜਨਾਲਾ ਸ੍ਰੀ ਅਰਵਿੰਦਰਪਾਲ ਸਿੰਘ, ਡੀ.ਐਸਪੀ ਸੰਜੀਵ ਕੁਮਾਰ, ਜਿਲ੍ਹਾ ਮਾਲ ਅਧਿਕਾਰੀ ਸ੍ਰੀ ਕਿਸ਼ਨ ਕੁਮਾਰ, ਐਕਸੀਅਨ ਡਰੇਨਜ਼ ਸ੍ਰੀ ਗੁਰਬੀਰ ਸਿੰਘ, ਐਸ.ਡੀ.ਓ ਰਮਨਦੀਪ ਸਿੰਘ, ਬੀ.ਐਸ.ਐਫ 73 ਬਟਾਲੀਅਨ ਦੇ ਅਧਿਕਾਰੀਆਂ ਤੋਂ ਇਲਾਵਾ ਸਿਵਲ ਤੇ ਪੁਲਿਸ ਦੇ ਹੋਰ ਅਧਿਕਾਰੀ ਵੀ ਇਸ ਦੌਰੇ ਮੌਕੇ ਨਾਲ ਰਹੇ।ਤਲਵਾੜ ਵਲੋਂ ਸਹਾਰਨ, ਸਿੰਘੋਕੇ, ਪੰਜਗਰਾਈਂ, ਕੋਟ ਰਜ਼ਾਦਾ, ਸ਼ਾਹਪੁਰ, ਬੀ.ਓ.ਪੀ ਚੰਡੀਗੜ੍ਹ ਆਦਿ ਦਾ ਦੌਰਾ ਕੀਤਾ ਗਿਆ।
ਉਨਾਂ ਭਾਰਤ-ਪਾਕਿਸਤਾਨ ਸਰਹੱਦ ਦੀ ਰਾਖੀ ਕਰਦੇ ਬੀ.ਐਸ.ਐਫ ਅਧਿਕਾਰੀਆਂ ਵਲੋਂ ਬਾਰਡਰ ਚੈਕ ਪੋਸਟਾਂ, ਦਰਿਆ ਦੀ ਲੱਗ ਰਹੀ ਢਾਹ ਕਾਰਨ ਕੰਡਿਆਲੀ ਤਾਰ ਨੂੰ ਹੋ ਰਹੇ ਨੁਕਸਾਨ, ਬੈਰਕਾਂ ਦੀ ਮੰਗ ਆਦਿ ਦਾ ਮੌਕਾ ਵੇਖਿਆ ਤੇ ਇਸ ਸਬੰਧੀ ਸਰਕਾਰ ਵਲੋਂ ਕੀਤੇ ਜਾ ਸਕਣ ਵਾਲੇ ਪ੍ਰਬੰਧਾਂ ਦੀ ਰਣਨੀਤੀ ਉਲੀਕੀ। ਕੰਡਿਆਲੀ ਪਾਰ ਜ਼ਮੀਨ ਉਤੇ ਖੇਤੀ ਕਰਨ ਵਾਲੇ ਕਿਸਾਨਾਂ ਵਲੋਂ ਸਿੰਚਾਈ ਲਈ ਦਿਨ ਦੇ ਸਮੇਂ ਭਾਵ 9 ਤੋਂ 5, ਜਦੋਂ ਤੱਕ ਉਹ ਇੰਨਾ ਖੇਤਾਂ ਵਿਚ ਜਾ ਕੇ ਕੰਮ ਕਰਦੇ ਹਨ, ਦੌਰਾਨ ਬਿਜਲੀ ਸਪਲਾਈ ਦੀ ਮੰਗ ਕੀਤੀ ਗਈ, ਜਿਸ ਬਾਰੇ ਉਨਾਂ ਪੀ.ਐਸ.ਪੀ.ਸੀ.ਐਲ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਹ ਮੰਗ ਪੂਰੀ ਕਰਨ ਦਾ ਭਰੋਸਾ ਦਿੱਤਾ।
ਉਨਾਂ ਕੁੱਝ ਇਕ ਥਾਵਾਂ ‘ਤੇ ਹੜਾਂ ਦੇ ਸੰਭਾਵੀ ਸੀਜ਼ਨ ਨੂੰ ਧਿਆਨ ਵਿਚ ਰੱਖ ਕੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਨਿਰੀਖਣ ਕੀਤਾ ਅਤੇ ਦਰਿਆ ਮੂਸਾ ਨੇੜੇ ਰਾਵੀ ਦਰਿਆ ਵਲੋਂ ਖੇਤਾਂ ਨੂੰ ਲਗਾਈ ਜਾ ਰਹੀ ਢਾਹ, ਜਿਸ ਕਾਰਨ ਖੇਤਾਂ ਨੂੰ ਖੋਰਾ ਲੱਗਣ ਦੇ ਨਾਲ-ਨਾਲ ਕਈ ਥਾਵਾਂ ਉਤੇ ਸਰਹੱਦ ਨਾਲ ਲਗਾਈ ਕੰਡਿਆਲੀ ਤਾਰ ਵੀ ਵਹਿ ਗਈ ਹੈ, ਨੂੰ ਵੇਖਿਆ ਤੇ ਇਸ ਨੂੰ ਰੋਕਣ ਲਈ ਡਰੇਨਜ਼ ਵਿਭਾਗ ਨੂੰ ਠੋਸ ਯੋਜਨਾ ਉਲੀਕਣ ਦੀ ਹਦਾਇਤ ਕੀਤੀ।
ਪੰਜਗਰਾਈ ਪਿੰਡ ਵਿਖੇ ਡਿਪਟੀ ਕਮਿਸ਼ਨਰ ਤਲਵਾੜ ਨੇ ਸਿੰਘੋਕੇ, ਸ਼ਹਿਜਾਦਾ ਤੇ ਪੰਜ ਗਰਾਈ ਦੀਆਂ ਵਿਲੇਜ਼ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਅਤੇ ਉਨਾਂ ਨਾਲ ਸਰਹੱਦ ਪਾਰ ਤੋਂ ਹੁੰਦੀ ਤਸਕਰੀ ਰੋਕਣ ਲਈ ਵਿਸਥਾਰਤ ਗੱਲਬਾਤ ਕਰਦੇ ਭਰੋਸਾ ਦਿੱਤਾ ਕਿ ਤੁਸੀਂ ਸਾਡਾ ਸਾਥ ਦਿਉ ਅਸੀਂ ਤੁਹਾਡੇ ਨਾਲ ਹਾਂ।
Punjab Post Daily Online Newspaper & Print Media